ਬਿਜਲੀ ਬਿਲ 2020 ਅਤੇ ਕਿਰਤ ਕੋਡ ਬਿਲ ਰੱਦ ਕਰਾਉਣ ਲਈ 25 ਸਤੰਬਰ ਨੂੰ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੇਗੀ ਟੈਕਨੀਕਲ ਸਰਵਿਸਜ਼ ਯੂਨੀਅਨ

ਖਰੜ, 22 ਸਤੰਬਰ  (ਸ਼ਮਿੰਦਰ ਸਿੰਘ) ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਦੇ ਸੂਬਾ ਪ੍ਰਧਾਨ ਭਰਪੂਰ ਸਿੰਘ ਅਤੇ ਜਨਰਲ ਸਕੱਤਰ ਪ੍ਰਮੋਦ ਕੁਮਾਰ ਨੇ ਐਲਾਨ ਕੀਤਾ ਹੈ  ਕਿ  ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਾਹਲੀ ਨਾਲ ਪਾਸ ਕੀਤੇ ਖੇਤੀ ਮੰਡੀਕਰਨ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ, ਬਿਜਲੀ ਸੋਧ ਬਿਲ 2020 ਅਤੇ ਕਿਰਤ ਕਾਨੂੰਨਾਂ ਨੂੰ ਖਤਮ ਕਰਨ ਲਈ ਲੋਕ ਸਭਾ ਵਿਚ ਪੇਸ ਲੇਬਰ ਕੋਡ ਬਿਲ ਵਾਪਸ ਕਰਾਉਣ ਲਈ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ 25 ਸਤੰਬਰ ਨੂੰ ਸਾਰੇ ਪੰਜਾਬ ਵਿਚ ਸਬ ਡਿਵੀਜਨ ਪੱਧਰ ਤੇ ਰੈਲੀਆਂ ਕਰਕੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ|
ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਪ੍ਰਮੋਦ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿਨਾਂ ਵੋਟਿੰਗ ਕਰਵਾਏ ਖੇਤੀ ਮੰਡੀਕਰਨ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਘੱਟੋ ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ| ਇਸਦੇ ਨਾਲ ਹੀ ਖੁਰਾਕੀ ਮੰਡੀ ਉਤੇ ਕਾਰਪੋਰੇਟ ਘਰਾਨਿਆਂ ਦਾ ਕਬਜਾ ਹੋਣ ਦੇ ਨਾਲ ਉਨ੍ਹਾਂ ਲਈ ਸੁਪਰ ਮੁਨਾਫੇ ਕਮਾਉਣ ਲਈ ਰਾਹ ਖੁੱਲ ਜਾਵੇਗਾ| 
ਉਨ੍ਹਾਂ ਕਿਹਾ ਕਿ ਬਿਜਲੀ ਬਿਲ 2020 ਪਾਸ ਹੋਣ ਨਾਲ ਬਿਜਲੀ             ਖੇਤਰ ਦਾ ਮੁਕੰਮਲ ਨਿਜੀਕਰਨ ਹੋ ਜਾਵੇਗਾ ਜਿਸ ਨਾਲ ਹਰ ਤਰ੍ਹਾਂ ਦੀ ਬਿਜਲੀ ਰਿਆਇਤ ਅਤੇ ਮੁਫਤ ਬਿਜਲੀ ਦੀ ਸਹੂਲਤ ਦਾ ਖਾਤਮਾ ਹੋ ਜਾਵੇਗ| ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਮਜਦੂਰਾਂ ਲਈ ਇਹ ਹੱਲਾ ਤਬਾਹਕੂੰਨ ਸਾਬਤ ਹੋਵੇਗਾ| ਉਨ੍ਹਾਂ ਕਿਹਾ ਕਿ ਬਿਜਲੀ, ਬੈਕਿੰਗ, ਬੀਮਾ, ਟੈਲੀਫੋਨ ਅਤੇ ਰੇਲਵੇ ਆਦਿ ਖੇਤਰਾਂ ਦਾ ਨਿਜੀਕਰਨ ਹੋਣ ਨਾਲ ਪੱਕੇ ਰੁਜਗਾਰ ਦੇ ਮੌਕੇ ਪਹਿਲਾਂ ਹੀ ਖਤਮ ਹੋ ਰਹੇ ਹਨ| ਲੋਕਾਂ ਦੀ ਖਰੀਦ ਸਕਤੀ ਸੁੰਗੜ ਰਹੀ ਹੈ ਜਿਸ ਨਾਲ ਅਰਥਚਾਰਾ ਡੂੰਘੇ ਸੰਕਟ ਦਾ ਸਿਕਾਰ ਹੈ| ਅਜਿਹੀ ਹਾਲਤ ਵਿਚ ਜੇਕਰ ਕਿਸਾਨੀ ਕਿੱਤਾ ਤਬਾਹ ਹੁੰਦਾ ਹੈ ਤਾਂ ਬੇਰੁਜਗਾਰ ਹੋਏ ਲੋਕਾਂ ਦੀ ਆਖਰੀ ਢੋਈ ਪਿੰਡ ਵੀ ਤਬਾਹ ਹੋ ਜਾਣਗੇ|
ਆਗੂਆਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਮੋਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਿਸਾਂ ਨੂੰ ਲਾਗੂ ਕਰਦਿਆਂ ਹਜਾਰਾਂ ਅਸਾਮੀਆਂ ਖਤਮ ਕਰ ਰਹੀ ਹੈ| ਤਨਖਾਹਾਂ ਭੱਤਿਆਂ, ਪੈਨਸਨਾਂ ਅਤੇ ਕਿਰਤ ਕਾਨੂੰਨਾਂ ਨੂੰ ਖੋਰਾ ਲਾ ਰਹੀ ਹੈ| ਕੱਚੇ ਕਾਮਿਆਂ ਦੀਆਂ ਛਾਂਟੀਆਂ ਅਤੇ 50 ਸਾਲ ਦੀ ਸੇਵਾ ਵਾਲੇ ਮੁਲਾਜਮਾਂ ਨੂੰ ਜਬਰੀ ਰਿਟਾਇਰ ਕੀਤਾ ਜਾ ਰਿਹਾ ਹੈ| ਸਰਕਾਰੀ ਥਰਮਲ ਬੰਦ ਕੀਤੇ ਜਾ ਰਹੇ ਹਨ ਅਤੇ ਜਮੀਨਾਂ             ਵੇਚੀਆਂ ਜਾ ਰਹੀਆਂ ਹਨ| ਇਸ ਲਈ ਪੰਜਾਬ ਦੇ ਮਜਦੂਰਾਂ, ਮੁਲਾਜਮਾਂ ਅਤੇ ਕਿਸਾਨਾਂ ਕੋਲ ਵਿਸਾਲ ਏਕਤਾ ਉਸਾਰ ਕੇ ਸਾਂਝਾ ਸੰਘਰਸ਼ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ| 

Leave a Reply

Your email address will not be published. Required fields are marked *