ਬਹੁ-ਤਕਨੀਕੀ ਕਾਲਜਾਂ ਦਾ ਦੋ ਰੋਜ਼ਾ ਸੂਬਾ ਪੱਧਰੀ ਯੁਵਕ ਮੇਲਾ ਚੰਡੀਗੜ੍ਹ ਪੌਲੀਟੈਕਨਿਕ ਕਾਲਜ ਘੜੂੰਆਂ ‘ਚ ਸ਼ੁਰੂ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਵੱਲੋਂ ਕੀਤਾ ਗਿਆ ਉਦਘਾਟਨ

ਪੰਜਾਬ ਭਰ ਦੇ 36 ਬਹੁ-ਤਕਨੀਕੀ ਕਾਲਜਾਂ ਦੇ ਵਿਦਿਆਰਥੀ ਸੱਭਿਆਚਾਰਕ ਵਿਰਸੇ ਦੀਆਂ ਯਾਦਾਂ ਨੂੰ ਲਾਉਣਗੇ ਚਾਰ ਚੰਨ੍ਹ

ਖਰੜ, 14 ਅਕਤੂਬਰ : ਸਾਡੇ ਹੁਨਰਮੰਦ ਨੌਜਵਾਨ ਹੀ ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਕਿਉਂਕਿ ਇਨ੍ਹਾਂ ਦੀ ਬਦੌਲਤ ਹੀ ਅੱਜ ਭਾਰਤ ਆਰਥਿਕ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਭਾਰਤ ਕੋਲ ਅੱਜ ਦੁਨੀਆਂ ‘ਚ ਸਭ ਤੋਂ ਵੱਧ ਹੁਨਰਮੰਦ ਨੌਜਵਾਨ ਹਨ। ਇਨ੍ਹਾਂ ਨੌਜਵਾਨਾਂ ਦੇ ਹੁਨਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਉਨ੍ਹਾਂ ਨੂੰ ਦੇਸ਼ ਦੀ ਵਿਕਾਸ ਪ੍ਰਕਿਰਿਆ ‘ਚ ਪ੍ਰਮੁੱਖ ਤੌਰ ‘ਤੇ ਭਾਗੀਦਾਰ ਬਨਾਉਣ ਲਈ ਹੀ ਕੇਂਦਰ ਸਰਕਾਰ ਵੱਲੋਂ ‘ਮੇਕ ਇਨ ਇੰਡੀਆ’ ਅਤੇ ‘ਸਕਿੱਲ ਇੰਡੀਆ’ ਜਿਹੀਆਂ ਦੇਸ਼ ਵਿਆਪੀ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਚਾਰ ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਚੰਡੀਗੜ੍ਹ ਪੌਲੀਟੈਕਨਿਕ ਕਾਲਜ ਘੜੂੰਆਂ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸੂਬਾ ਪੱਧਰੀ ਯੁਵਕ ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਹਾਲ ਹੀ ਵਿੱਚ ਦੇਸ਼ ਦੇ ਨੌਜਵਾਨ ਕਮਾਂਡੋਜ਼ ਵੱਲੋਂ ਕੰਟਰੋਲ ਰੇਖਾ ਦੇ ਪਾਰ ਕੀਤੇ ਸਰਜੀਕਲ ਸਟਰਾਈਕਸ ਦੌਰਾਨ ਵਿਖਾਈ ਤਕਨੀਕੀ ਕਾਬਲੀਅਤ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਬਿਨਾਂ ਕਿਸੇ ਆਮ ਨਾਗਰਿਕ ਨੂੰ ਕੋਈ ਜਾਨੀ ਮਾਲੀ ਨੁਕਸਾਨ ਪਹੁੰਚਾਇਆਂ ਕੇਵਲ ਅੱਤਵਾਦੀ ਟਿਕਾਣਿਆਂ ਨੂੰ ਤਹਿਤ ਨਹਿਸ ਕਰਕੇ ਸਾਡੇ ਕਮਾਂਡੋਜ਼ ਨੇ ਦੁਨੀਆਂ ਭਰ ‘ਚ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ।

ਪੰਜਾਬ ਦੇ ਬਹੁ-ਤਕਨੀਕੀ ਕਾਲਜਾਂ ਦੀ ਸਾਂਝੀ ਸੰਸਥਾ ਪੀ. ਟੀ. ਆਈ. ਐੱਸ. ਵੱਲੋਂ ਡਿਪਲੋਮਾ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖ਼ਾਰਨ ਵਾਸਤੇ ਪਿਛਲੇ 18 ਵਰ੍ਹਿਆਂ ਤੋਂ ਕਰਵਾਏ ਜਾ ਰਹੇ ਸਾਲਾਨਾ ਅੰਤਰ-ਕਾਲਜ ਯੁਵਕ ਮੇਲੇ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਗਰੁੱਪ ਦੀਆਂ ਸੰਸਥਾਵਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਹੁਨਰਮੰਦ ਬਨਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਘਟੋਤਕੱਚ ਜਿਹੇ ਬਲਵਾਨ ਯੋਧਿਆਂ ਦੀ ਚਰਨਛੁਹ ਪ੍ਰਾਪਤ ਘੜੂੰਆਂ ਦੀ ਧਰਤੀ ਹੁਣ ਦੁਨੀਆਂ ਭਰ ‘ਚ ਮਿਆਰੀ ਸਿੱਖਿਆ ਦੇ ਵੱਡੇ ਕੇਂਦਰ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆ ਰਹੀ ਹੈ। ਤਕਨੀਕੀ ਸਿੱਖਿਆ ਅਤੇ ਵਣਜ ਮੰਤਰੀ ਨੇ ਇਸ ਮੌਕੇ ਫੈਸਟੀਵਲ ਦੇ ਪਹਿਲੇ ਦਿਨ ਹੋਏ ਕੋਰੀਓਗ੍ਰਾਫੀ ਦੇ ਅਹਿਮ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ, ਦੂਜੇ ਸਥਾਨ ‘ਤੇ ਰਹੇ ਚੰਡੀਗੜ੍ਹ ਪੌਲੀਟੈਕਨਿਕ ਕਾਲਜ ਘੜੂੰਆਂ ਅਤੇ ਤੀਜੇ ਸਥਾਨ ‘ਤੇ ਰਹੇ ਮਾਲਵਾ ਪੌਲੀਟੈਕਨਿਕ ਕਾਲਜ ਫਰੀਦਕੋਟ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਵਧੀਕ ਡਾਇਰੈਕਟਰ ਸ. ਮੋਹਨਬੀਰ ਸਿੰਘ ਸਿੱਧੂ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਪ੍ਰੈਜ਼ੀਡੈਂਟ ਸ. ਰਛਪਾਲ ਸਿੰਘ ਧਾਲੀਵਾਲ ਨੇ ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਫੈਸਟੀਵਲ ਦੇ ਅੱਜ ਪਹਿਲੇ ਦਿਨ ਥਾਪਰ ਪੌਲੀਟੈਕਨਿਕ ਕਾਲਜ ਪਟਿਆਲਾ, ਗੁਰੂ ਨਾਨਕ ਦੇਵ ਬਹੁ-ਤਕਨੀਕੀ ਕਾਲਜ ਲੁਧਿਆਣਾ, ਸਰਕਾਰੀ ਪੌਲੀਟੈਕਨਿਕ ਕਾਲਜ ਪਠਾਨਕੋਟ, ਸਰਕਾਰੀ ਬਹੁ-ਤਕਨੀਕੀ ਕਾਲਜ ਖ਼ੂਨੀਮਾਜਰਾ ਜਿਹੇ ਪੰਜਾਬ ਦੇ 36 ਬਹੁ-ਤਕਨੀਕੀ ਕਾਲਜਾਂ ਦੇ 1000 ਤੋਂ ਵੱਧ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਭੰਗੜੇ, ਫੈਂਸੀ ਡ੍ਰੈੱਸ, ਲੋਕ ਗੀਤ ਆਦਿ ਮੁਕਾਬਲਿਆਂ ‘ਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗ਼ਮਿਆਂ ਲਈ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ।

ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਅਜਿਹੇ ਯੁਵਕ ਮੇਲਿਆਂ ਨੂੰ ਡਿਪਲੋਮਾ ਇੰਜੀਨੀਅਰਿੰਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਅਹਿਮ ਮੰਨਦੇ ਹੋਏ ਆਖਿਆ ਕਿ ਬਹੁ-ਕੌਮੀ ਕੰਪਨੀਆਂ ਵੱਲੋਂ ਤਕਨੀਕੀ ਸਿੱਖਿਆ ਹਾਸਲ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵਿਆਪਕ ਅਵਸਰ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਵਹਾਰਕ ਤੌਰ ‘ਤੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਸਮਰੱਥ ਬਨਾਉਣ ਲਈ ਪ੍ਰਚੱਲਿਤ ਗਿਆਨ ਪ੍ਰਣਾਲੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹਿਆਂ ਦੌਰਾਨ ਚੰਡੀਗੜ੍ਹ ਪੌਲੀਟੈਕਨਿਕ ਕਾਲਜ ਘੜੂੰਆਂ ਵੌਲਵੋ ਆਇਸ਼ਰ, ਟੈੱਕ ਮਹਿੰਦਰਾ ਅਤੇ ਵਿਪਰੋ ਜਿਹੀਆਂ ਬਹੁ-ਕੌਮੀ ਕੰਪਨੀਆਂ ਦੇ ਸਹਿਯੋਗ ਨਾਲ ਆਪਣੇ ਡਿਪਲੋਮਾ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਆਕਰਸ਼ਕ ਮੌਕੇ ਪ੍ਰਦਾਨ ਕਰਨ ‘ਚ ਸਫਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਕੈਂਪਸ ਪਲੇਸਮੈਂਟ ਵਾਸਤੇ ਵੱਡੀ ਗਿਣਤੀ ‘ਚ ਪੁੱਜੀਆਂ ਬਹੁ-ਕੌਮੀ ਕੰਪਨੀਆਂ ਨੇ 4.5 ਲੱਖ ਸਾਲਾਨਾ ਤੱਕ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।

Leave a Reply

Your email address will not be published. Required fields are marked *