ਬਹੁ-ਵਿਆਹ ਮਾਮਲੇ ਤੇ ਸੁਣਵਾਈ ਕਰਨ ਤੋਂ ਅਮਰੀਕੀ ਸੁਪਰੀਮ ਕੋਰਟ ਦਾ ਇਨਕਾਰ

ਵਾਸ਼ਿੰਗਟਨ, 24 ਜਨਵਰੀ (ਸ.ਬ.) ਅਮਰੀਕੀ ਸੁਪਰੀਮ ਕੋਰਟ ਨੇ ਇਕ ਵਿਅਕਤੀ ਅਤੇ ਉਸ ਦੀਆਂ ਚਾਰ ਪਤਨੀਆਂ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਪਟੀਸ਼ਨਰ ਇਕ ਰਿਐਲਟੀ ਟੀ.ਵੀ. ਸ਼ੋਅ ‘ਸਿਸਟਰ ਵਾਈਫਜ਼’ ਨਾਲ ਸੰਬੰਧਿਤ ਸਟਾਰ ਹੈ ਅਤੇ ਉਨ੍ਹਾਂ ਨੇ ‘ਉਟਾਹ’ ਸੂਬੇ ਵਿੱਚ ਬਹੁ-ਵਿਅਹ ਉੱਪਰ ਪਾਬੰਦੀ ਨੂੰ ਚੁਣੌਤੀ ਦਿੱਤੀ ਹੈ| ‘ਕੋਡੀ ਬਰਾਊਨ’ ਨਾਂ ਦੇ ਆਦਮੀ ਨੇ ਕਾਨੂੰਨੀ ਤੌਰ ਤੇ ਵਿਆਹ ਮੈਰੀ ਨਾਲ ਕੀਤਾ ਹੈ ਪਰ ਉਹ ਜਨੇਲੇ, ਕ੍ਰਿਸਟੀਨ ਅਤੇ ਰੋਬਿਨ ਨਾਂ ਦੀਆਂ ਔਰਤਾਂ ਨਾਲ ਵੀ ਰਹਿੰਦਾ ਹੈ| ਉਹ ਇਕ ਛੋਟੇ ਜਿਹੇ ਰੂੜੀਵਾਦੀ ਧਾਰਮਿਕ ਸਮੂਹ ਦਾ ਮੈਂਬਰ ਹੈ, ਜਿਸ ਵਿੱਚ ਬਹੁ-ਵਿਆਹ ਮੁੱਢਲੀਆਂ ਮਾਨਤਾਵਾਂ ਦਾ ਹਿੱਸਾ ਹੈ|
ਉਟਾਹ ਵਿੱਚ ਬਹੁ-ਵਿਆਹ ਤੇ ਪਾਬੰਦੀ ਦੇ ਵਿਰੁੱਧ ਬਰਾਊਨ ਅਤੇ ਉਸ ਦੀਆਂ ਪਤਨੀਆਂ ਨੇ ਅਦਾਲਤਾਂ ਵਿੱਚ ਸੱਤ ਸਾਲ ਤੱਕ ਲੰਬੀ ਲੜਾਈ ਲੜੀ ਹੈ ਅਤੇ ਇਸ ਨੂੰ ਵਿਅਕਤੀਗਤ ਅਤੇ ਧਾਰਮਿਕ  ਸਵਤੰਤਰਤਾ ਦੀ ਉਲੰਘਣਾ ਦੱਸਿਆ ਹੈ| ਉਹ ‘ਸਿਸਟਰ ਵਾਈਫਜ਼’ ਨਾਮਕ ਸ਼ੋਅ ਵਿੱਚ ਕਲਾਕਾਰ ਹਨ| ਦਸੰਬਰ 2013 ਵਿੱਚ ਇਕ ਸੰਘੀ ਅਦਾਲਤ ਨੇ ਬਰਾਊਨ ਦੇ ਪੱਖ ਵਿੱਚ ਫੈਸਲਾ ਸੁਣਾਉਦੇ ਹੋਏ ਕਿਹਾ ਸੀ ਕਿ ਬਹੁ-ਵਿਆਹ ਦੇ ਵਿਰੁੱਧ ਉਟਾਹ ਦਾ ਕਾਨੂੰਨ ਗੈਰ-ਸੰਵਿਧਾਨਕ ਹੈ ਪਰ ਸਾਲ 2016 ਵਿੱਚ ਅਪੀਲ ਅਦਾਲਤ ਨੇ ਇਸ ਫੈਸਲੇ ਨੂੰ ਬਦਲ ਦਿੱਤਾ ਸੀ| ਵਾਸ਼ਿੰਗਟਨ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹੁਣ ਅਪੀਲ ਅਦਾਲਤ ਦਾ ਫੈਸਲਾ ਹੀ ਸਹੀ ਮੰਨਿਆ ਜਾਵੇਗਾ|

Leave a Reply

Your email address will not be published. Required fields are marked *