ਬੀਬੀ ਗਰਚਾ ਦੀ ਅਗਵਾਈ ਵਿੱਚ ਸਾੜਿਆ ਰਾਵਣ ‘ਚਿੱਟੇ’ ਦਾ ਪੁਤਲਾ

ਨਵਾਂ ਗਰਾਉਂ, 18 ਅਕਤੂਬਰ : ਕੁਝ ਦਿਨ ਪਹਿਲਾਂ ਲੁਧਿਆਣਾ ਵਿਖੇ ‘ਚਿੱਟੇ’ ਰਾਵਣ ਦਾ ਪੁਤਲਾ ਸਾੜ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਉਤੇ ਅਕਾਲੀਆਂ ਵੱਲੋਂ ਹਮਲਾ ਕਰਨ ਅਤੇ ਸਰਕਾਰ ਦੇ ਇਸ਼ਾਰੇ ‘ਤੇ ਕਾਂਗਰਸੀ ਆਗੂਆਂ ਉਤੇ ਝੂਠਾ ਪਰਚਾ ਦਰਜ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਉਤੇ ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਚਿੱਟੇ ਰਾਵਣ ਦਾ ਪੁਤਲਾ ਸਾੜਨ ਦੀ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਹਲਕਾ ਖਰੜ ਦੇ ਕਸਬਾ ਨਵਾਂ ਗਰਾਉਂ ਵਿਖੇ ਚਿੱਟੇ ਰਾਵਣ ਦਾ ਪੁਤਲਾ ਸਾੜਿਆ ਗਿਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਅਹਿਦ ਲਿਆ ਗਿਆ| ਇਸ ਮੌਕੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਅਕਾਲੀ-ਭਾਜਪਾ ਸਰਕਾਰ ਖਿਲਾਫ਼ ਨਾਅਰੇਬਾਜੀ ਵੀ ਕੀਤੀ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਸ਼ਿਆਂ ਦਾ ਖੁੱਲ੍ਹਾ ਦਰਿਆ ਵਗਿਆ ਹੈ| ‘ਚਿੱਟੇ’ ਨਸ਼ੇ ਨੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ| ਇਹ ‘ਚਿੱਟਾ’ ਵੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਹੀ ਪੈਦਾ ਹੋਇਆ ਜਦਕਿ ਇਸ ਤੋਂ ਪਹਿਲਾਂ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ| ਹੁਣ ਜਦੋਂ ਕਾਂਗਰਸ ਪਾਰਟੀ ਵੱਲੋਂ ਨਸ਼ਿਆਂ ਦਾ ਵਿਰੋਧ ਕਰਨ ਲਈ ਮੁਹਿੰਮ ਚਲਾਈ ਗਈ ਤਾਂ ਸਰਕਾਰ ਨੇ ਪਹਿਲਾਂ ਤਾਂ ਕਾਂਗਰਸੀਆਂ ਉਤੇ ਹਮਲਾ ਕਰਵਾਇਆ ਅਤੇ ਫਿਰ ਝੂਠਾ ਪਰਚਾ ਵੀ ਦਰਜ ਕੀਤਾ| ਸਰਕਾਰ ਦੀ ਇਸ ਕੋਝੀ ਹਰਕਤ ਕਾਰਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਧਰਨੇ ਵਿੱਚ ਸ਼ਾਮਿਲ ਹੋਏ|
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਫਰਵਰੀ 2017 ਵਿੱਚ ਇਸ ਅਕਾਲੀ-ਭਾਜਪਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ| ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕੈਪਟਨ ਅਮਰਿੰਦਰ ਸਿੰਘ ਹੀ ਕਰ ਸਕਦੇ ਹਨ|
ਇਸ ਮੌਕੇ ਮਨਜੀਤ ਸਿੰਘ ਕੰਬੋਜ਼, ਮੈਡਮ ਆਸ਼ਾ ਬੱਤਾ, ਸਾਧੂ ਸਿੰਘ, ਭਰਪੂਰ ਸਿੰਘ ਮੁੰਦਰਾ, ਕਰਤਾਰ ਸਿੰਘ, ਨੀਟੂ ਬਾਂਸਲ, ਭਾਗ ਸਿੰਘ, ਸੋਹਣ ਲਾਲ ਸ਼ਰਮਾ, ਚਿਰੰਜੀਵ ਰਾਜੂ ਵਰਮਾ, ਵਿਕਰਮ ਕਪੂਰ, ਗੁਰਬਖਸ਼ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *