ਬਾਈਕ ਸਵਾਰ ਮਾਂ- ਪੁੱਤਰ ਨੂੰ ਮਿਨੀ ਬੱਸ ਨੇ ਟੱਕਰ ਮਾਰੀ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖਮੀ

ਨਵਾਂ ਸ਼ਹਿਰ, 7 ਸਤੰਬਰ (ਸ.ਬ.) ਨਵਾਂ ਸ਼ਹਿਰ ਦੇ ਚੰਡੀਗੜ੍ਹ ਚੌਕ ਤੇ ਰੈਡ ਲਾਈਟ ਤੇ ਰੁਕੇ ਬਾਈਕ ਸਵਾਰ ਮਾਂ- ਪੁੱਤਰ ਨੂੰ ਮਿਨੀ ਬੱਸ ਵਲੋਂ ਪਿੱਛੇ ਤੋਂ ਮਾਰੀ ਟੱਕਰ ਨਾਲ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਜ਼ਖਮੀ ਨੌਜਵਾਨ ਅਤੇ ਉਸਦੀ ਮਾਂ ਨੂੰ ਇਲਾਜ ਲਈ ਨਵਾਂ ਸ਼ਹਿਰ ਦੇ ਰਾਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ| ਦਰਦਨਾਕ ਸੜਕ ਹਾਦਸਾ ਅੱਜ ਸਵੇਰੇ ਕਰੀਬ ਸਾਢੇ 8 ਵਜੇ ਵਾਪਰਿਆ ਜਦੋਂ ਚੰਡੀਗੜ੍ਹ ਚੌਂਕ ਵਿੱਚ ਮੈਨੂਅਲ ਟਰੈਫਿਕ ਕੰਟਰੋਲ ਕਰ ਰਹੇ ਟਰੈਫਿਕ ਮੁਲਾਜ਼ਮ ਨੇ ਬੱਸ ਅੱਡੇ ਤੋਂ ਰਾਹੋਂ ਸਾਈਡ ਨੂੰ ਜਾਣ ਵਾਲੇ ਟਰੈਫਿਕ ਨੂੰ ਰੋਕਿਆ ਹੋਇਆ ਸੀ ਕਿ ਪਿੱਛੋਂ ਆ ਰਹੀ ਮਿਨੀ ਬੱਸ ਚਾਲਕ ਨੇ ਟਰੈਫਿਕ ਮੁਲਾਜ਼ਮ ਦੇ ਸੰਕੇਤ ਦਾ ਇੰਤਜਾਰ ਕਰ ਰਹੇ ਬਾਈਕ ਸਵਾਰ ਨੌਜਵਾਨ ਹਰਪ੍ਰੀਤ ਉਰਫ ਸੰਨੀ (22) ਅਤੇ ਉਸਦੀ ਮਾਤਾ ਮਨਵਿੰਦਰ ਕੌਰ (50) ਪਤਨੀ ਬਲਵੀਰ ਰਾਮ ਵਾਸੀ ਪਿੰਡ ਮੱਲਪੁਰ ਅੜਕਾ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ| ਮੌਕੇ ਤੇ ਮੌਜੂਦ ਟਰੈਫਿਕ ਮੁਲਾਜ਼ਮ ਨੇ ਦੱਸਿਆ ਕਿ ਉਕਤ ਬੱਸ ਦੀ ਬਰੇਕ ਨਹੀ ਲੱਗੀ ਅਤੇ ਬੱਸ ਬਾਈਕ ਨੂੰ ਘਸੀਟਦੀ ਹੋਈ ਕਾਫੀ ਅੱਗੇ ਤੱਕ ਲੈ ਗਈ, ਜਿਸ ਨਾਲ ਬਾਈਕ ਦੇ ਪਿੱਛੇ ਬੈਠੀ ਮਹਿਲਾ ਟਾਇਰ ਥੱਲੇ ਆ ਗਈ|
ਹਸਪਤਾਲ ਵਿਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾ ਮਨਵਿੰਦਰ ਕੌਰ ਟਾਈਫਾਈਡ ਬੁਖਾਰ ਨਾਲ ਪੀੜਤ ਸੀ ਅਤੇ ਅਪਣੇ ਪੁੱਤਰ ਹਰਪ੍ਰੀਤ ਨਾਲ ਦਵਾਈ ਲੈਣ ਨਵਾਂਸ਼ਹਿਰ ਜਾ ਰਹੀ ਸੀ| ਜਾਣਕਾਰੀ ਅਨੁਸਾਰ ਜ਼ਖਮੀ ਹਰਪ੍ਰੀਤ ਅਤੇ ਉਸਦੇ 2 ਭਰਾ ਤੇ ਪਤੀ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਇਕ ਭਰਾ ਰੋਜਗਾਰ ਲਈ ਵਿਦੇਸ਼ ਗਿਆ ਹੋਇਆ ਹੈ|
ਹਸਪਤਾਲ ਵਿੱਚ ਪਤਨੀ ਦੀ ਮੌਤ ਅਤੇ ਪੁੱਤਰ ਦੇ ਗੰਭੀਰ ਰੂਪ ਨਾਲ ਜ਼ਖਮੀ ਹਾਲਤ ਕਾਰਨ ਵਿਲਾਪ ਕਰਦੇ ਮ੍ਰਿਤਕਾ ਦੇ ਪਤੀ ਬਲਵੀਰ ਨੇ ਦੱਸਿਆ ਕਿ ਹਾਦਸਾ ਬਰੇਕ ਨਾ ਲੱਗਣ ਕਾਰਨ ਨਹੀ ਸਗੋਂ ਬਰੇਕ ਫੇਲ ਕਾਰਨ ਹੋਇਆ ਹੈ| ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸ ਦੀ ਬਰੇਕ ਪਿਛਲੇ 3 ਦਿਨਾਂ ਤੋਂ ਫੇਲ ਸੀ| ਇਸ ਦੇ ਬਾਵਜੂਦ ਇਸ ਦੀ ਰਿਪੇਅਰ ਨਹੀ ਕਰਵਾਈ ਗਈ ਸੀ| ਉਨ੍ਹਾਂ ਕਿਹਾ ਕਿ ਉਕਤ ਹਾਦਸਾ ਮਾਤਰ ਲਾਪਰਵਾਹੀ ਜਾਂ ਹਾਦਸਾ ਨਹੀਂ ਇਕ ਕਿਸਮ ਦੀ ਹੱਤਿਆ ਹੈ ਜਿਸ ਕਾਰਨ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *