ਬਾਲ ਮਜਦੂਰੀ ਨੂੰ ਠੱਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ 700 ਥਾਵਾਂ ਤੇ ਕੀਤੀ ਪੜਤਾਲ: ਨਵਪ੍ਰੀਤ ਕੌਰ

ਐਸ.ਏ.ਐਸ. ਨਗਰ, 15 ਜੂਨ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਾਲ ਮਜਦੂਰੀ ਨੂੰ ਠੱਲ ਪਾਊਣ ਲਈ ਵਿੱਢੀ ਗਈ ਮੁਹਿੰਮ ਤਹਿਤ ਹੁਣ ਤੱਕ 700 ਵੱਖ ਵੱਖ ਥਾਵਾਂ ਤੇ ਜਾ ਕੇ ਪੜ੍ਹਤਾਲ ਕੀਤੀ ਗਈ ਅਤੇ ਪੜਤਾਲ ਦੌਰਾਨ ਬਾਲ ਮਜਦੂਰੀ ਕਰਵਾ ਰਹੇ 6 ਬੱਚਿਆਂ ਨੂੰ ਛਡਵਾਇਆ ਗਿਆ, 6 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਅਤੇ 6 ਬੱਚੇ ਜੋ ਸਕੂਲ ਨਹੀਂ ਜਾਂਦੇ ਸਨ| ਉਨ੍ਹਾਂ ਨੂੰ ਵੱਖ ਵੱਖ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ  ਬਾਲ ਸੁਰੱਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਬਾਲ ਮਜਦੂਰੀ ਕਰਾਉਣਾ ਕਾਨੂੰਨੀ ਜੁਰਮ ਹੈ|
ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਬਾਲ ਸੁਰੱਖਿਆ ਲਈ ਜ਼ਿਲ੍ਹਾ ਪੱਧਰ ਬਲਾਕ ਪੱਧਰ ਅਤੇ ਪਿੰਡ ਪੱਧਰ ਤੇ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ| ਜ਼ਿਲ੍ਹਾ ਪੱਧਰ ਤੇ ਇੱਕ, ਬਲਾਕ ਪੱਧਰ ਤੇ ਤਿੰਨ ਅਤੇ ਪਿੰਡ ਪੱਧਰ ਤੇ 297 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਹਨ੍ਹਾਂ  ਕਮੇਟੀਆਂ ਵੱਲੋਂ  ਬਾਲ ਮਜਦੂਰੀ ਨੂੰ ਰੋਕਣ ਲਈ ਸਮੇਂ ਸਮੇਂ ਤੇ ਕੀਤੀ ਜਾਣ ਵਾਲੀ ਪੜ੍ਹਤਾਲ ਦੌਰਾਨ ਸਮੂਲੀਅਤ ਕੀਤੀ ਜਾਂਦੀ ਹੈ|  ਉਨ੍ਹਾਂ ਹੋਰ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਸਨ, ਜ਼ਿਲ੍ਹੇ ਵਿੱਚ 188 ਬੱਚਿਆਂ ਦੇ ਆਧਾਰ ਕਾਰਡ ਵੀ ਬਣਾਏ ਗਏ ਹਨ|
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਮੁਸ਼ਕਾਨ ਐਂਡ ਸਮਾਈਲ ਓਪਰੇਸ਼ਨ ਤਹਿਤ ਚਾਇਲਡ ਵੈਲਫੇਅਰ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ ਤਿੰਨ ਵਾਰ ਅਚਨਚੇਤੀ ਚੈਕਿੰਗ ਕੀਤੀ ਗਈ ਅਤੇ ਇਸ ਮੁਹਿੰਮ ਦੌਰਾਨ ਬੰਧੂਆ ਮਜਦੂਰੀ ਕਰ ਰਹੇ 11 ਬੱਚਿਆਂ ਨੂੰ ਛੁਡਵਾਇਆ ਗਿਆ ਅਤੇ ਬੰਧੂਆ ਮਜਦੂਰੀ ਕਰਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਰਵਾਈ ਕੀਤੀ ਗਈ| ਉਨ੍ਹਾਂ ਦੱਸਿਆ ਕਿ ਚਾਇਲਡ ਕੇਅਰ ਇੰਸਟੀਚਿਊਟਸ ਦੀਆਂ ਮਹੀਨਾਵਾਰ ਅਚਨਚੇਤੀ ਚੈਕਿੰਗ ਵੀ ਕੀਤੀ ਜਾਂਦੀ ਹੈ| ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ ਵੱਖ ਸਮੇਂ ਤੇ 115 ਵਾਹਨਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਅਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ ਅਤੇ ਬੱਸਾਂ ਚਲਾਉਣ ਵਾਲੇ ਡਰਾਇਵਰਾਂ ਨੂੰ ਵੀ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਬਾਲ ਸੁਰੱਖਿਆ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਲਈ ਕਰੀਬ 20 ਸੈਮੀਨਾਰ ਆਯੋਜਤ ਕੀਤੇ ਗਏ|

Leave a Reply

Your email address will not be published. Required fields are marked *