ਬਿਜਲਈ ਵਾਹਨਾਂ ਤੇ ਕੇਂਦਰਿਤ ਹੋਵੇਗੀ ਪੰਜਾਬ ਦੀ ਨਵੀਂ ਸਨਅਤੀ ਨੀਤੀ : ਕੈਪਟਨ

ਚੰਡੀਗੜ੍ਹ, 24 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪੱਖੀ ਬਿਜਲਈ ਵਾਹਨਾਂ ਨੂੰ ਵੱਡੀ ਪੱਧਰ ‘ਤੇ ਉਤਸ਼ਾਹਤ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਵੀਂ ਸਨਅਤੀ ਨੀਤੀ ਵੀ ਵਿਸ਼ੇਸ਼ ਤੌਰ ਤੇ ਇਸ ਤੇ ਕੇਂਦਰਿਤ ਹੋਵੇਗੀ|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਮਹਿੰਦਰਾ ਤੇ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨਾਲ ਇਕ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ|
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੀ ਕੰਪਨੀ ਯਿਨਲੌਂਗ ਨੇ ਹਾਲ ਹੀ ਵਿੱਚ ਸੂਬੇ ਵਿੱਚ ਬਿਜਲਈ ਕਾਰਾਂ ਅਤੇ ਬੱਸਾਂ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਬਾਰੇ ਉਨ੍ਹਾਂ ਨਾਲ ਵਿਚਾਰ ਕੀਤੀ ਸੀ| ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲਈ ਟੈਕਸੀਆਂ ਲਈ ਓਲਾ ਨਾਲ ਗੱਲਬਾਤ ਚਲਾਈ ਜਾ ਰਹੀ ਹੈ| ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲਈ ਵਾਹਨਾਂ ਨੂੰ ਰਵਾਇਤੀ ਵਾਹਨਾਂ ਦਾ ਬਦਲ ਬਣਾਉਣ ਦੀ ਇਛੁੱਕ ਹੈ ਕਿਉਂ ਜੋ ਪੈਟਰੋਲ ਤੇ ਡੀਜ਼ਲ ਤੇ ਚਲਦੇ ਵਾਹਨ ਵੱਧ ਪ੍ਰਦੂਸ਼ਣ ਦਾ ਕਾਰਨ  ਬਣਦੇ ਹਨ|
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਊਬਰ ਵਾਂਗ ਟਰੈਕਟਰਾਂ ਲਈ ਵੀ ਟਰਿੰਗੋ ਨਾਂ ਦੀ ਐਪ ਸ਼ੁਰੂ ਕਰਨ ਦੇ ਪ੍ਰਸਤਾਵ ਤੇ ਵਿਚਾਰ ਕੀਤੀ ਗਈ| ਬੁਲਾਰੇ ਨੇ ਦੱਸਿਆ ਕਿ ਇਹ ਐਪ ਟਰੈਕਟਰ ਮਾਲਕਾਂ ਨੂੰ ਆਪਣਾ ਵਾਹਨ ਕਿਰਾਏ ਤੇ ਦੇਣ ਦੇ ਯੋਗ ਬਣਾਏਗੀ| ਸ੍ਰੀ ਗੋਇਨਕਾ ਵੱਲੋਂ ਪੰਜਾਬ ਵਿੱਚ ਆਪਣੇ ਟਰੈਕਟਰ ਯੂਨਿਟਾਂ ਦੇ ਪਾਸਾਰ ਲਈ ਕੀਤੀ ਅਪੀਲ ਤੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਸਬੰਧ ਵਿੱਚ ਤਜਵੀਜ਼ ਸੌਂਪਣ ਲਈ ਆਖਿਆ|
ਮੁੱਖ ਮੰਤਰੀ ਨੇ ਕੰਪਨੀ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ| ਕੰਪਨੀ ਨੇ ਨੌਕਰੀਆਂ ਸਿਰਜਣ ਲਈ ਆਈ.ਟੀ. ਸੈਕਟਰ ਵਿੱਚ ਅਥਾਹ ਸਮਰਥਾ ਦੱਸਿਆ ਤਾਂ ਮੁੱਖ ਮੰਤਰੀ ਨੇ ਮੁਹਾਲੀ ਵਿੱਚ ਬੀ.ਪੀ.ਓ. ਦੀ ਸਥਾਪਨਾ ਵਿੱਚ ਟੈਕ ਮਹਿੰਦਰਾ ਨੂੰ ਮਦਦ ਦੀ ਪੇਸ਼ਕਸ਼ ਕੀਤੀ|
ਦੋਵਾਂ ਧਿਰਾਂ ਨੇ ਹੰਗਾਮੀ ਸੇਵਾਵਾਂ ਲਈ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਡਾਇਲ 100 ਦੀ ਸਹੂਲਤ ਪੰਜਾਬ ਵਿੱਚ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਤਾਂ ਕਿ ਤੁਰੰਤ ਹੰਗਾਮੀ ਸੇਵਾਵਾਂ ਮੁਹੱਈਆ ਕਰਵਾ ਕੇ ਲੋਕਾਂ ਦੀਆਂ ਵਿਸ਼ੇਸ਼ ਲੋੜਾਂ ਸਮੇਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ| ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਤੇ ਪੁਲੀਸ ਵਿਭਾਗਾਂ ਵੱਲੋਂ ਤਜਵੀਜ਼ ਦਾ ਅਧਿਐਨ ਕੀਤਾ ਜਾ ਰਿਹਾ ਹੈ|
ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਿੱਤ ਸਕੱਤਰ ਏ.ਕੇ. ਸਿਨਹਾ, ਐਡੀਸ਼ਨਲ ਸੀ.ਈ.ਓ.          ਨਿਵੇਸ਼ ਪੰਜਾਬ ਸ਼ਰੂਤੀ ਸਿੰਘ, ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਐਮ.ਡੀ. ਡਾ. ਪਵਨ ਗੋਇਨਕਾ, ਮਹਿੰਦਰਾ ਐਂਡ ਮਹਿੰਦਰਾ ਦੇ ਖੇਤੀ ਸਾਜ਼ੋ-ਸਾਮਾਨ ਸੈਕਟਰ ਦੇ ਮੁਖੀ ਰਾਜੇਸ਼ ਜੇਜੁਰਿਕਰ, ਕੰਪਨੀ ਦੇ ਸਵਰਾਜ ਡਵੀਜ਼ਨ ਦੇ ਸੀ.ਓ.ਓ. ਵਿਰੇਨ ਪੋਪਲੀ, ਕੰਪਨੀ ਦੇ ਸਵਰਾਜ ਡਵੀਜ਼ਨ ਦੇ ਈ.ਆਰ. ਤੇ ਸੀ.ਐਸ.ਆਰ ਦੇ ਉਪ ਮੁਖੀ ਪ੍ਰਮੋਦ ਲਾਂਬਾ ਮੌਜੂਦ ਸਨ|

Leave a Reply

Your email address will not be published. Required fields are marked *