ਬਾਲ ਅਪਰਾਧ ਦੀਆਂ ਵੱਧਦੀਆਂ ਘਟਨਾਵਾਂ


ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੱਕ ਵਿਦਿਆਰਥੀ ਦੀ ਹਰਕਤ ਨੇ ਸਮਾਜ ਨੂੰ ਸਥਿਰ ਕਰ ਦਿੱਤਾ। 14 ਸਾਲ ਦੇ ਸਕੂਲੀ ਵਿਦਿਆਰਥੀ ਨੇ ਆਪਣੇ ਹੀ ਸਹਿਪਾਠੀ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿ ਸਕੂਲ ਵਿੱਚ ਬੈਠਣ ਨੂੰ ਲੈ ਕੇ ਉਸਦਾ ਅਤੇ ਸਹਿਪਾਠੀ ਦਾ ਆਪਸ ਵਿੱਚ ਝਗੜਾ ਹੋਇਆ ਸੀ। ਇਸਦਾ ਬਦਲਾ ਲੈਣ ਲਈ ਘਟਨਾ ਤੋਂ ਦੂਜੇ ਦਿਨ ਆਪਣੇ ਸਕੂਲ ਬੈਗ ਵਿੱਚ ਚਾਚੇ ਦੀ ਲਾਈਸੇਂਸੀ ਪਿਸਟਲ ਲੈ ਕੇ ਆਏ ਵਿਦਿਆਰਥੀ ਨੇ ਸਹਿਪਾਠੀ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਬਾਅਦ ਵਿੱਚ ਸਕੂਲ ਸਟਾਫ ਦੀ ਤਤਪਰਤਾ ਨਾਲ ਉਸਦੀ ਗਿ੍ਰਫਤਾਰੀ ਹੋ ਗਈ। ਪਰ ਸਮਾਜ ਵਿੱਚ ਵੱਧਦੇ ਬਾਲ ਅਪਰਾਧ ਦੇ ਮਨੋਵਿਗਿਆਨ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।
ਸਮਾਜਿਕ ਬਦਲਾਅ ਅਤੇ ਤਕਨੀਕੀ ਵਿਕਾਸ ਦਾ ਮਨੁੱਖੀ ਜੀਵਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਿਆ ਹੈ। ਸਿੱਖਣ ਅਤੇ ਸਮਝਣ ਦੀ ਸਮਰੱਥਾ ਵੀ ਜਿਆਦਾ ਵਧੀ ਹੈ। ਜਿਸਦਾ ਨਤੀਜਾ ਹੈ ਅਪਰਾਧ ਦਾ ਗ੍ਰਾਫ ਵੀ ਤੇਜੀ ਨਾਲ ਵਧਿਆ ਹੈ। ਭਾਰਤ ਵਿੱਚ ਬਾਲ ਅਪਰਾਧ ਦੇ ਅੰਕੜਿਆਂ ਦੀ ਰਫਤਾਰ ਵੀ ਹਾਲ ਦੇ ਸਾਲਾਂ ਵਿੱਚ ਕਈ ਗੁਣਾ ਵਧੀ ਹੈ। ਜਿਸ ਅਪਰਾਧ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਹਾਂ ਉਸ ਕੰਮ ਨੂੰ ਨਾਬਾਲਿਗ ਕਿਸ਼ੋਰਾਂ ਨੇ ਕਰਕੇ ਸਮਾਜ ਅਤੇ ਵਿਵਸਥਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਨਿਰਭਆ ਕਾਂਡ ਵਿੱਚ ਵੀ ਇੱਕ ਬਾਲ ਅਪਰਾਧੀ ਦੀ ਭੂਮਿਕਾ ਅਹਿਮ ਰਹੀ ਸੀ। ਬਾਅਦ ਵਿੱਚ ਜੂਵੇਨਾਇਲ ਅਦਾਲਤ ਤੋਂ ਉਹ ਛੁੱਟ ਗਿਆ ਸੀ। ਸਯੁੰਕਤ ਰਾਸ਼ਟਰ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਨੂੰ ਨਾਬਾਲਿਗ ਮੰਨਦਾ ਹੈ। ਜਦੋਂ ਕਿ ਭਾਰਤ ਸਮੇਤ ਦੁਨੀਆ ਭਰ ਵਿੱਚ ਵੱਧਦੇ ਬਾਲ ਅਪਰਾਧ ਦੀਆਂ ਘਟਨਾਵਾਂ ਨੇ ਸੋਚਣ ਲਈ ਮਜਬੂਰ ਕੀਤਾ ਹੈ। ਜਿਸਦੀ ਵਜ੍ਹਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਨਾਬਾਲਿਗ ਦੀ ਉਮਰ ਘਟਾ ਦਿੱਤੀ ਹੈ। ਕਈ ਦੇਸ਼ਾਂ ਵਿੱਚ ਬਾਲ ਅਪਰਾਧ ਦੀ ਸਜ਼ਾ ਵੱਡਿਆਂ ਵਰਗੀ ਹੈ। ਹਿੰਦੁਸਤਾਨ ਵਿੱਚ ਕਿਸੇ ਬੱਚੇ ਨੂੰ ਬਾਲ ਅਪਰਾਧੀ ਘੋਸ਼ਿਤ ਕਰਨ ਦੀ ਉਮਰ 14 ਸਾਲ ਅਤੇ ਵੱਧ ਤੋਂ ਵੱਧ 18 ਸਾਲ ਹੈ। ਇਸੇ ਤਰ੍ਹਾਂ ਮਿਸਰ ਵਿੱਚ 7 ਸਾਲ ਤੋਂ 15 ਸਾਲ, ਬਿ੍ਰਟੇਨ ਵਿੱਚ 11 ਤੋਂ 16 ਸਾਲ ਅਤੇ ਇਰਾਨ ਵਿੱਚ 11 ਤੋਂ 18 ਸਾਲ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅਨੁਸਾਰ ਹਾਲ ਦੇ ਸਾਲਾਂ ਵਿੱਚ ਬਾਲ ਅਪਰਾਧ ਦੀਆਂ ਘਟਨਾਵਾਂ ਤੇਜੀ ਨਾਲ ਵਧੀਆਂ ਹਨ।
ਸਮਾਜ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ। ਇਸਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਅਮਰੀਕਾ ਵਰਗੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਹਨ, ਪਰ ਭਾਰਤ ਵਿੱਚ ਇਹ ਵੱਡੀ ਗੱਲ ਹੈ। ਇਹ ਘਟਨਾ ਸਾਫ ਤੌਰ ਤੇ ਜਾਹਿਰ ਕਰਦੀ ਹੈ ਕਿ ਅਸੀਂ ਕਿਸ ਸਮਾਜਿਕ ਬਦਲਾਅ ਵੱਲ ਵੱਧ ਰਹੇ ਹਾਂ। ਆਉਣ ਵਾਲੀ ਪੀੜ੍ਹੀ ਵਿੱਚ ਸੰਵਾਦ, ਸੰਜਮ ਸਹਿਨਸ਼ੀਲਤਾ, ਸਬਰ ਤੇ ਮੁਆਫੀ ਦੀ ਕਮੀ ਦਿਖਣ ਲੱਗੀ ਹੈ। 14 ਸਾਲ ਦੀ ਉਮਰ ਭਾਰਤੀ ਸਮਾਜ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਣ ਦੀ ਹੁੰਦੀ ਹੈ। ਇਸ ਉਮਰ ਦੇ ਕਿਸ਼ੋਰ ਪ੍ਰਯੋਗਵਾਦੀ ਕਿੱਥੋਂ ਹੋ ਗਏ ਹਨ। ਅਸੀਂ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਨੂੰ ਕਿਹੋ ਜਿਹਾ ਮਾਹੌਲ ਦੇਣਾ ਚਾਹੁੰਦੇ ਹਾਂ। 14 ਸਾਲ ਦੀ ਉਮਰ ਦਾ ਨਾਬਾਲਿਗ ਕਿਸ਼ੋਰ ਪਿਸਟਲ ਵਿੱਚ ਗੋਲੀਆਂ ਭਰਨਾ ਅਤੇ ਟਿ੍ਰਗਰ ਦਬਾਉਣਾ ਕਿਵੇਂ ਸਿਖ ਗਿਆ? ਇਹ ਸਭ ਤਕਨੀਕੀ ਵਿਕਾਸ ਅਤੇ ਪਰਿਵਾਰਕ ਮਾਹੌਲ ਤੇ ਕਾਫੀ ਜਿਆਦਾ ਨਿਰਭਰ ਕਰਦਾ ਹੈ।
ਸੰਵੇਦਨਸ਼ੀਲ ਹਥਿਆਰ ਬੱਚਿਆਂ ਦੀ ਪਹੁੰਚ ਤੱਕ ਘਰ ਵਿੱਚ ਕਿਵੇਂ ਆਸਾਨ ਹੋ ਗਏ। ਇਸ ਤਰ੍ਹਾਂ ਦੇ ਹਥਿਆਰ ਕੀ ਬੱਚਿਆਂ ਦੀ ਪਹੁੰਚ ਤੋਂ ਛੁਪਾ ਕੇ ਰੱਖਣ ਦੀ ਚੀਜ਼ ਨਹੀਂ ਹਨ। ਫਿਰ ਇਨ੍ਹਾਂ ਹਥਿਆਰਾਂ ਨੂੰ ਘਰ ਵਿੱਚ ਇੰਨੀ ਗੈਰ ਜ਼ਿੰਮੇਵਾਰੀ ਨਾਲ ਕਿਉਂ ਰੱਖਿਆ ਗਿਆ ਸੀ। ਨਾਬਾਲਿਗ ਕਿਸ਼ੋਰ ਉਸ ਹਥਿਆਰ ਤੱਕ ਕਿਵੇਂ ਪਹੁੰਚ ਗਿਆ। ਵਿਦਿਆਰਥੀ ਦੇ ਬੈਗ ਵਿੱਚ ਟਿਫਨ ਰੱਖਦੇ ਸਮੇਂ ਕੀ ਮਾਂ ਨੇ ਉਸਦਾ ਸਕੂਲ ਬੈਗ ਚੈੱਕ ਨਹੀਂ ਕੀਤਾ। ਜਿਸ ਚਾਚੇ ਦੀ ਪਿਸਟਲ ਲੈ ਕੇ ਉਹ ਕਿਸ਼ੋਰ ਸਕੂਲ ਗਿਆ ਸੀ ਉਹ ਫੌਜ ਵਿੱਚ ਤੈਨਾਤ ਦੱਸਿਆ ਗਿਆ ਹੈ। ਛੁੱਟੀ ਤੇ ਘਰ ਆਇਆ ਸੀ, ਫਿਰ ਕੀ ਇਹ ਉਨ੍ਹਾਂ ਦੀ ਖੁਦ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਸ ਤਰ੍ਹਾਂ ਦੇ ਹਥਿਆਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ।
