ਬਾਬੂ ਸਿੰਘ ਚੌਹਾਨ ਦਾ ਸਦੀਵੀਂ ਵਿਛੋੜਾ

ਐਸ.ਏ.ਐਸ.ਨਗਰ, 10 ਫਰਵਰੀ (ਸ.ਬ.) ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਸਦੀਵੀਂ ਵਿਛੋੜਾ ਦੇ ਗਏ ਹਨ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਖਮਾਣੋ ਨੇੜੇ ਪਿੰਡ ਗੋਸਲਾਂ ਦੇ ਜੰਮ-ਪਲ ਬਾਬੂ ਸਿੰਘ ਚੌਹਾਨ ਸਾਹਿਤਕਾਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੱਜੋਂ ਵੀ ਸਰਗਰਮ ਰਹੇ। ਉਨ੍ਹਾਂ ਦੋ ਕਾਵਿ-ਸੰਗ੍ਰਹਿ ‘ਸੱਜਰੀ ਪੈੜ’ ਅਤੇ ‘ਅੱਖਰ ਅੱਖਰ ਅਹਿਸਾਸ’, ਵਿਅੰਗ ਰਚਨਾਵਾਂ ਦੀ ਕਿਤਾਬ ‘ਸੱਚ ਬੋਲਿਆਂ ਭਾਂਬੜ ਮੱਚਦਾ ਏ’, ਬਾਲ ਸਾਹਿਤ ਪੁਸਤਕਾਂ ‘ਚਿੜੀਆਂ ਨੂੰ ਲਿਖਾਂ ਚਿੱਠੀਆਂ’ ਅਤੇ ‘ਯਾਦਾਂ ਦੀ ਚੰਗੇਰ’ ਅਤੇ ਇਤਿਹਾਸ ਬਾਰੇ ਖੋਜ ਪੁਸਤਕਾਂ ‘ਖੇਮੋ ਬੇਗਮ ਤੋਂ ਹੁਣ ਤੀਕ ਖਮਾਣੋ’, ‘ਦੀਵਾਨ ਟੋਡਰ ਮੱਲ’, ‘ਸਿੱਖ ਇਤਿਹਾਸ ਦੇ ਸਰੋਕਾਰ, ਜੀਵਨ ਤੇ ਫ਼ਲਸਫਾ’ ਅਤੇ ਸ਼ਹੀਦੀ ਪੈਂਡੇ’ ਮੁੱਲਵਾਨ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਮੁੱਚੀ ਕਾਰਜਕਾਰਨੀ ਨੇ ਸ਼੍ਰੀ ਬਾਬੂ ਸਿੰਘ ਚੌਹਾਨ ਦੇ ਸਦੀਵੀਂ ਵਿਛੌੜੇ ਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ। ਉਹ ਲੰਮੇ ਸਮੇਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਰਗਰਮ ਜੀਵਨ ਮੈਂਬਰ ਸਨ। ਉਹ ਸਾਹਿਤ ਸਭਾ, ਖਮਾਣੋ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਸੰਘੋਲ ਦੇ ਲੰਬੇ ਸਮੇਂ ਤੱਕ ਪ੍ਰਧਾਨ ਵੀ ਰਹੇ। ਗੁਰੂਘਰ ਅਤੇ ਲੋਕ ਸੇਵਾ ਨੂੰ ਪ੍ਰਣਾਏ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ, ਖਮਾਣੋ ਦੇ ਸਾਲ 1977 ਤੋਂ 1997 ਤੱਕ ਪ੍ਰਧਾਨ ਅਤੇ ਨਗਰ ਕੌਂਸਲ, ਖਮਾਣੋ ਦੇ 1998 ਤੋਂ 2003 ਤੱਕ ਕੌਂਸਲਰ ਰਹੇ।

Leave a Reply

Your email address will not be published. Required fields are marked *