ਬਾਰਸ਼ ਨਾਲ ਗਰਮੀ ਤੋਂ ਰਾਹਤ ਮਿਲੀ, ਪਰ ਮੁਸ਼ਕਲਾਂ ਵਿੱਚ ਵਧੀਆਂ

ਬਾਰਸ਼ ਨਾਲ ਗਰਮੀ ਤੋਂ ਰਾਹਤ ਮਿਲੀ, ਪਰ ਮੁਸ਼ਕਲਾਂ ਵਿੱਚ ਵਧੀਆਂ
ਮੁਹਾਲੀ ਸਮੇਤ ਅਤੇ ਹੋਰਨਾਂ ਸਰਕਾਰੀ ਹਸਪਤਾਲਾਂ ਵਿੱਚ ਪਾਣੀ ਵੜਿਆ
ਐਸ. ਏ. ਐਸ ਨਗਰ, 17 ਜੁਲਾਈ (ਸ.ਬ.) ਬੀਤੇ ਕੱਲ੍ਹ ਤੋਂ ਹੋ ਰਹੀ ਬਾਰਿਸ਼ ਨਾਲ ਭਾਵੇਂ ਗਰਮੀ ਤੋਂ ਕਾਫੀ ਰਾਹਤ ਜ਼ਰੂਰ ਮਿਲੀ ਹੈ ਪਰ ਮੀਂਹ ਦੇ ਪਾਣੀ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋਇਆ ਹੈ|
ਐਸ ਏ ਐਸ ਨਗਰ ਅਤੇ ਆਸ ਪਾਸ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਅਤੇ ਪਿੰਡਾਂ ਦੀਆ ਸੜਕਾਂ, ਮੁੱਖ ਮਾਰਗਾਂ ਦੇ ਕਿਨਾਰੇ ਗੰਦਾ ਪਾਣੀ ਜਮ੍ਹਾ ਹੋ ਗਿਆ| ਜਿਸ ਕਾਰਨ ਵਾਹਨਾਂ ਚਾਲਕਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਹੈ|
ਸਥਾਨਕ ਉਦਯੋਗਿਕ ਏਰੀਆ ਫੇਜ਼-8 ਵਿੱਚ ਐਂਟਰੀ ਪੁਆਇੰਟਾਂ ਅਤੇ ਸਲਿੱਪ ਸੜਕਾਂ ਤੇ ਮੀਂਹ ਦਾ ਕਾਫੀ ਪਾਣੀ ਜਮ੍ਹਾ ਹੋਇਆ ਦੇਖਣ ਨੂੰ ਮਿਲਿਆ| ਸ਼ਹਿਰ ਦੀਆ ਅੰਦਰਲੀਆਂ ਸੜਕਾਂ ਅਤੇ ਕਈ ਮਾਰਕੀਟ ਦੀਆਂ ਪਾਰਕਿੰਗ ਦੇ ਖੱਡਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਸੀ|
ਉਧਰ, ਸਥਾਨਕ ਸਿਵਲ ਹਸਪਤਾਲ ਵਿੱਚ ਮੀਂਹ ਦਾ ਪਾਣੀ ਜਮ੍ਹਾ ਹੋਣ ਦੀ ਖਬਰ ਹੈ| ਹਸਪਤਾਲ ਦੀ ਪਾਰਕਿੰਗ ਅਤੇ ਮੇਨ ਸੜਕ ਤੋਂ ਹਸਪਤਾਲ ਤੱਕ ਪਹੁੰਚ ਸੜਕ ਤੇ ਕਾਫੀ ਪਾਣੀ ਖੜਾ ਸੀ ਜਿਸ ਕਾਰਨ ਹਸਪਤਾਲ ਆਉਣ ਵਾਲੇ ਮਰੀਜਾਂ, ਸਰਕਾਰੀ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪਿਆ| ਇਸੇ ਤਰ੍ਹਾਂ ਸਿਵਲ ਸਰਜਨ ਦਫਤਰ ਅਤੇ ਪੰਜਾਬ ਰਾਜ ਹੈਲਥ ਕਾਰਪੋਰੇਸ਼ਨ ਦੇ ਮੁਲਾਜਮਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ ਹਨ|
ਇੰਝ ਹੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ, ਲੁਧਿਆਣਾ, ਸਰਕਾਰੀ ਹਸਪਤਾਲ ਕੁਰਾਲੀ ਅਤੇ ਸਰਕਾਰੀ ਹਸਪਤਾਲ ਖਰੜ (ਸਰਕਾਰੀ ਕੈਮੀਕਲ ਲੈਬਾਰਟੀ ਵਾਲੇ ਪਾਸੇ) ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਮਰੀਜਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅਨੁਸਾਰ ਰਜਿੰਦਰਾ ਹਸਪਤਾਲ ਵਿੱਚ ਕੁਝ ਦਿਨ ਪਹਿਲਾਂ ਵੀ ਹੋਈ ਬਾਰਸ਼ ਦਾ ਕਾਫੀ ਪਾਣੀ ਖੜ੍ਹਾ ਹੋਣ ਕਾਰਨ ਮਰੀਜਾਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਹੈ| ਪਰੰਤੂ ਹਸਪਤਾਲ ਪ੍ਰਬੰਧਕਾਂ ਅਤੇ ਜਿਲ੍ਹਾਂ ਪ੍ਰਸ਼ਾਸਨ ਨੇ ਸਬਕ ਨਹੀਂ ਸਿਖਿਆ| ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ| ਪ੍ਰੰਤੂ ਇਸ ਦੇ ਬਾਵਜੂਦ ਇਸ ਹਸਪਤਾਲ ਵਿੱਚ ਵੱਡੇ ਪੱਧਰ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਰੜਕ ਰਹੀ ਹੈ|
ਇਸੇ ਦੌਰਾਨ ਸੋਹਾਣਾ ਪਿੰਡ ਵਿੱਚ ਸਥਿਤ ਸਰਕਾਰੀ ਡਿਸਪੈਂਸਰੀ ਦੇ ਰਸਤੇ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਮਰੀਜਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪਿਆ ਹੈ|

Leave a Reply

Your email address will not be published. Required fields are marked *