ਨਿਸ਼ਚਿਤ ਰੂਪ ਨਾਲ ਅਸੀਂ ਸਮਾਜ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਨੂੰ ਪੈਦਾ ਕਰ ਰਹੇ ਹਾਂ ਉਹ ਸਾਡੇ ਲਈ ਬੇਹੱਦ ਦੁੱਖਦਾਈ ਹੈ। ਇਨਸਾਨ ਨੇ ਖੁਦ ਨੂੰ ਟਾਈਮ ਮਸ਼ੀਨ ਬਣਾ ਲਿਆ ਹੈ। ਉਹ ਬੱਚਿਆਂ, ਪਰਿਵਾਰ, ਸਮਾਜ ਅਤੇ ਸਮੂਹ ਤੇ ਆਪਣਾ ਧਿਆਨ ਹੀ ਕੇਂਦਰਿਤ ਨਹੀਂ ਕਰ ਪਾ ਰਹੇ ਹਨ। ਜੇਕਰ ਥੋੜ੍ਹੀ ਜਿਹੀ ਵੀ ਚੇਤੰਨਤਾ ਵਰਤੀ ਜਾਂਦੀ ਤਾਂ ਇਸ ਤਰ੍ਹਾਂ ਦੇ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਜੇਕਰ ਉਸ ਹਥਿਆਰ ਨੂੰ ਬੱਚਿਆਂ ਦੀ ਪਹੁੰਚ ਤੋਂ ਸੁਰੱਖਿਅਤ ਸਥਾਨ ਤੇ ਕਿਸੇ ਲਾਕਰ ਵਿੱਚ ਰੱਖਿਆ ਜਾਂਦਾ ਤਾਂ ਇਸ ਤਰ੍ਹਾਂ ਦੀ ਘਟਨਾ ਨਾ ਹੁੰਦੀ। ਇਸ ਘਟਨਾ ਤੋਂ ਸਬਕ ਲੈਂਦੇ ਹੋਏ ਸਕੂਲ ਪ੍ਰਬੰਧਨ ਨੂੰ ਵੀ ਚਾਹੀਦਾ ਹੈ ਕੀ ਬੱਚੇ ਦੇ ਸਕੂਲ ਗੇਟ ਤੇ ਹਰੇਕ ਵਿਦਿਆਰਥੀ ਦੀ ਤਲਾਸ਼ੀ ਲਈ ਜਾਵੇ, ਕਿਉਂਕਿ ਅਪਰਾਧੀ ਕਿਸੇ ਦੇ ਚਿਹਰੇ ਤੇ ਨਹੀਂ ਲਿਖਿਆ ਹੈ। ਸਕੂਲਾਂ ਵਿੱਚ ਮੈਟਲ ਡਿਟੈਕਟਰ ਵੀ ਲਗਾਏ ਜਾਣੇ ਚਾਹੀਦੇ ਹਨ।
ਅਸੀਂ ਮਾਸੂਮ ਬੱਚਿਆਂ ਉੱਤੇ ਸਕੂਲੀ ਕਿਤਾਬਾਂ ਦਾ ਬੋਝ ਜਿਆਦਾ ਪਾ ਦਿੱਤਾ ਹੈ। ਪੜਾਈ ਅਤੇ ਮੁਕਾਬਲੇਦੀ ਹੋੜ ਨੇ ਕਿਸ਼ੋਰੀ ਅਵਸਥਾ ਨੂੰ ਖੋਹ ਲਿਆ ਹੈ। ਆਧੁਨਿਕ ਜੀਵਨ ਸ਼ੈਲੀ ਨੇ ਸਮਾਜਿਕ ਹਾਲਾਤ ਨੂੰ ਲੋੜ ਤੋਂ ਜਿਆਦਾ ਬਦਲ ਦਿੱਤਾ ਹੈ। ਅਸੀਂ ਪ੍ਰਤੀਸਪਰਧੀ ਜੀਵਨ ਵਿੱਚ ਬੱਚਿਆਂ ਅਤੇ ਪਰਿਵਾਰ ਨੂੰ ਸਮਾਂ ਦੇਣਾ ਬੰਦ ਕਰ ਦਿੱਤਾ ਹੈ। ਜਿਸਦੀ ਵਜ੍ਹਾ ਨਾਲ ਬੱਚਿਆਂ ਵਿੱਚ ਇੱਕਲਾਪਨ ਵੱਧ ਰਿਹਾ ਹੈ। ਬੱਚਿਆਂ ਵਿੱਚ ਚਿੜਚਿੜਾਪਨ ਆਉਂਦਾ ਹੈ। ਪਰਿਵਾਰ ਨਾਮ ਦੀ ਸੰਸਥਾ ਅਤੇ ਨੈਤਿਕ ਮੂਲ ਦੀ ਉਨ੍ਹਾਂ ਵਿੱਚ ਸਮਝ ਨਹੀਂ ਪੈਦਾ ਹੁੰਦੀ। ਉਨ੍ਹਾਂ ਨੂੰ ਸਮਾਜ, ਪਰਿਵਾਰ ਵਰਗੇ ਸੰਸਕਾਰ ਹੀ ਨਹੀਂ ਮਿਲ ਪਾਉਂਦੇ। ਸ਼ਹਿਰਾਂ ਵਿੱਚ ਮਾਂ-ਬਾਪ ਦੇ ਕੰਮਕਾਜੀ ਹੋਣ ਨਾਲ ਇਹ ਸਮੱਸਿਆ ਹੋਰ ਵੱਡੀ ਅਤੇ ਡੂੰਘੀ ਬਣ ਜਾਂਦੀ ਹੈ। ਕਿਉਂਕਿ ਇਸ ਤਰ੍ਹਾਂ ਦੇ ਪਰਿਵਾਰ ਵਿੱਚ ਬੱਚਿਆਂ ਲਈ ਸਮਾਂ ਹੀ ਨਹੀਂ ਬਚਦਾ ਹੈ। ਸਕੂਲ ਤੋਂ ਆਉਣ ਤੋਂ ਬਾਅਦ ਬੱਚਿਆਂ ਤੇ ਟਿਊਸ਼ਨ ਅਤੇ ਹੋਮਵਰਕ ਦਾ ਭਾਰ ਵੱਧ ਰਿਹਾ ਹੈ। ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਦਾਦਾ- ਦਾਦੀ ਦਾ ਤਾਂ ਸਮਾਂ ਹੀ ਖਤਮ ਹੋ ਚਲਿਆ ਹੈ, ਨਹੀਂ ਤਾਂ ਘੱਟ ਤੋਂ ਘੱਟ ਸਿਖਿਆਦਾਇਕ ਕਹਾਣੀਆਂ ਦੇ ਮਾਧਿਅਮ ਨਾਲ ਬੱਚਿਆਂ ਦਾ ਮਾਰਗ ਦਰਸ਼ਨ ਹੁੰਦਾ ਸੀ।
ਮਨੋਚਿਕਿਤਸਕ ਡਾ. ਮਨੋਜ ਤਿਵਾਰੀ ਮੰਨਦੇ ਹਨ ਕਿ ਕਿਸ਼ੋਰਾਂ ਵਿੱਚ ਵੱਧਦੀਆਂ ਹਿੰਸਕ ਪ੍ਰਵਿਰਤੀਆਂ ਦੇ ਪਿੱਛੇ ਮਾਪੇ ਵੀ ਹਨ। ਕਿਉਂਕਿ ਬੱਚਿਆਂ ਤੇ ਉਹ ਲੋੜੀਂਦਾ ਧਿਆਨ ਨਹੀਂ ਦੇ ਪਾਉਂਦੇ ਹਨ। ਦੂਜੀ ਵਜ੍ਹਾ ਕਈ ਪਰਿਵਾਰਾਂ ਵਿੱਚ ਮਾਤਾ-ਪਿਤਾ ਵਿੱਚ ਆਪਸੀ ਸੰਬੰਧ ਠੀਕ ਨਾ ਹੋਣ ਨਾਲ ਬੱਚਿਆਂ ਨੂੰ ਲੋੜੀਂਦਾ ਸਮਾਂ ਨਹੀਂ ਮਿਲ ਪਾਉਂਦਾ ਹੈ। ਕਿਸ਼ੋਰਾਂ ਵਲੋਂ ਹਿੰਸਕ ਵੀਡੀਓ ਗੇਮਾਂ ਖੇਡਣ ਨਾਲ ਵੀ ਉਨ੍ਹਾਂ ਦੇ ਦਿਮਾਗ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਜਿਸਦੀ ਵਜ੍ਹਾ ਨਾਲ ਉਨ੍ਹਾਂ ਵਿੱਚ ਹਿੰਸਕ ਪ੍ਰਵਿ੍ਰਤੀ ਵੱਧਦੀ ਹੈ। ਕਿਸ਼ੋਰਾਂ ਵਿੱਚ ਸੰਜਮ ਦੀ ਕਮੀ ਹੁੰਦੀ ਹੈ ਅਤੇ ਉਹ ਫੈਸਲੇ ਆਪਣੇ ਆਧਾਰ ਤੇ ਲੈਂਦੇ ਹਨ। ਡਾ. ਤਿਵਾਰੀ ਦੇ ਅਨੁਸਾਰ ਕਿਸ਼ੋਰ ਅਵਸਥਾ ਦੇ ਨਾਲ ਅਸੀਂ ਗੁੱਸੇ ਦੇ ਬਜਾਏ ਮਿੱਤਰਤਾ ਪੂਰਨ ਵਿਵਹਾਰ ਰੱਖੀਏ। ਉਨ੍ਹਾਂ ਦੇ ਨਾਲ ਖੇਡੀਏ ਅਤੇ ਗੱਲਬਾਤ ਕਰੀਏ। ਉਨ੍ਹਾਂ ਨੂੰ ਜਿਆਦਾ ਸਮੇਂ ਤੱਕ ਮੋਬਾਇਲ ਅਤੇ ਟੈਲੀਵਿਜਨ ਦੇ ਨਾਲ ਇਕੱਲੇ ਨਾ ਛੱਡੋ। ਬੱਚਿਆਂ ਨੂੰ ਇਕੱਲੇ ਬਹੁਤ ਜਿਆਦਾ ਸਮਾਂ ਬਤੀਤ ਨਾ ਕਰਨ ਦਿਓ। ਬੱਚੇ ਦੇ ਵਿਵਹਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਧਾਰਣ ਤਬਦੀਲੀ ਹੋਣ ਤੇ ਉਸਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਅਤੇ ਸੰਭਵ ਹੋਵੇ ਤਾਂ ਮਨੋਵਿਗਿਆਨਿਕ ਸਲਾਹ ਲਓ।
ਹਾਲਾਂਕਿ ਕੋਰੋਨਾ ਕਾਲ ਵਿੱਚ ਸਥਿਤੀਆਂ ਬਦਲੀਆਂ ਹਨ। ਵਰਕ ਫਰਾਮ ਹੋਮ ਅਤੇ ਸਕੂਲੀ ਤਾਲਾਬੰਦੀ ਹੋਣ ਨਾਲ ਮਾਪਿਆਂ ਨੇ ਬੱਚਿਆਂ ਨੂੰ ਕਾਫੀ ਸਮਾਂ ਦਿੱਤਾ ਹੈ। ਕੋਵਿਡ-19 ਨਾਲ ਵੈਸ਼ਵਿਕ ਅਰਥ ਵਿਵਸਥਾ ਨੂੰ ਵੱਡਾ ਝਟਕਾ ਬੇਸ਼ੱਕ ਲੱਗਿਆ ਹੋਵੇ, ਪਰ ਪਰਿਵਾਰ ਨਾਮ ਦੀ ਸੰਸਥਾ ਦਾ ਮਤਲਬ ਲੋਕਾਂ ਦੇ ਸਮਝ ਵਿੱਚ ਆ ਗਿਆ ਹੈ। ਇਸਤੋਂ ਪਹਿਲਾ ਸ਼ਹਿਰੀ ਜੀਵਨ ਵਿੱਚ ਬੱਚਿਆਂ ਨੂੰ ਬਹੁਤ ਮੁਸ਼ਕਿਲ ਨਾਲ ਐਤਵਾਰ ਉਪਲੱਬਧ ਹੋ ਪਾਉਂਦਾ ਸੀ। ਜਿਸ ਵਿੱਚ ਮਾਂ- ਬਾਪ ਬੱਚਿਆਂ ਲਈ ਸਮਾਂ ਕੱਢ ਪਾਉਂਦੇ ਸਨ, ਪਰ ਕੋਰੋਨਾ ਨੇ ਪਰਿਵਾਰ ਨਾਮਕ ਸੰਸਥਾ ਨੂੰ ਮਜਬੂਤ ਕੀਤਾ ਹੈ। ਬੁਲੰਦਸ਼ਹਿਰ ਦੀ ਘਟਨਾ ਸਾਡੇ ਲਈ ਵੱਡਾ ਸਬਕ ਹੈ। ਸਾਨੂੰ ਬੱਚਿਆਂ ਲਈ ਸਮਾਂ ਕੱਢਣਾ ਪਵੇਗਾ। ਕਿਤਾਬੀ ਗਿਆਨ ਤੋਂ ਇਲਾਵਾ ਸਾਨੂੰ ਪਰਿਵਾਰਕ ਅਤੇ ਸਮਾਜਿਕ ਸਿੱਖਿਆ ਵੀ ਬੱਚਿਆਂ ਨੂੰ ਦੇਣੀ ਪਵੇਗੀ।
ਕਿਸ਼ੋਰ ਉਮਰ ਬੇਹੱਦ ਨਾਜ਼ੁਕ ਹੁੰਦੀ ਹੈ ਇਹ ਆਪਣੀ ਦਿਸ਼ਾ ਤੇਜੀ ਨਾਲ ਤੈਅ ਕਰਦੀ ਹੈ। ਤੁਹਾਡਾ ਬੱਚਾ ਸਕੂਲ ਅਤੇ ਕਾਲਜ ਜਾ ਰਿਹਾ ਹੈ ਤਾਂ ਉੱਥੇ ਕੀ ਕਰ ਰਿਹਾ ਹੈ ਉਸਦੀ ਨਿਗਰਾਨੀ ਵੀ ਤੁਸੀਂ ਹੀ ਕਰਨੀ ਹੈ। ਬੱਚੇ ਨਾਲ ਮਿੱਤਰਤਾ ਪੂਰਨ ਵਿਵਹਾਰ ਰੱਖੋ। ਬੱਚਿਆਂ ਦੀ ਸਕੂਲ ਬੈਗ ਨੂੰ ਟਿਫਨ ਦੇ ਬਹਾਨੇ ਚੈੱਕ ਕਰੋ ਕਿ ਸਕੂਲ ਬੈਗ ਵਿੱਚ ਕੋਈ ਵੀ ਅਜਿਹੀ ਚੀਜ਼ ਤਾਂ ਨਹੀਂ ਰੱਖੀ ਹੈ ਜਿਸਦੇ ਨਾਲ ਉਸਦੇ ਬੁਰੇ ਵਿਵਹਾਰ ਦਾ ਪਤਾ ਚੱਲਦਾ ਹੋਵੇ। ਬੱਚਿਆਂ ਨੂੰ ਸਮਾਂ ਦਿਓ ਅਤੇ ਸ਼ਾਮ ਨੂੰ ਸਕੂਲੀ ਦਿਨ ਦੇ ਬਾਰੇ ਪੂਰੀ ਜਾਣਕਾਰੀ ਲਓ। ਸਕੂਲ ਅਤੇ ਟਿਊਸ਼ਨ ਅਧਿਆਪਕ ਨਾਲ ਵੀ ਸੰਪਰਕ ਬਣਾਕੇ ਰੱਖੋ। ਇਨ੍ਹਾਂ ਸਭ ਗੱਲਾਂ ਨਾਲ ਤੁਸੀਂ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਕਰਕੇ ਮਾਂ- ਬਾਪ ਦੇ ਰੂਪ ਵਿੱਚ ਇੱਕ ਨੈਤਿਕ ਅਧਿਆਪਕ ਤੁਸੀਂ ਖੁਦ ਬਣ ਸਕਦੇ ਹੋ ਅਤੇ ਬੱਚਿਆਂ ਵਿੱਚ ਵੱਧਦੇ ਅਪਰਾਧ ਦੀ ਪ੍ਰਵਿਰਤੀ ਨੂੰ ਕੰਟਰੋਲ ਕਰ ਸਕਦੇ ਹੋ।
ਪ੍ਰਭੂ ਨਾਥ ਸ਼ੁਕਲ

Leave a Reply

Your email address will not be published. Required fields are marked *