ਬਿਜਲੀ ਬਿੱਲਾਂ ਵਿੱਚ ਕੀਤੇ ਗਏ ਵਾਧੇ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਖਿਲਾਫ ਮੁਜਾਹਰਾ

ਘਨੌਰ, 11 ਫਰਵਰੀ (ਅਭਿਸ਼ੇਕ ਸੂਦ ) ਹਲਕਾ ਘਨੌਰ ਦੇ ਪਿੰਡ ਮੰਡੋਲੀ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਦੇ ਵਾਧੇ ਦੇ ਵਿਰੋਧ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਹਲਕਾ ਇੰਚਾਰਜ ਅਤੇ ਇੰਚਾਰਜ ਜਰਨੈਲ ਸਿੰਘ ਮੰਨੂ, ਬਲਵਿੰਦਰ ਸਿੰਘ ਝਾੜਵਾ, ਰਾਕੇਸ਼ ਕੁਮਾਰ ਬੰਗਾ, ਅਮਰਜੀਤ ਸਿੰਘ, ਗੁਰਦੇਵ ਸਿੰਘ ਮੰਡੋਲੀ ਦੀ ਸਾਂਝੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਬਿਜਲੀ ਖਪਤਕਾਰਾਂ ਨੇ ਹੱਥ ਵਿੱਚ ਬਿਜਲੀ ਦੇ ਬਿੱਲ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ|
ਇਸ ਮੌਕੇ ਵਿਧਾਇਕ ਜਰਨੈਲ ਸਿੰਘ ਮੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਤੇ ਬਿਜਲੀ ਦੇ ਬਿੱਲ ਲਗਾ ਕੇ ਅਤੇ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ| ਕਈ ਪਰਿਵਾਰ ਬਿਜਲੀ ਦਾ ਬਿੱਲ ਨਾ ਭਰਨ ਦੀ ਸੂਰਤ ਵਿੱਚ ਇਕ ਸਾਲ ਤੋਂ ਹਨੇਰੇ ਵਿੱਚ ਜਿੰਦਗੀ ਗੁਜਾਰ ਰਹੇ ਹਨ ਜਦੋਂਕਿ ਸੂਬੇ ਦੇ ਵਿੱਚ ਪੰਜਾਬ ਸਰਕਾਰ ਬਿਜਲੀ ਖੁਦ ਪੈਦਾ ਕਰ ਰਹੀ ਹੈ ਉਸ ਦੇ ਬਾਵਜੂਦ ਵੀ ਦਸ ਰੁਪਏ ਯੂਨਿਟ ਬਿਜਲੀ ਦੇ ਰੇਟ ਕੀਤੇ ਹੋਏ ਹਨ| ਇਸ ਦੇ ਉਲਟ ਦਿੱਲੀ ਵਿੱਚ ਆਮ ਪਾਰਟੀ ਦੀ ਸਰਕਾਰ ਬਿਜਲੀ ਖਰੀਦ ਕੇ ਵੀ ਇਕ ਰੁਪਏ ਯੂਨਿਟ ਦੇ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸੂਬੇ ਦੇ ਵਿੱਚ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਹਾਨੇ ਦੇ ਨਾਲ ਲੋਕਾਂ ਨੂੰ ਮਿਲ ਰਹੀਆਂ ਬੁਨਿਆਦੀ ਸਹੂਲਤਾਂ ਬੰਦ ਕਰਨਾ ਚਾਹੁੰਦੀ ਹੈ| ਉਹਨਾਂ ਕਿਹਾ ਕਿ ਅੱਜ ਗਰੀਬ ਪਰਿਵਾਰਾਂ ਦੇ ਪੰਜ ਹਜਾਰ ਤੋਂ ਲੈ ਕੇ 10 ਹਜਾਰ ਰੁਪਏ ਤਕ ਬਿਜਲੀ ਦੇ ਬਿਲ ਆ ਰਹੇ ਹਨ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਗਰੀਬ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਮਾਫ ਕਰਵਾਉਣ ਦੇ ਲਈ ਵੱਡੇ ਪੱਧਰ ਤੇ ਸੰਘਰਸ਼ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ|
ਇਸ ਮੌਕੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਆਗੂ ਵੀਰਪਾਲ ਕੌਰ, ਨੀਨਾ ਮਿੱਤਲ, ਹਰਿੰਦਰ ਮਲਹੋਤਰਾ, ਹਰਜੀਤ ਸਿੰਘ, ਜਨਕ ਰਾਜ ਭੱਦਕ, ਜਸਵੀਰ ਝੁਗੀਆ, ਗੁਰਦੇਵ ਸਿੰਘ ਲਾਛੜੂ, ਅਮਰ ਸੈਣੀ ਅਤੇ ਸੁੱਚਾ ਸਿੰਘ ਮੰਡੋਲੀ ਵੀ ਹਾਜਰ ਸਨ|

Leave a Reply

Your email address will not be published. Required fields are marked *