ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ 19 ਜੂਨ ਤੋਂ : ਸਪਰਾ

ਐਸ.ਏ.ਐਸ. ਨਗਰ, 15 ਜੂਨ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ 19 ਜੂਨ ਤੋਂ 28 ਜੂਨ ਤੱਕ ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ ਮਨਾਇਆ    ਜਾਵੇਗਾ| ਜਿਸ ਲਈ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸ ਦਾ ਗਠਨ ਵੀ  ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਾਲ ਮਜਦੂਰੀ ਖਾਤਮੇ ਸਪਤਾਹ ਦੌਰਾਨ ਆਪਣਾ ਪੂਰਾ ਪੂਰਾ ਸਹਿਯੋਗ ਦੇਣ ਤਾਂ ਜੋ ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ ਪੂਰੀ ਸਫਲਤਾ ਨਾਲ ਮਨਾਇਆ ਜਾ ਸਕੇ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਬਾਲ ਮਜਦੂਰੀ ਕਰਾਉਣਾ ਕਾਨੂੰਨੀ ਅਪਰਾਧ ਹੈ ਅਤੇ ਇਸ ਸਪਤਾਹ ਦੌਰਾਨ ਜ਼ਿਲ੍ਹੇ ਦੇ ਭੱਠਿਆਂ, ਢਾਬਿਆਂ, ਰੈਸਟੋਰੈਂਟਾਂ ਅਤੇ ਉਸਾਰੀ ਅਧੀਨ ਇਮਾਰਤਾਂ ਅਤੇ ਘਰਾਂ ਦੀ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਬਾਲ ਅਤੇ ਕਿਸ਼ੋਰ ਮਜਦੂਰੀ ਦਾ ਖਾਤਮਾ ਹੋ ਸਕੇ| ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਇੱਕ ਹੈਲਪ ਲਾਇਨ ਵੀ ਸਥਾਪਿਤ ਕੀਤੀ ਜਾਵੇਗੀ ਜਿਸ ਤੇ ਕੋਈ ਵੀ ਵਿਅਕਤੀ ਬਾਲ ਅਤੇ ਕਿਸ਼ੋਰ ਮਜਦੂਰੀ ਸਬੰਧੀ ਜਾਣਕਾਰੀ ਦੇ  ਸਕੇਗਾ| ਜਿਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ, ਸਹਾਇਕ ਵਿੱਤ ਕਮਿਸ਼ਨਰ, ਡਿਪਟੀ ਡਾਇਰੈਕਟਰ ਫੈਕਟਰੀਜ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਸ਼ਹਿਰਾਂ, ਕਸਬਿਆਂ ਅਤੇ ਪਿੰਡ ਪੱਧਰ ਤੇ ਬਾਲ ਮਜਦੂਰੀ ਦੇ ਖਾਤਮੇ ਲਈ  ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਕੈਂਪ ਲਗਾਏ ਜਾਣਗੇ|

Leave a Reply

Your email address will not be published. Required fields are marked *