ਬਿਨਾ ਨੰਬਰ ਪਲੇਟ ਦੇ ਘੁੰਮ ਰਹੀਆਂ ਹਨ ਸ਼ਹਿਰ ਵਿੱਚ ਐਲ ਈ ਡੀ ਲਾਈਟਾਂ ਲਾਉਣ ਵਾਲੀਆਂ ਗੱਡੀਆਂ

ਬਿਨਾ ਨੰਬਰ ਪਲੇਟ ਦੇ ਘੁੰਮ ਰਹੀਆਂ ਹਨ ਸ਼ਹਿਰ ਵਿੱਚ ਐਲ ਈ ਡੀ ਲਾਈਟਾਂ ਲਾਉਣ ਵਾਲੀਆਂ ਗੱਡੀਆਂ
ਜੇਕਰ ਕੋਈ ਹਾਦਸਾ ਹੋਇਆ ਤਾਂ ਗੱਡੀ ਦੀ ਪਹਿਚਾਨ ਤਕ ਹੋਵੇਗੀ ਔਖੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 11 ਜੁਲਾਈ

ਨਗਰ ਨਿਗਮ ਵਲੋਂ ਸ਼ਹਿਰ ਵਿੱਚ ਪਹਿਲਾਂ ਲੱਗੀਆਂ ਸਟ੍ਰੀਟ ਲਾਈਟਾਂ ਦੀ ਥਾਂ ਤੇ ਨਵੀਆਂ ਐਲ ਈ ਡੀ ਲਾਈਟਾਂ  ਲਗਾਉਣ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ| ਇਸ ਸੰਬੰਧੀ ਨਗਰ ਨਿਗਮ ਵਲੋਂ ਮੁੰਬਈ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਜਿਸ ਵਲੋਂ ਸ਼ਹਿਰ ਦੇ ਵੱਖ ਵੱਖ  ਫੇਜ਼ਾਂ ਵਿੱਚ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਵੀ ਪੂਰੀ ਤੇਜੀ ਨਾਲ ਚਲਾਇਆ ਜਾ ਰਿਹਾ ਹੈ| ਨਗਰ ਨਿਗਮ ਵਲੋਂ ਸ਼ਹਿਰ ਦੀਆਂ 20 ਹਜਾਰ ਦੇ ਕਰੀਬ ਸਟ੍ਰੀਟ ਲਾਈਟਾਂ ਦੀ ਥਾਂ ਤੇ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਮੁੰਬਈ ਦੀ ਜਿਸ ਕੰਪਨੀ ਨੂੰ ਦਿੱਤਾ ਗਿਆ ਹੈ ਉਸ ਵਲੋਂ ਇਹ ਕੰਮ ਜੂਨ ਦੇ ਅਖੀਰ ਵਿੱਚ ਖਤਮ ਕੀਤਾ ਜਾਣਾ ਸੀ ਪਰੰਤੂ ਮਾਨਸੂਨ ਦੇ ਮੌਸਮ ਕਾਰਨ ਇਹ ਕੰਮ ਪ੍ਰਭਾਵਿਤ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਹੁਣ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ|
ਇੱਥੋਂ ਤਕ ਤਾਂ ਸਭ ਕੁੱਝ ਠੀਕ ਹੈ ਪਰੰਤੂ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੀ ਥਾਂ ਤੇ ਐਲ ਈ ਡੀ ਲਾਈਟਾਂ ਫਿਟ ਕਰਨ ਲਈ ਉਕਤ ਕੰਪਨੀ ਵਲੋਂ ਜਿਹੜੀਆਂ ਗੱਡੀਆਂ (ਕ੍ਰੇਨਾਂ) ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਉਹਨਾਂ ਤੇ ਲੱਗੀਆਂ ਨੰਬਰ ਪਲੇਟਾਂ ਤੇ ਕੋਈ ਨੰਬਰ ਨਹੀਂ ਲਿਖਿਆ ਗਿਆ ਹੈ| ਇਹਨਾਂ ਗੱਡੀਆਂ ਦੇ ਅਗਲੇ ਪਾਸੇ ਬੰਪਰ ਤੇ ਇੱਕ ਪੀਲੇ ਰੰਗ ਦਾ ਕਾਗਜ ਜਰੂਰ ਲੱਗਿਆ ਹੈ ਜਿਸ ਉੱਤੇ ਐਮ ਐਚ 04 ਲਿਖਿਆ ਹੋਇਆ ਹੈ ਅਤੇ ਬਾਕੀ ਦੇ ਨੰਬਰ ਦੀ ਥਾਂ ਖਾਲੀ ਪਈ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਗੱਡੀਆਂ ਦੇ ਡ੍ਰਾਈਵਰਾਂ ਕੋਲ ਇਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਕਾਗਜਾਤ ਵੀ ਉਪਲਬਧ ਨਹੀਂ ਹਨ| ਇਹ ਸਾਰੀਆਂ ਗੱਡੀਆਂ ਇੰਨ ਬਿੰਨ ਇੱਕ ਵਰਗੀਆਂ ਹਨ ਅਤੇ ਇਹਨਾਂ ਸਾਰੀਆਂ ਤੇ ਹੀ ਕਿਸੇ ਮਨਿਆਰ ਕੰਪਨੀ ਦਾ ਨਾਮ ਅਤੇ ਉਸਦੀ ਵੈਬਸਾਈਟ ਦਾ ਪਤਾ ਮੋਟੇ ਅੱਖਰਾਂ ਵਿੱਚ ਛਪਿਆ ਹੋਇਆ ਹੈ| ਇਸਦੇ ਨਾਲ ਨਾਲ ਇਹਨਾਂ ਗੱਡੀਆਂ ਦੇ ਅਗਲੇ ਹਿੱਸੇ ਤੇ ਮੋਟੇ ਅੱਖਰਾਂ ਵਿੱਚ ਆਨ ਡਿਊਟੀ ਐਮ ਸੀ ਮੁਹਾਲੀ ਵੀ ਲਿਖਿਆ ਹੋਇਆ ਹੈ


ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਇਸ ਸੰਬੰਧੀ ਕਹਿੰਦੇ ਹਨ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਐਲ ਈ ਡੀ ਲਗਾਉਣ ਵਾਲੀਆਂ ਇਹ ਅੱਧਾ ਦਰਜਨ ਦੇ ਕਰੀਬ ਗੱਡੀਆਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੀਆਂ ਹਨ ਪਰੰਤੂ ਹੁਣ ਤਕ ਟ੍ਰੈਫਿਕ ਪੁਲੀਸ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ| ਕਾਰਵਾਈ ਕਰਨੀ ਤਾਂ ਦੂਰ ਇਸ ਪਾਸੇ ਕਿਸੇ ਵਲੋਂ ਧਿਆਨ ਤਕ ਨਹੀਂ ਦਿੱਤਾ ਗਿਆ ਕਿ ਜੇਕਰ ਅਚਾਨਕ ਇਹਨਾਂ ਵਿੱਚੋਂ ਕਿਸੇ ਇੱਕ ਗੱਡੀ ਨਾਲ ਅਚਾਨਕ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਗੱਡੀ ਦੀ ਪਹਿਚਾਨ ਕਿਵੇਂ ਹੋਵੇਗੀ ਕਿਉਂਕਿ ਇਹ ਸਾਰੀਆਂ ਹੀ ਗੱਡੀਆਂ ਇੰਨ ਬਿੰਨ ਇੱਕ ਵਰਗੀਆਂ ਹਨ ਅਤੇ ਕਿਸੇ ਹਾਦਸੇ ਤੋਂ ਬਾਅਦ ਇਹਨਾਂ ਦੀ ਪਹਿਚਾਨ ਤਕ ਨਹੀਂ ਕੀਤੀ ਜਾ ਸਕਦੀ ਫਿਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਗੱਲ ਤਾਂ ਦੂਰ ਹੈ|
ਉਹ ਕਹਿੰਦੇ ਹਨ ਕਿ ਉੱਝ ਤਾਂ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗਜਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਦੇ ਚਾਲਾਨ ਵੀ ਕੱਟੇ ਜਾਂਦੇ ਹਨ ਪਰੰਤੂ ਪਿਛਲੇ ਛੇ ਮਹੀਨਿਆਂ ਤੋਂ ਸ਼ਹਿਰ ਵਿੱਚ ਨਗਰ ਨਿਗਮ ਦਾਨਾਮ ਵਰਤ ਕੇ ਬਿਨਾ ਨੰਬਰ ਪਲੇਟਾਂ ਤੋਂ ਗੱਡੀਆਂ ਚਲਾਉਣ ਦੀ ਇਸ ਕਾਰਵਾਈ ਦਾ ਟ੍ਰੈਫਿਕ ਪੁਲੀਸ ਵਲੋਂ ਨੋਟਿਸ ਤਕ ਨਹੀਂ ਲਿਆ ਗਿਆ ਹੈ| ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਐਲ ਈ ਡੀ ਲਾਈਟਾਂ ਲਗਵਾਉਣ ਵਾਲੀ ਕੰਪਨੀ ਈ ਸਮਾਰਟ ਦੇ ਪ੍ਰੋਜੈਕਟ ਇੰਜਨੀਅਰ ਸ੍ਰੀ ਅਜੀਤ ਨੇ ਮੰਨਿਆ ਕਿ ਉਹਨਾਂ ਦੀਆਂ ਤਿੰਨ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਹੁਣੇ ਮੁਕੰਮਲ ਨਹੀਂ ਹੈ ਜਿਸ ਕਾਰਨ ਇਹਨਾਂ ਗੱਡੀਆਂ ਦੇ ਨੰਬਰ ਨਹੀਂ ਲੱਗੇ ਹਨ| ਉਹਨਾਂ ਸਫਾਈ ਦਿੱਤੀ ਕਿ ਕੰਪਨੀ ਵਲੋਂ ਇਹਨਾਂ ਤਿੰਨ ਗੱਡੀਆਂ ਦੀ            ਰਜਿਸਟ੍ਰੇਸ਼ਨ ਅਪਲਾਈ ਕੀਤੀ ਹੋਈ ਹੈ| ਇਹ ਪੁੱਛਣ ਤੇ ਕਿ ਗੱਡੀਆਂ ਦੇ ਟੈਂਪਰੇਰੀ ਨੰਬਰ ਤਾਂ ਲਿਖੇ ਜਾ ਸਕਦੇ ਹਨ, ਉਹਨਾਂ ਕਿਹਾ ਕਿ ਉਹ ਅੱਜ ਹੀ ਇਹ ਟੈਂਪਰੇਰੀ ਨੰਬਰ ਲਿਖਵਾ ਦੇਣਗੇ|

Leave a Reply

Your email address will not be published. Required fields are marked *