ਬਾਜਾਰ ਵਿੱਚ ਵਿਕਦੇ ਖਾਣ ਪੀਣ ਦੇ ਸਾਮਾਨ ਦੇ ਮਿਆਰ ਦੀ ਜਾਂਚ ਦੇ ਪ੍ਰਬੰਧ ਕਰੇ ਪ੍ਰਸ਼ਾਸ਼ਨ

ਬਰਸਾਤ ਦਾ ਮੌਸਮ ਆ ਗਿਆ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਮਾਨਸੂਨ ਵੀ ਆ ਜਾਵੇਗਾ ਜਿਸ ਦੌਰਾਨ ਰੋਜਾਨਾ ਹੋਣ ਵਾਲੀ ਬਰਸਾਤ ਕਾਰਨ ਜਿੱਥੇ ਕਈ ਤਰ੍ਹਾਂ ਦੇ ਕੀਟ ਪਤੰਗੇ ਪੈਦਾ ਹੋਣਗੇ ਉੱਥੇ ਇਸ ਮੌਸਮ ਦੌਰਾਨ ਥਾਂ ਥਾਂ ਖੜ੍ਹਦੇ ਪਾਣੀ ਕਾਰਨ ਪੈਦਾ ਹੁੰਦੀ ਗੰਦਗੀ ਅਤੇ ਸਾਫ ਸਫਾਈ ਦੇ ਪ੍ਰਬੰਧਾਂ ਦੀ ਘਾਟ ਕਾਰਨ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਵੇਗਾ| ਉਂਝ ਵੀ ਮੌਜੂਦਾ ਸਮੇਂ ਵਿੱਚ ਆਮ ਲੋਕਾਂ ਨੂੰ ਮਿਲਣ ਵਾਲੀ ਹਰੇਕ ਵਸਤੂ ਵਿੱਚ ਮਿਲਾਵਟ ਦਾ ਬੋਲਬਾਲਾ ਹੈ ਅਤੇ ਲੋਕਾਂ ਵਲੋਂ ਨਿੱਤ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਪੂਰੀ ਤਰ੍ਹਾਂ ਮਿਲਾਵਟ ਦੀ ਮਾਰ ਹੇਠ ਹਨ|
ਸ਼ਹਿਰ ਦੀਆਂ ਮਾਰਕੀਟਾਂ ਵਿੱਚ ਰੇਹੜੀਆਂ ਲਗਾ ਕੇ ਵੇਚੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਜਿਵੇਂ ਕੜ੍ਹੀ ਚਾਵਲ, ਵੜਾ ਪਾਓ, ਕੁਲਚੇ ਛੋਲੇ, ਮੂਮੋ, ਸੈਂਡਵਿਚ ਅਤੇ ਅਜਿਹੇ ਹੋਰ ਕਈ ਤਰ੍ਹਾਂ ਦੇ ਸਾਮਾਨ ਦੀ ਗੁਣਵਤਾ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਖੁੱਲਾ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਮਾਰੂ ਅਸਰ ਪਾਉਂਦਾ ਹੈ| ਹਾਲਾਂਕਿ ਸਿਹਤ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਏ ਜਿਹਨਾਂ ਵਲੋਂ ਆਪਣੇ ਨਿੱਜੀ ਮੁਨਾਫੇ ਲਈ ਆਮ ਲੋਕਾਂ ਨੂੰ ਖਾਣ ਪੀਣ ਦਾ ਘਟੀਆ ਸਾਮਾਨ ਵੇਚਿਆ ਜਾਂਦਾ ਹੈ ਪਰੰਤੂ ਸਿਹਤ ਵਿਭਾਗ ਇਸ ਸਾਰੇ ਕੁੱਝ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦਾ ਹੈ|
ਗੱਲ ਇੱਥੇ ਹੀ ਨਹੀਂ ਬਲਕਿ ਬਾਜਾਰ ਵਿੱਚ ਵਿਕਣ ਵਾਲੇ ਨਕਲੀ ਦੁੱਧ (ਸਿੰਥੈਟਿਕ ਦੁੱਧ) ਅਤੇ ਦੁੱਧ ਨਾਲ ਬਣਨ ਵਾਲੇ ਹੋਰ ਉਤਪਾਦਾਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀ, ਲੱਸੀ ਆਦਿ), ਕੈਮੀਕਲਾਂ ਅਤੇ ਟੀਕਿਆਂ ਨਾਲ ਤਿਆਰ ਕੀਤੀਆਂ ਸਬਜੀਆਂ ਅਤੇ ਫਲਾਂ ਦੀ ਵਿਕਰੀ ਵੀ ਅਕਸਰ ਚਰਚਾ ਦਾ ਵਿਸ਼ਾ ਬਣਦੀ ਹੈ| ਇਸ ਤਰੀਕੇ ਨਾਲ ਹੁੰਦੀ ਖਾਣ ਪੀਣ ਦੇ ਨਕਲੀ ਅਤੇ ਦੂਸ਼ਿਤ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ ਪਰੰਤੂ ਸਿਹਤ ਵਿਭਾਗ ਵਲੋਂ ਆਪਣੀ ਇਸ ਜਿੰਮੇਵਾਰੀ ਨੂੰ ਕਦੇ ਵੀ ਮੁਕੰਮਲ ਰੂਪ ਵਿੱਚ ਪੂਰਾ ਨਹੀਂ ਕੀਤਾ ਜਾਂਦਾ| ਸਿਹਤ ਵਿਭਾਗ ਵਲੋਂ ਕਦੇ ਕਦਾਰ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਕੰਮ ਕਰਦੇ ਹਲਵਾਈਆਂ ਅਤੇ ਥੋਕ ਵਿੱਚ ਮਿਠਾਈਆਂ ਆਦਿ ਬਣਾਉਣ ਵਾਲੇ ਲੋਕਾਂ ਉੱਪਰ ਛਾਪੇਮਾਰੀ ਕਰਕੇ ਖਾਨਾਪੂਰਤੀ ਜਰੂਰ ਕਰ ਲਈ ਜਾਂਦੀ ਹੈ ਪਰੰਤੂ ਬਾਜਾਰ ਵਿੱਚ ਵਿਕਦੇ ਖਾਣ ਪੀਣ ਦੇ ਸਾਮਾਨ ਦੇ ਮਿਆਰ ਦੀ ਜਾਂਚ ਲਈ ਕੁੱਝ ਨਹੀਂ ਕੀਤਾ ਜਾਂਦਾ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਇਸ ਸਾਰੇ ਕੁੱਝ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਿਹਤ ਵਿਭਾਗ ਵਲੋਂ ਅਜਿਹੇ ਸਾਮਾਨ ਦੇ ਵਿਰੁੱਧ ਕੀਤੀ ਜਾਣ ਵਾਲੀ ਇਹ ਕਾਰਵਾਈ ਪ੍ਰਭਾਵੀ ਢੰਗ ਨਾਲ ਅੰਜਾਮ ਦਿੱਤੀ ਜਾਵੇਗੀ| ਬਰਸਾਤ ਦੇ ਇਸ ਮੌਸਮ ਵਿੱਚ ਜਦੋਂ ਲੋਕਾਂ ਨੂੰ ਖਾਣ ਪੀਣ ਦੇ ਦੂਸ਼ਿਤ ਸਾਮਾਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਇਸ ਸੰਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਖੁੱਲੇ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੇ ਮਿਆਰ ਦੀ ਜਾਂਚ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਲੋੜੀਂਦੀ  ਕਾਰਵਾਈ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਵਿੱਚ ਵਿਕਣ ਵਾਲਾ ਅਜਿਹਾ ਕੋਈ ਵੀ ਸਾਮਾਨ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਨਾ ਹੋਵੇ| ਇਸ ਸਮੱਸਿਆ ਦਾ ਮੁਕੰਮਲ ਹਲ ਕਰਨ ਲਈ ਇਸ ਕਾਰਵਾਈ ਨੂੰ ਤਿੱਖਾ ਅਤੇ ਪ੍ਰਭਾਵੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਸੰਬੰਧੀ ਆਮ ਲੋਕਾਂ ਦੀ ਸਿਹਤ ਤੇ ਮੰਡਰਾ ਰਹੇ ਇਸ ਖਤਰੇ ਨੂੰ ਬਿਹਤਰ ਤਰੀਕੇ ਨਾਲ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *