ਬਾਬਾ ਹਰਬੰਸ ਸਿੰਘ ਦੀ ਬਰਸੀ ਮੌਕੇ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ

ਐਸ.ਏ.ਐਸ. ਨਗਰ, 25 ਅਪ੍ਰੈਲ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਦੇ ਪੁੰਜ, ਸੱਚ ਖੰਡ ਵਾਸੀ ਜਥੇਦਾਰ ਬਾਬਾ ਹਰਬੰਸ ਸਿੰਘ ਦੀ ਬਰਸੀ ਸਮਾਗਮ ਤੇ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ| ਬਰਸੀ ਸਮਾਗਮ ਦੇ ਸਬੰਧ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ  ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ|
ਇਸ ਧਾਰਮਿਕ ਸਮਾਗਮ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਪੰਥਕ ਜੱਥੇ ਨੇ ਜੱਥੇਦਾਰ ਬਾਬਾ ਹਰਬੰਸ ਸਿੰਘ (ਜਿਨ੍ਹਾਂ ਦਾ ਜਨਮ 1 ਜਨਵਰੀ 1923 ਅਤੇ ਸੱਚ ਖੰਡ ਗਮਨ 21 ਅਪਰੈਲ 2011 ਵਿੱਚ ਹੋਇਆ) ਦਾ ਪੂਰਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਵਿਸਥਾਰ ਸਹਿਤ ਸੁਣਾਇਆ| ਉਨ੍ਹਾ ਨੇ  ਜੱਥੇਦਾਰ ਬਾਬਾ ਹਰਬੰਸ ਸਿੰਘ ਦੇ ਬਿਰਧ ਉਮਰ ਵਿੱਚ ਵੀ ਸੇਵਾ ਦੇ ਜਜਬੇ ਅਤੇ ਪੰਥ ਪ੍ਰਤੀ ਕੀਤੀਆਂ ਅਮੁੱਲੀਆਂ ਕਾਰ ਸੇਵਾਵਾਂ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਜਾਣੂੰ ਕਰਵਾਇਆ| ਭਾਈ ਓਂਕਾਰ ਸਿੰਘ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਜੋੜਨ ਦਾ ਉਪਰਾਲਾ ਕੀਤਾ| ਇਸ ਤੋਂ ਇਲਾਵਾ ਭਾਈ ਗੁਰਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਸਰੂਪ ਸਿੰਘ, ਭਾਈ ਮਨਜੀਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਸੁਖਦੇਵ ਸਿੰਘ, ਭਾਈ ਬਲਜੀਤ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਹਰਬਖਸ਼ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਮੀਤ ਸਿੰਘ ਦੇ ਜੱਥਿਆਂ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ | ਮੰਚ ਸੰਚਾਲਕ ਦੀ  ਸੇਵਾ ਭਾਈ ਧੰਨਾ ਸਿੰਘ ਨੇ ਨਿਭਾਈ| ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਕੀਰਤਨ ਦਰਬਾਰ ਵਿੱਚ, ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਭਾਈ ਸੰਤ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਗੁ: ਸਾਹਿਬ ਦੇ ਨਵੇਂ ਬਣਨ ਵਾਲੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ 18 ਫਰਵਰੀ 2005 ਨੂੰ ਰੱਖਿਆ| ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਅਤੇ ਦਰਸ਼ਨੀ ਡਿਓਢੀ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਉਚ ਕੋਟੀ ਦੇ ਆਰਕੀਟੈਕਟ ਅਤੇ ਇੰਜਨੀਅਰਾਂ ਦੀ  ਦੇਖ ਰੇਖ ਹੇਠ ਕਰਵਾਈ ਜਾ ਰਹੀ ਹੈ|  ਦਰਬਾਰ ਸਾਹਿਬ ਜੀ ਦੇ ਗੁੰਬਦਾਂ ਦੇ ਉੱਪਰ ਸੋਨੇ ਦੇ ਕਲਸ਼ ਚੜ੍ਹਾਏ ਜਾ ਚੁੱਕੇ ਹਨ| ਇਸ ਸਮੇਂ ਸ੍ਰੀ ਦਰਬਾਰ ਸਾਹਿਬ ਜੀ ਦੇ ਪੂਰੇ ਗੁੰਬਦ ਦੇ ਉੱਪਰ ਸੋਨਾ ਚੜ੍ਹਾਉਣ ਦੀ  ਸੇਵਾ, ਛੱਤਾਂ ਤੇ ਸੁਨਹਿਰੀ ਮੀਨਾਕਾਰੀ, ਦਰਬਾਰ ਸਾਹਿਬ ਜੀ ਨੂੰ ਵਾਤਾ ਅਨੂਕੂਲਿਤ ਕਰਨ ਲਈ 90 ਟਨ ਦੇ ਏ ਸੀ ਪਲਾਂਟ ਦੀ ਸੇਵਾ, ਦਰਬਾਰ ਸਾਹਿਬ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਸੁਸ਼ੋਭਿਤ ਕਰਾਉਣ ਲਈ ਇੱਕ ਸੁੰਦਰ ਸੋਨੇ ਦੀ ਪਾਲਕੀ ਦੀ ਸੇਵਾ  ਅਤੇ ਦਰਸ਼ਨੀ ਡਿਓਢੀਆਂ ਦੀ ਸੇਵਾ ਵੀ ਕਰਵਾਈ ਜਾ ਰਹੀ ਹੈ|

Leave a Reply

Your email address will not be published. Required fields are marked *