ਬਿਮਾਰੀਆਂ ਤੋਂ ਬਚਣ ਲਈ ਸੰਤੁਲਿਤ ਖੁਰਾਕ ਜਰੂਰੀ

ਜੇਕਰ ਤੰਦਰੁਸਤ ਰਹਿਣਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਦਾ ਵੀ ਧਿਆਨ ਰੱਖਣਾ ਹੈ ਤਾਂ ਸਾਨੂੰ ਆਪਣਾ ਖਾਣ-ਪੀਣ ਜਲਦੀ ਬਦਲਨਾ ਪਵੇਗਾ| ਦੁਨੀਆ ਦੇ ਕੁੱਝ ਪ੍ਰਮੁੱਖ ਵਿਗਿਆਨੀਆਂ ਦੀ ਸਾਂਝੀ ਰਾਏ ਹੈ ਕਿ ਸੰਨ 2050 ਤੱਕ ਦਸ ਅਰਬ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਸੰਸਾਰਿਕ ਜਨਸੰਖਿਆ ਦਾ ਢਿੱਡ ਭਰਨ ਲਈ ਜਰੂਰੀ ਹੈ ਕਿ ਅਸੀਂ ਹੁਣ ਤੋਂ ਆਪਣੇ ਭੋਜਨ ਦੀ ਥਾਲੀ ਵਿੱਚ ਤਬਦੀਲੀ ਕਰੀਏ| ਇੱਟ-ਲਾਂਸੇਟ ਕਮਿਸ਼ਨ ਦੇ ਤਹਿਤ ਸੰਸਾਰ ਦੇ 37 ਵੱਡੇ ਭੋਜਨ ਵਿਗਿਆਨੀਆਂ ਨੇ ਮਿਲ ਕੇ ‘ਦ ਪਲੈਨੇਟਰੀ ਹੈਲਥ ਡਾਈਟ’ ਤਿਆਰ ਕੀਤਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖ ਜਾਤੀ ਜੇਕਰ ਆਪਣੇ ਖਾਣੇ ਵਿੱਚ ਰੈਡ ਮੀਟ ਅਤੇ ਸ਼ੂਗਰ ਦੀ ਮਾਤਰਾ ਘਟਾ ਕੇ ਉਸ ਦੀ ਜਗ੍ਹਾ ਫਲ ਅਤੇ ਸਬਜੀਆਂ ਵਧਾ ਦੇਵੇ ਤਾਂ ਨਾ ਸਿਰਫ ਕਈ ਬੀਮਾਰੀਆਂ ਤੋਂ ਬਚਾਓ ਹੋਵੇਗਾ ਸਗੋਂ ਲੋਕਾਂ ਦੀ ਉਮਰ ਵੀ ਵਧੇਗੀ|
ਵਿਗਿਆਨੀਆਂ ਦੇ ਅਨੁਸਾਰ, ਯੂਰਪ ਅਤੇ ਨਾਰਥ ਅਮਰੀਕਾ ਦੇ ਲੋਕ ਰੈਡ ਮੀਟ ਬਹੁਤ ਜ਼ਿਆਦਾ ਖਾਂਦੇ ਹਨ| ਉਨ੍ਹਾਂ ਨੂੰ ਇਸ ਵਿੱਚ ਕਮੀ ਕਰਨ ਦੀ ਜ਼ਰੂਰਤ ਹੈ| ਪੂਰਵੀ ਏਸ਼ੀਆ ਵਿੱਚ ਮੱਛੀ ਖਾਣ ਦਾ ਪ੍ਰਚਲਨ ਬਹੁਤ ਜ਼ਿਆਦਾ ਹੈ, ਜਿਸ ਵਿੱਚ ਕਟੌਤੀ ਦੀ ਲੋੜ ਹੈ| ਅਫਰੀਕਾ ਦੇ ਲੋਕਾਂ ਨੂੰ ਸਟਾਰਚ ਵਾਲੀਆ ਸਬਜੀਆਂ (ਆਲੂ, ਸ਼ੱਕਰਕੰਦੀ) ਘੱਟ ਖਾਣੀ ਚਾਹੀਦੀ ਹੈ| ਇਸ ਤਰ੍ਹਾਂ ਜੇਕਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਲੋਕ ਆਪਣੇ ਭੋਜਨ ਵਿੱਚ ਵੱਖ-ਵੱਖ ਤਰ੍ਹਾਂ ਦੇ ਬਦਲਾਓ ਕਰਨ ਤਾਂ ਇੱਕ ਪਰਫੈਕਟ ਡਾਈਟ ਤਿਆਰ ਹੋਵੇਗੀ ਜੋ ਹਾਰਟ ਅਟੈਕ, ਸਟਰੋਕ ਅਤੇ ਕੈਂਸਰ ਵਰਗੀਆਂ ਕਈ ਬਿਮਾਰੀਆਂ ਤੋਂ ਬਚਾਵੇਗੀ| ਇਸ ਨਾਲ ਹਰ ਸਾਲ ਲਗਭਗ 1 ਕਰੋੜ ਲੋਕਾਂ ਦੀ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਨੂੰ ਰੋਕਿਆ ਜਾ ਸਕੇਗਾ| ਵਿਗਿਆਨੀਆਂ ਵਲੋਂ ਤਿਆਰ ਇਸ ਡਾਈਟ ਪਲਾਨ ਨਾਲ ਧਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਵੀ ਹੋ ਸਕੇਗੀ| ਇਸ ਨਾਲ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ ਘਟੇਗਾ, ਜੋ ਵਾਤਾਵਰਣ ਉੱਤੇ ਛਾਈ ਬਿਮਾਰੀ ਦੀ ਸਭ ਤੋਂ ਵੱਡੀ ਵਜ੍ਹਾ ਹੈ| ਇਸ ਨਾਲ ਧਰਤੀ ਉੱਤੇ ਹੁਣ ਮੌਜੂਦ ਕਈ ਜੀਵ ਜੰਤੂਆਂ ਨੂੰ ਵਿਲੁਪਤ ਹੋਣ ਤੋਂ ਬਚਾਇਆ ਜਾ ਸਕੇਗਾ|
ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ ਇਹ ਦੂਰ ਦੀਆਂ ਸਮੱਸਿਆਵਾਂ ਹਨ| ਪਰ ਭਾਰਤ ਦੇ ਆਪਣੇ ਸਮੁੰਦਰੀ ਇਲਾਕਿਆਂ ਵਿੱਚ ਵੀ ਵੱਡੇ ਮਛਲੀਮਾਰ ਜਹਾਜ ਕਈ ਜਲ ਜੀਵਾਂ ਅਤੇ ਬਨਸਪਤੀਆਂ ਦੇ ਨਾਲ-ਨਾਲ ਮਛੇਰਿਆਂ ਦੀ ਵੀ ਬਰਬਾਦੀ ਦਾ ਸਬੱਬ ਬਣ ਰਹੇ ਹਨ| ਇਸ ਦੇ ਵਿਰੋਧ ਵਿੱਚ ਚਲੇ ਉਨ੍ਹਾਂ ਦੇ ਅੰਦੋਲਨ ਅੱਜ ਵੀ ਬੇਨਤੀਜਾ ਹਨ| ਜਾਹਿਰ ਹੈ,ਭੋਜਨ ਵਿੱਚ ਮੱਛੀਆਂ ਘੱਟ ਹੋਣਗੀਆਂ ਤਾਂ ਸਾਡੇ ਸਮੁੰਦਰ ਤੱਟ ਜ਼ਿਆਦਾ ਖੁਸ਼ਹਾਲ ਰਹਿਣਗੇ| ਪਰ ਸਿਰਫ ਡਾਈਟ ਬਦਲਨ ਨਾਲ ਬਹੁਤ ਜ਼ਿਆਦਾ ਫਾਇਦਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਭੋਜਨ ਦੀ ਬਰਬਾਦੀ ਨਹੀਂ ਰੁਕੇਗੀ|
ਸਾਡੇ ਖਾਣ-ਪੀਣ ਦਾ ਸਬੰਧ ਸਾਡੇ ਭੂਗੋਲ ਤੋਂ ਇਲਾਵਾ ਸਾਡੀਆ ਸਮਾਜਿਕ- ਸਭਿਆਚਾਰਕ ਪਰੰਪਰਾਵਾਂ ਨਾਲ ਵੀ ਹੈ| ਪਰ ਪਿਛਲੇ ਕੁਝ ਸਾਲਾਂ ਵਿੱਚ ਬਜ਼ਾਰ ਨੇ ਇਸ ਉੱਤੇ ਡੂੰਘਾ ਅਸਰ ਪਾਇਆ ਹੈ| ਭੋਜਨ ਦਾ ਇੱਕ ਗਲੋਬਲ ਬਜ਼ਾਰ ਤਿਆਰ ਹੋਇਆ ਹੈ, ਜਿਸ ਨੇ ਇਸ ਨੂੰ ਜ਼ਰੂਰਤ ਦੀ ਬਜਾਏ ਫ਼ੈਸ਼ਨ ਅਤੇ ਸਟਾਈਲ ਵਰਗੀ ਚੀਜ ਬਣਾ ਦਿੱਤਾ ਹੈ| ਭਾਰਤ ਵਿੱਚ ਜੰਕ ਫੂਡ ਇਸ ਲਈ ਇੰਨੀ ਤੇਜੀ ਨਾਲ ਫੈਲਿਆ ਹੈ ਅਤੇ ਮਹਿੰਗੇ ਮਾਂਸਾਹਾਰ ਭੋਜਨ ਦੇ ਨਾਮ ਤੇ ਅਜਿਹੇ ਪਕਵਾਨ ਪ੍ਰਚੱਲਿਤ ਹੋ ਗਏ ਹਨ,ਜੋ ਜੀਵਨ ਦੀ ਉਲੰਘਣਾ ਕਰਦੇ ਹਨ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ| ਇਸ ਨੂੰ ਸੋਚ-ਵਿਚਾਰ ਦਾ ਹਿੱਸਾ ਬਣਾਏ ਬਿਨ੍ਹਾਂ ਤੰਦਰੁਸਤ ਡਾਈਟ ਨੂੰ ਬੜਾਵਾ ਨਹੀਂ ਦਿੱਤਾ ਜਾ ਸਕਦਾ| ਵਿਗਿਆਨੀਆਂ ਦੀ ਇਸ ਸਲਾਹ ਨੂੰ ਧਿਆਨ ਵਿੱਚ ਰੱਖ ਕੇ ਸਰਕਾਰਾਂ ਵੀ ਫੂਡ ਸੈਕਟਰ ਨੂੰ ਰੈਗੁਲੇਟ ਕਰ ਸਕਦੀਆਂ ਹਨ, ਪਰ ਸਮਾਜਿਕ ਜਾਗਰੂਕਤਾ ਇਸ ਦੀ ਪਹਿਲੀ ਸ਼ਰਤ ਹੈ|
ਅਮਰ ਸੈਣੀ

Leave a Reply

Your email address will not be published. Required fields are marked *