ਬਿਜਲੀ ਦੇ ਸਮਾਰਟ ਮੀਟਰ ਦੇ ਨਾਮ ਤੇ ਲੋਕਾਂ ਤੋਂ ਜਬਰਦਸਤੀ 7 ਹਜ਼ਾਰ ਰੁਪਏ ਵਸੂਲ ਰਹੀ ਹੈ ਕੈਪਟਨ ਸਰਕਾਰ : ਅਮਨ ਅਰੋੜਾ


ਚੰਡੀਗੜ੍ਹ, 8 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਕੇ ਖਪਤਕਾਰਾਂ ਤੋਂ 7000 ਰੁਪਏ ਵਸੂਲੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੈਪਟਨ ਆਪਣਾ ਚੁਣਾਵੀਂ ਖਰਚ ਕੱਢਣ ਲਈ ਲੋਕਾਂ ਨੂੰ ਬਿਜਲੀ ਚੋਰ ਦੱਸਕੇ ਉਨ੍ਹਾਂ ਤੋਂ 7000 ਹਜ਼ਾਰ ਰੁਪਏ ਦੀ ਠੱਗੀ ਕਰ ਰਹੇ ਹਨ।
ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਬਿਜਲੀ ਚੋਰੀ ਰੋਕਣ ਦੇ ਨਾਮ ਉੱਤੇ ਕੈਪਟਨ ਅਤੇ ਪਾਵਰਕਾਮ ਕੰਪਨੀ ਮਿਲਕੇ ਇਕ ਨੀਤੀ ਦੇ ਤਹਿਤ ਲੋਕਾਂ ਤੋਂ ਪੈਸੇ ਵਸੂਲਣ ਦਾ ਕੰਮ ਕਰ ਰਹੇ ਹਨ, ਜਦੋਂ ਕਿ ਪਹਿਲਾਂ ਅਕਾਲੀ ਸਰਕਾਰ ਸਮੇਂ ਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਅਕਾਲੀ ਤੇ ਕਾਂਗਰਸੀ ਆਗੂਆਂ ਵੱਲ ਬਿਜਲੀ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਖੜ੍ਹੇ ਹਨ।
ਉਹਨਾਂ ਕਿਹਾ ਕਿ ਜਦੋਂ ਪਹਿਲਾਂ ਤੋਂ ਹੀ ਸਭ ਦੇ ਘਰਾਂ ਵਿੱਚ ਮੀਟਰ ਲੱਗੇ ਹੋਏ ਹਨ ਤਾਂ ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ ਸਮਾਰਟ ਮੀਟਰ ਦੇ ਨਾਮ ਤੇ ਜਨਤਾ ਉਤੇ 7000 ਰੁਪਏ ਦਾ ਬੋਝ ਪਾਉਣ ਦੀ ਕੀ ਜ਼ਰੂਰਤ ਹੈ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਪੰਜਾਬ ਵਿੱਚ ਹੈ। ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਰਕਾਰ ਬਣਾਉਣ ਦੇ ਬਾਅਦ ਅਕਾਲੀ ਦਲ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਰੱਦ ਕਰਕੇ ਉਨ੍ਹਾਂ ਉੱਤੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕਹੀ ਸੀ, ਪ੍ਰੰਤੂ ਸਰਕਾਰ ਬਣਨ ਦੇ ਬਾਅਦ ਕੈਪਟਨ ਇਨ੍ਹਾਂ ਸਭ ਚੀਜਾਂ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਤਾ ਚਲ ਗਿਆ ਹੈ ਕਿ ਅਗਲੀਆਂ ਚੋਣਾਂ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦੇਣਾ ਹੈ, ਇਸ ਲਈ ਉਨ੍ਹਾਂ ਹੁਣ ਵੋਟ ਮੰਗਣ ਦੇ ਬਦਲੇ ਜਨਤਾ ਨੂੰ ਲੁੱਟਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *