ਬਿਲਡਰ ਤੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਯੂ ਪੀ ਦਾ ਸਾਬਕਾ ਵਿਧਾਇਕ ਅਤੇ ਮਾਫੀਆ ਡਾਨ ਮੁਖਤਾਰ ਅੰਸਾਰੀ ਮੁਹਾਲੀ ਪੁਲੀਸ ਵਲੋਂ ਕਾਬੂ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਯੂ. ਪੀ. ਦੇ ਬਾਹੁਬਲੀ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਯੂ ਪੀ ਦੇ ਸਾਬਕਾ ਵਿਧਾਇਕ ਸ੍ਰੀ ਮੁਖਤਾਰ ਅੰਸਾਰੀ ਨੂੰ ਮੁਹਾਲੀ ਪੁਲੀਸ ਵਲੋਂ ਇੱਕ ਬਿਲਡਰ ਤੋਂ ਦਸ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਵੱਲੋਂ ਸੈਕਟਰ 70 ਦੇ ਇੱਕ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਅਦਾ ਕਰਨ ਜਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ| ਜਿਸ ਦੀ ਸ਼ਿਕਾਇਤ ਬਿਲਡਰ ਵੱਲੋਂ ਮੁਹਾਲੀ ਪੁਲੀਸ ਨੂੰ ਦਿੱਤੀ ਗਈ ਸੀ ਅਤੇ ਥਾਣਾ ਮਟੌਰ ਵਿੱਚ ਆਈ ਪੀ ਸੀ ਦੀ ਧਾਰਾ 386 ਦੇ ਤਹਿਤ ਮਾਮਲਾ ਦਰਜ ਕਰਕੇ ਮੁਹਾਲੀ ਪੁਲੀਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਵਲੋਂ ਅੱਜ ਮੁਖਤਾਰ ਅੰਸਾਰੀ ਨੂੰ ਯੂ. ਪੀ ਦੀ ਬਾਂਦਾ ਜੇਲ੍ਹ ਤੋਂ ਲਿਆ ਕੇ ਮਾਣਯੋਗ ਜੱਜ ਸ੍ਰੀ ਅਮਿਤ ਬਖਸ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਮੁਖਤਾਰ ਅੰਸਾਰੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ| ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਪੁਲੀਸ ਅਧਿਕਾਰੀ ਮੀਡੀਆ ਦੇ ਸਾਮ੍ਹਣੇ ਆਉਣ ਤੋਂ ਬਚਦੇ ਰਹੇ|

Leave a Reply

Your email address will not be published. Required fields are marked *