ਬਿਜਲੀ ਬੋਰਡ ਦੇ ਸਬ ਸਟੇਸਨ ਵਿੱਚ ਝਾੜੀਆਂ ਨੂੰ ਲੱਗੀ ਅੱਗ, ਵੱਡੇ ਹਾਦਸੇ ਤੋਂ ਬਚਾਓ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਉਦਯੋਗਿਕ ਖੇਤਰ ਫੇਜ਼ 7 ਦੇ 66 ਕੇ ਵੀ ਸਬ ਸਟੇਸਨ ਦੇ ਆਲੇ ਦੁਆਲੇ ਲੱਗੀਆਂ ਕਈ ਫੁੱਟ ਉਚੀਆਂ ਝਾੜੀਆਂ ਅਤੇ ਘਾਹ ਵਿੱਚ ਅੱਜ ਦੁਪਹਿਰ ਅੱਗ ਲੱਗ ਗਈ| ਇਸ ਸਬ ਸਟੇਸਨ ਵਿੱਚ ਰਿਹਾਇਸ਼ੀ ਕੁਆਟਰ ਵੀ ਬਣੇ ਹੋਏ ਹਨ ਅਤੇ ਇਸ ਥਾਂ ਤੇ ਲੱਗੀਆਂ ਇਹਨਾਂ ਉੱਚੀਆਂ ਝਾੜੀਆਂ ਕਾਰਨ ਇੱਥੇ ਰਹਿੰਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਸ ਸਬ ਸਟੇਸ਼ਨ ਦੇ ਆਲੇ ਦੁਆਲੇ ਉੱਗੇ ਉੱਚੇ ਉੱਚੇ ਘਾਹ ਕਾਰਨ ਇਹ ਇਲਾਕਾ ਇੱਕ ਜੰਗਲ ਵੱਧ ਲੱਗਦਾ ਹੈ| ਇਸ ਘਾਹ ਵਿੱਚ ਕਈ ਖਤਰਨਾਕ ਕੀੜੇ ਮਕੌੜੇ ਵੀ ਪੈਦਾ ਹੋ ਚੁੱਕੇ ਹਨ| ਇਸ ਘਾਹ ਕਾਰਨ ਇਸ ਇਲਾਕੇ ਵਿੱਚ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ|
ਅੱਜ ਦੁਪਹਿਰ 12 ਵਜੇ ਦੇ ਕਰੀਬ ਇਸ ਘਾਹ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ| ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉਪਰ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ| ਅੱਗ ਉਪਰ ਜਲਦੀ ਹੀ ਕਾਬੂ ਪਾ ਲੈਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ|
ਮਿਉਂਸਪਲ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਨੇ ਮੰਗ ਕੀਤੀ ਹੈ ਕਿ ਬਿਜਲੀ ਸਬ ਸਟੇਸ਼ਨ ਵਿੱਚ ਲੱਗੀਆਂ ਇਹਨਾਂ ਉੱਚੀਆਂ ਝਾੜੀਆਂ ਨੂੰ ਤੁਰੰਤ ਸਾਫ ਕਰਵਾਇਆ ਜਾਵੇ ਤਾਂ ਜੋ ਇੱਥੇ ਰਹਿ ਰਹੇ ਲੋਕਾਂ ਦੇ ਸਿਰ ਤੇ ਲਮਕ ਰਹੀ ਤਲਵਾਰ ਹਟੇ|

Leave a Reply

Your email address will not be published. Required fields are marked *