ਬੀਜਿੰਗ ਨੂੰ ਝੱਲਣੀ ਪਵੇਗੀ ਪ੍ਰਦੂਸ਼ਣ ਦੀ ਇੱਕ ਹੋਰ ਮਾਰ

ਬੀਜਿੰਗ, 16 ਜਨਵਰੀ (ਸ.ਬ.) ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ| ਚੀਨ ਦੇ ਨਗਰਪਾਲਿਕਾ ਵਾਤਾਵਰਣ ਸੁਰੱਖਿਆ ਬਿਊਰੋ ਮੁਤਾਬਕ ਬੀਜਿੰਗ ਵਿੱਚ ਹਵਾ ਦੀ ਗੁਣਵੱਤਾ ਐਤਵਾਰ ਨੂੰ ਕਾਫੀ ਚੰਗੀ ਸੀ, ਜਿਹੜੀ ਸੋਮਵਾਰ ਨੂੰ ਬਹੁਤ ਪ੍ਰਦੂਸ਼ਿਤ ਹੋ ਗਈ| ਠੰਡੀ ਹਵਾ ਦੇ ਪਹੁੰਚਣ ਦੇ ਨਾਲ ਮੰਗਲਵਾਰ ਰਾਤ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ| ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅੰਦਾਜ਼ੇ ਮੁਤਾਬਕ ਧੁੰਦ ਕਾਰਨ ਦੇਸ਼ ਦੇ ਉੱਤਰੀ ਅਤੇ ਮੱਧ ਚੀਨੀ ਸੂਬੇ ਹੇਬੇਬੀ, ਸ਼ੈਨਦੋਂਗ ਅਤੇ ਹੇਨਨ ਪ੍ਰਭਾਵਿਤ ਹੋਣਗੇ| ਹਵਾ ਪ੍ਰਦੂਸ਼ਣ ਲਈ ਚੀਨ ਵਿੱਚ ਵੱਖ-ਵੱਖ ਰੰਗਾਂ ਦੀ ਚਾਰ ਪੜਾਵੀਂ ਚਿਤਾਵਨੀ ਸੂਚਕ ਪ੍ਰਣਾਲੀ ਹੈ| ਸਭ ਤੋਂ ਗੰਭੀਰ ਪ੍ਰਦੂਸ਼ਣ ਪੱਧਰ ਲਈ ਲਾਲ ਰੰਗ, ਉਸ ਤੋਂ ਘੱਟ ਪੱਧਰ ਲਈ ਸੰਤਰੀ, ਉਸ ਤੋਂ ਘੱਟ ਲਈ ਪੀਲਾ ਅਤੇ ਸਭ ਤੋਂ ਘੱਟ ਪ੍ਰਦੂਸ਼ਣ ਪੱਧਰ ਲਈ ਨੀਲੇ ਰੰਗ ਦੇ ਚਿਤਾਵਨੀ ਸੂਚਕ ਦੀ ਵਰਤੋਂ ਹੁੰਦੀ ਹੈ| ਪੀਲਾ ਅਲਰਟ ਜਾਰੀ ਕਰਨ ਦਾ ਮਤਲਬ ਹੈ ਕਿ ਹਵਾ ਦਾ ਗੁਣਵੱਤਾ ਇੰਡੈਕਸ 48 ਘੰਟਿਆਂ ਲਈ 200 ਤੋਂ ਉੱਪਰ ਹੋ ਜਾਵੇਗਾ| ਨਿਰਮਾਣ ਕਾਰਜ ਸੀਮਤ ਕਰ ਦਿੱਤਾ ਜਾਵੇਗਾ, ਜਦੋਂਕਿ ਸੜਕਾਂ ਦੀ ਸਫਾਈ ਵਧ ਤੋਂ ਵਧ ਕੀਤੀ ਜਾਵੇਗੀ|
ਦੋ ਦਿਨ ਪਹਿਲਾਂ ਬੀਜਿੰਗ ਦੇ ਨਗਰ ਸੁਧਾਰ ਅਤੇ ਵਿਕਾਸ ਕਮਿਸ਼ਨ ਨੇ ਕਿਹਾ ਸੀ ਕਿ ਸਾਲ 2017 ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਹ 18.22 ਅਰਬ ਯੂਆਨ (2.6 ਅਰਬ ਡਾਲਰ) ਤੋਂ ਵਧੇਰੇ ਰਾਸ਼ੀ ਖਰਚ ਕਰੇਗਾ| ਬੀਜਿੰਗ ਦਾ ਉਦੇਸ਼ ਇਸ ਸਾਲ ਪ੍ਰਦੂਸ਼ਣ ਪੱਧਰ ਨੂੰ ਸਲਾਨਾ ਔਸਤ ਪੀ. ਐਮ. 2.5 ਤੋਂ 60 ਮਾਈਕੋਗ੍ਰਾਮ ਘਣਤਾ ਤੱਕ ਕਾਬੂ ਕਰਨਾ ਹੈ| ਬੀਜਿੰਗ ਨੇ ਪ੍ਰਦੂਸ਼ਣ ਤੇ ਰੋਕ ਲਗਾਉਣ ਲਈ ਬਣਾਏ ਗਏ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਵਾਤਾਵਰਣ ਪੁਲੀਸ ਦਾ ਗਠਨ ਵੀ ਕੀਤਾ ਹੈ|

Leave a Reply

Your email address will not be published. Required fields are marked *