ਬਿਜਲੀ ਵਿਭਾਗ ਬਿਨਾ ਰੀਡਿੰਗ ਦੇ ਭਾਰੀ ਭਰਕਮ ਬਿਲ ਭੇਜ ਕੇ ਕਰ ਰਿਹਾ ਹੈ ਲੋਕਾਂ ਦੀ ਲੁੱਟ

ਐਸ ਏ ਐਸ ਨਗਰ, 20 ਅਗਸਤ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਖਜਾਨੇ ਭਰਨ ਲਈ ਆਮ ਲੋਕਾਂ ਦੀ ਲੁੱਟ ਖਸੁੱਟ ਕਰ ਰਹੀ ਹੈ| ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਬੇਹਾਲ ਕੀਤਾ ਹੋਇਆ ਹੈ| ਇਸ ਦੌਰਾਨ ਬਾਜਾਰ ਵਿੱਚ ਹਾਵੀ ਮੰਦੀ ਅਤੇ ਵੱਡੀ ਗਿਣਤੀ ਲੋਕਾਂ ਦਾ ਰੁਜਗਾਰ ਖਤਮ ਹੋ ਜਾਣ ਕਾਰਨ ਜਿੱਥੇ ਆਮ ਲੋਕਾਂ ਲਈ ਆਪਣੇ ਜਰੂਰੀ ਖਰਚੇ ਕੱਢਣੇ ਵੀ ਔਖੇ ਹੋ ਗਏ ਹਨ ਅਤੇ ਦੂਜੇ ਪਾਸੇ ਬਿਜਲੀ ਮਹਿਕਮੇ ਵਲੋਂ ਆਮ ਲੋਕਾਂ ਨੂੰ ਬਿਨਾ ਮੀਟਰ ਰੀਡਿੰਗ ਦੇ ਮਨਮਰਜੀ ਨਾਲ ਬਿਲ ਭੇਜ ਕੇ ਉਹਨਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਆਪਣੇ ਮਾਲੀਏ ਦੀ ਕਮੀ ਪੂਰੀ ਕਰਨ ਲਈ ਲੋਕਾਂ ਨੂੰ ਬਿਨਾ ਵਜ੍ਹਾ ਬਿਜਲੀ ਦੇ ਭਾਰੀ ਬਿਲ ਭੇਜ ਰਹੀ ਹੈ| ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਘਰ ਵਿੱਚ ਹੀ ਰਹਿਣ ਅਤੇ ਘੱਟ ਤੋਂ ਘੱਟ ਬਾਹਰ ਨਿਕਲਣ ਅਤੇ ਦੂਜੇ ਪਾਸੇ ਲੋਕ ਬਿਜਲੀ ਵਿਭਾਗ ਵਲੋਂ ਭੇਜੇ ਜਾਂਦੇ ਭਾਰੀ ਭਰਕਮ ਬਿਲਾਂ ਨੂੰ ਠੀਕ ਕਰਵਾਉਣ ਲਈ ਬਿਜਲੀ ਮਹਿਕਮੇ ਦੇ ਦਫਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੋ ਰਹੇ ਹਨ ਅਤੇ ਉਹਨਾਂ ਨੂੰ ਅਧਿਕਾਰੀਆਂ ਨੂੰ ਮਿਲਣ ਲਈ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ ਪਰੰਤੂ ਇਸਦੇ ਬਾਵਜੂਦ ਅਧਿਕਾਰੀਆਂ ਵਲੋਂ ਲੋਕਾਂ ਨੂੰ ਨਿਆਂ ਨਹੀ ਦਿੱਤਾ ਜਾ ਰਿਹਾ|
ਉਹਨਾਂ ਕਿਹਾ ਕਿ ਬਿਜਲੀ ਸਪਲਾਈ ਹਾਲਤ ਵੀ ਮਾੜੀ ਹੈ ਅਤੇ ਆਏ ਦਿਨ ਵਾਰ ਵਾਰ ਬਿਜਲੀ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਉਹਨਾਂ ਕਿਹਾ ਕਿ ਇਕ ਪਾਸੇ ਲੋਕ ਭਾਰੀ ਭਰਕਮ ਬਿਲ ਅਦਾ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਇਸ ਹੁਮਸ ਭਰੀ ਗਰਮੀ ਵਿੱਚ ਬਿਜਲੀ ਚਲੇ ਜਾਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਉਹਨਾਂ ਮੰਗ ਕੀਤੀ ਹੈ ਕਿ ਆਏ ਦਿਨ ਲਗਦੇ ਬਿਜਲੀ ਕੱਟਾਂ ਤੇ ਰੋਕ ਲਗਾਈ ਜਾਵੇ ਅਤੇ ਲੋਕਾਂ ਨੂੰ ਉਹਨਾਂ ਦੇ ਮੀਟਰ ਦੀ ਰੀਡਿੰਗ ਦੇ ਅਨੁਸਾਰ ਹੀ ਬਿਲ ਭੇਜੇ ਜਾਣ|

Leave a Reply

Your email address will not be published. Required fields are marked *