ਬੀਬੀ ਗਰਚਾ ਨੇ ਖਰੜ ਦੀਆਂ ਰਿਹਾਇਸ਼ੀ ਕਾਲੋਨੀਆਂ ਦੇ ਵਪਾਰਕ ਖੇਤਰਾਂ ਵਿੱਚ ਟਾਇਲਟ ਬਣਾਉਣ ਸਬੰਧੀ ਕੌਂਸਲ ਪ੍ਰਧਾਨ ਨੂੰ ਲਿਖਿਆ ਪੱਤਰ

ਖਰੜ, 9 ਅਗਸਤ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਹਲਕਾ ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੁੱਟੇ ਜਾ ਰਹੇ ਕਦਮਾਂ ਦੇ ਮੱਦੇਨਜ਼ਰ ਇਸ ਵਾਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਵਸੀਆਂ ਰਿਹਾਇਸ਼ੀ ਕਾਲੋਨੀਆਂ ਦੀਆਂ ਮਾਰਕੀਟਾਂ ਵਿੱਚ ਪਬਲਿਕ ਟਾਇਲੈਟਸ ਦੀ ਅਣਹੋਂਦ ਦਾ ਮੁੱਦਾ ਉਠਾਇਆ ਗਿਆ ਹੈ| ਇਸੇ ਸਬੰਧ ਵਿੱਚ ਬੀਬੀ ਗਰਚਾ ਨੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਨੂੰ ਲੋਕਹਿਤ ਵਿੱਚ ਇੱਕ ਪੱਤਰ ਲਿਖ ਕੇ ਇਨ੍ਹਾਂ ਰਿਹਾਇਸ਼ੀ ਕਾਲੋਨੀਆਂ ਦੀਆਂ ਮਾਰਕੀਟਾਂ ਵਿੱਚ ਪਬਲਿਕ ਟਾਇਲੈਟਸ ਬਣਾਉਣ ਦੀ ਮੰਗ ਕੀਤੀ ਹੈ|
ਬੀਬੀ ਗਰਚਾ ਨੇ ਕੌਂਸਲ ਪ੍ਰਧਾਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਖਰੜ ਸ਼ਹਿਰ ਵਿੱਚ ਸੰਨੀ ਇਨਕਲੇਵ, ਗਿਲਕੋ, ਸ਼ਿਵਾਲਿਕ, ਸ਼ਿਵਜੋਤ ਇਨਕਲੇਵ ਆਦਿ ਸਮੇਤ ਵੱਡੀ ਸੰਖਿਆ ਵਿੱਚ ਪ੍ਰਾਈਵੇਟ ਬਿਲਡਰਾਂ ਵੱਲੋਂ ਰਿਹਾਇਸ਼ੀ ਕਾਲੋਨੀਆ ਵਸਾਈਆਂ ਗਈਆਂ ਹਨ| ਇਨ੍ਹਾਂ ਵੱਡੀਆਂ ਕਾਲੋਨੀਆਂ ਵਿਚ ਬਕਾਇਦਾ ਮਾਰਕੀਟਾਂ ਸਥਾਪਿਤ ਕੀਤੀਆਂ ਗਈਆਂ ਹਨ| ਪ੍ਰੰਤੂ ਇਨ੍ਹਾਂ ਮਾਰਕੀਟਾਂ ਵਿੱਚ ਆਉਣ ਜਾਣ ਵਾਲੇ ਲੋਕਾਂ ਦੇ ਪਬਲਿਕ ਟਾਇਲਟਸ ਦੇ ਕੋਈ ਪ੍ਰਬੰਧ ਨਹੀਂ ਹਨ ਜਿਸ ਕਾਰਨ ਮਾਰਕੀਟ ਆਦਿ ਵਿੱਚ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਟਾਇਲੈਟਸ ਨਾ ਹੋਣ ਕਾਰਨ ਕਈ ਵਾਰ ਖੁੱਲ੍ਹੇ ਵਿੱਚ ਬਾਥਰੂਮ ਆਦਿ ਜਾਣ ਕਾਰਨ ਝਗੜੇ ਵੀ ਹੁੰਦੇ ਰਹਿੰਦੇ ਹਨ| ਇਸ ਲਈ ਹਰੇਕ ਮਾਰਕੀਟ ਵਿੱਚ ਲਾਜ਼ਮੀ ਹੈ ਕਿ ਟਾਇਲੈਟਸ ਜ਼ਰੂਰ ਬਣਾਏ ਜਾਣ| ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਵਿੱਖ ਵਿੱਚ ਜਿਹੜੀਆਂ ਵੀ ਨਵੀਆਂ ਰਿਹਾਇਸ਼ੀ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਉਨ੍ਹਾਂ ਦੀਆਂ ਮਾਰਕੀਟਾਂ ਵਿੱਚ ਪਬਲਿਕ ਟਾਇਲੈਟਸ ਬਣਾਉਣ ਨੂੰ ਲਾਜ਼ਮੀ ਕੀਤਾ ਜਾਵੇ|
ਉਨ੍ਹਾਂ ਕੌਂਸਲ ਪ੍ਰਧਾਨ ਨੂੰ ਸੁਝਾਅ ਦਿੰਦਿਆਂ ਕਿਹਾ ਹੈ ਕਿ ਜੇਕਰ ਚੰਡੀਗੜ੍ਹ ਅਤੇ ਮੁਹਾਲੀ ਦੀ ਤਰਜ਼ ਤੇ ਇਨ੍ਹਾਂ ਰਿਹਾਇਸ਼ੀ ਕਾਲੋਨੀਆਂ ਵਿਚ ਪਬਲਿਕ ਟਾਇਲੈਟ ਬਣਾਏ ਜਾਣ ਅਤੇ ਟਾਇਲੈਟ ਉਤੇ ਵੱਖ ਵੱਖ ਕੰਪਨੀਆਂ ਦੇ ਵਿਗਿਆਪਨ ਆਦਿ ਲਗਵਾ ਕੇ ਕੌਂਸਲ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ|
ਇਸ ਮੌਕੇ ਭੁਪਿੰਦਰ ਸ਼ਰਮਾ, ਹਰਜੀਤ ਸਿੰਘ ਗੰਜਾ, ਪੀਟਰ ਮਸੀਹ, ਅਸ਼ੋਕ ਕੋਹਲੀ, ਵਿਸ਼ਾਲ ਬੱਟੂ, ਬਲਵਿੰਦਰ ਵਿਲਖੂ ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *