ਬਾਰਵੀਂ ਦੀ ਪ੍ਰੀਖਿਆ ਵਿੱਚ ਕੁੜੀਆਂ ਦੀ ਝੰਡੀ

ਬਾਰਵੀਂ ਦੀ ਪ੍ਰੀਖਿਆ ਵਿੱਚ ਕੁੜੀਆਂ ਦੀ ਝੰਡੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਦਾ ਨਤੀਜਾ ਜਾਰੀ
ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ ਮਹੀਨੇ ਦੌਰਾਨ ਲਈ ਗਈ ਬਾਰਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿਤਾ ਗਿਆ ਹੈ| ਸਿੱਖਿਆ ਬੋਰਡ ਵਲੋਂ ਐਲਾਨੇ ਇਸ ਨਤੀਜੇ ਵਿੱਚ ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਹੈ| ਬਾਰਵੀਂ (ਅਕਾਦਮਿਕ) ਦੇ ਜਾਰੀ ਨਤੀਜੇ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਂਕਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਪੂਜਾ ਜੋਸ਼ੀ ਨੇ 441 ਅੰਕ (98.00 ਫੀਸਦੀ) ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਇਸੇ ਸਕੂਲ ਦਾ ਵਿਦਿਆਰਥੀ ਵਿਵੇਕ ਰਾਜਪੂਤ 439 (97.55 ਫੀਸਦੀ) ਨੰਬਰ ਲੈ ਕੇ ਦੂਜੇ ਸਥਾਨ ਤੇ ਆਇਆ ਹੈ| ਦਸ਼ਮੇਸ਼ ਪਬਲਿਕ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਾਦਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਜਸਨੂਰ ਕੌਰ 438 (97.33 ਫੀਸਦੀ) ਨੰਬਰ ਲੈ ਕੇ ਤੀਜੇ ਸਥਾਨ ਤੇ ਰਹੀ ਹੈ| ਬੋਰਡ ਵਲੋਂ ਬਾਰਵੀਂ ਪ੍ਰੀਖਿਆ (ਸਪੋਰਟਸ) ਦੇ ਐਲਾਨੇ ਨਤੀਜੇ ਵਿਚ ਵੀ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹੀ ਪ੍ਰਾਪਤ ਕੀਤੇ ਹਨ| ਸਪੋਰਟਸ ਕੋਟੇ ਵਿੱਚ ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਐਚ ਐਮ 150 ਜਮਾਲਪੁਰ ਕਲੋਨੀ, ਫੋਕਲ ਪੁਆਂਇੰਟ ਲੁਧਿਆਣਾ ਦੀ ਵਿਦਿਆਰਥਣ ਪ੍ਰਾਚੀ ਗੌੜ 450 (100.00 ਫੀਸਦੀ) ਅੰਕ ਲੈ ਕੇ ਪਹਿਲੇ ਅਤੇ ਇਸੇ ਸਕੂਲ ਦੀ ਵਿਦਿਆਰਥਣ ਪੁਸ਼ਵਿੰਦਰ ਕੌਰ 450 (100.00 ਫੀਸਦੀ) ਅੰਕ ਲੈ ਕੇ ਦੂਜੇ ਸਥਾਨ ਤੇ ਰਹੀ ਹੈ| ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਮਨਦੀਪ ਕੌਰ ਨੇ 448 (99.56 ਫੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਨੇ ਅੱਜ ਬਾਰਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਦਿਆਂ ਦੱਸਿਆ ਕਰਦਿਆਂ ਦੱਸਿਆ ਕਿ ਇਸ ਵਾਰ ਬਾਰਵੀਂ ਦੀ ਪ੍ਰੀਖਿਆ ਵਿੱਚ ਕੁਲ 300417 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਹਨਾਂ ਵਿਚੋਂ 274532 ਰੈਗੁਲਰ ਸਨ ਜਦੋਂ ਕਿ 25885 ਵਿਦਿਆਰਥੀਆਂ ਨੇ ਓਪਨ ਸਕੀਮ ਤਹਿਤ ਪੇਪਰ ਦਿਤੇ ਸਨ| ਇਹਨਾਂ ਵਿਚੋਂ ਕੁਲ 198199 ਵਿਦਿਆਰਥੀ ਪਾਸ ਹੋਏ ਹਨ, ਜਿਹਨਾਂ ਵਿਚੋਂ ਰੈਗੂਲਰ ਪਾਸ ਵਿਦਿਆਰਥੀ 187828 ਹਨ ਜਦੋਂ ਕਿ ਓਪਨ ਸਿੱਖਿਆ ਪ੍ਰਣਾਲੀ ਤਹਿਤ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 10371 ਹੈ| ਇਸ ਤਰਾਂ ਕੁਲ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤ 65.97 ਹੈ, ਜਦੋਂਕਿ ਇਹਨਾਂ ਵਿੱਚ ਰੈਗੂਲਰ ਪਾਸ ਹੋਏ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤ 68.42, ਓਪਨ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤ 40.07 ਹੈ|
ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁਲ 122784 ਰੈਗੁਲਰ ਕੁੜੀਆਂ ਨੇ ਹਿੱਸਾ ਲਿਆ ਜਿਹਨਾਂ ਵਿਚੋਂ 96076 ਕੁੜੀਆਂ ਪਾਸ ਹੋਈਆਂ ਹਨ, ਜਿਹਨਾਂ ਦੀ ਪਾਸ ਪ੍ਰਤੀਸ਼ਤ 78.25 ਹੈ| ਇਸ ਪ੍ਰੀਖਿਆ ਵਿੱਚ 151748 ਮੁੰਡਿਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 91752 ਮੁੰਡੇ ਪਾਸ ਹੋਏ ਹਨ, ਜਿਹਨਾਂ ਦੀ ਪਾਸ ਪ੍ਰਤੀਸ਼ਤ 60.46 ਹੈ| ਇਸ ਪ੍ਰੀਖਿਆ ਵਿੱਚ ਸ਼ਹਿਰੀ ਖੇਤਰ ਦੇ 121751 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 88111 ਵਿਦਿਆਰਥੀ ਪਾਸ ਹੋਏ ਹਨ, ਜਿਹਨਾਂ ਦੀ ਪਾਸ ਪ੍ਰਤੀਸ਼ਤ 72.37 ਹੈ| ਇਸ ਪ੍ਰੀਖਿਆ ਵਿੱਚ ਪੇਂਡੂ ਖੇਤਰਾਂ ਦੇ 152781 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 99717 ਵਿਦਿਆਰਥੀ ਪਾਸ ਹੋਏ ਜਿਹਨਾਂ ਦੀ ਪਾਸ ਪ੍ਰਤੀਸ਼ਤ 65.27 ਬਣਦੀ ਹੈ|
ਚੇਅਰਮੈਨ ਦੇ ਦੱਸਿਆ ਕਿ ਪ੍ਰੀਖਿਆ ਵਿੱਚ ਐਫੀਲੀਏਟਿਡ ਅਤੇ ਆਦਰਸ ਸਕੂਲਾਂ ਦੇ 91613 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 62230 ਵਿਦਿਆਰਥੀ ਪਾਸ ਹੋਏ ਹਨ, ਜਿਹਨਾਂ ਦੀ ਪਾਸ ਪ੍ਰਤੀਸ਼ਤ 67.93 ਬਣਦੀ ਹੈ| ਇਸ ਪ੍ਰੀਖਿਆ ਵਿੱਚ ਐਸੋਸੀਏਟਿਡ ਸਕੂਲਾਂ ਦੇ 16429 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 10826 ਵਿਦਿਆਰਥੀ ਪਾਸ ਹੋਏ, ਜਿਹਨਾਂ ਦੀ ਪਾਸ ਪ੍ਰਤੀਸ਼ਤ 65.90 ਹੈ| ਇਸ ਪ੍ਰੀਖਿਆ ਵਿੱਚ ਮੈਰੀਟੋਰੀਅਸ ਸਕੂਲਾਂ ਦੇ 3151 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 3031 ਵਿਦਿਆਰਥੀ ਪਾਸ ਹੋਏ, ਜਿਹਨਾਂ ਦੀ ਪਾਸ ਪ੍ਰਤੀਸ਼ਤ 96.19 ਹੈ| ਇਸ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਦੇ 129501 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 88369 ਵਿਦਿਆਰਥੀ ਪਾਸ ਹੋਏ ਹਨ, ਜਿਹਨਾਂ ਦੀ ਪਾਸ ਪ੍ਰਤੀਸ਼ਤ 68.24 ਹੈ| ਇਸ ਪ੍ਰੀਖਿਆ ਵਿਚ ਏਡਿਡ ਸਕੂਲਾਂ ਦੇ 33838 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ 23372 ਵਿਦਿਆਰਥੀ ਪਾਸ ਹੋਏ, ਜਿਹਨਾਂ ਦੀ ਪਾਸ ਪ੍ਰਤੀਸ਼ਤ 69.07 ਹੈ| ਸਾਲ 2017 ਦੌਰਾਨ ਕੁਲ 314815 ਵਿਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿਤੀ ਸੀ, ਜਿਹਨਾਂ ਵਿਚੋਂ 196321 (62.36 ਫੀਸਦੀ) ਪਾਸ ਹੋਏ ਸਨ| ਇਸੇ ਤਰਾਂ ਸਾਲ 2016 ਵਿੱਚ 318453 ਵਿਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿਤੀ ਸੀ, ਜਿਹਨਾਂ ਵਿਚੋਂ 244487 (76.77 ਫੀਸਦੀ) ਪਾਸ ਹੋਏ ਸਨ| ਇਸ ਵਾਰ ਸਾਲ 2018 ਵਿੱਚ ਕੁਲ 399417 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿਤੀ ਸੀ, ਜਿਹਨਾਂ ਵਿਚੋਂ 198199 (65.97 ਫੀਸਦੀ ) ਪਾਸ ਹੋਏ ਹਨ| ਇਸ ਮੌਕੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਅਤੇ ਵਾਈਸ ਚੇਅਰਮੈਨ ਸ੍ਰੀ ਪ੍ਰਸ਼ਾਂਤ ਗੋਇਲ ਵੀ ਹਾਰਿਜ ਸਨ|

Leave a Reply

Your email address will not be published. Required fields are marked *