ਬੀਬੀ ਗਰਚਾ ਨੇ ਖਰੜ ਵਿਚ ਥਾਣਿਆਂ ਦੀ ਗਿਣਤੀ ਵਧਾਉਣ ਲਈ ਡੀਜੀਪੀ ਨੂੰ ਲਿਖਿਆ ਪੱਤਰ

ਖਰੜ, 21 ਜੂਨ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਖਰੜ ਸ਼ਹਿਰ ਵਿੱਚ ਦੋ ਹੋਰ ਪੁਲੀਸ ਸਟੇਸ਼ਨ ਸਥਾਪਿਤ ਕਰਵਾਉਣ ਦਾ ਮੁੱਦਾ ਚੁੱਕਿਆ ਹੈ| ਇਸੇ ਸਬੰਧ ਵਿੱਚ ਸ੍ਰੀਮਤੀ ਗਰਚਾ ਨੇ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲੀਸ ਨੂੰ ਇੱਕ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਖਰੜ ਵਿਖੇ ਦੋ ਹੋਰ ਪੁਲੀਸ ਸਟੇਸ਼ਨ ਸਥਾਪਿਤ ਕਰਵਾਉਣ ਦੀ ਮੰਗ ਕੀਤੀ ਗਈ ਹੈ| ਇਸ ਪੱਤਰ ਦੀ ਇੱਕ ਕਾਪੀ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਵੀ ਭੇਜੀ ਗਈ ਹੈ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਮੁਹਾਲੀ ਤੋਂ ਬਾਅਦ ਹੁਣ ਸ਼ਹਿਰ ਖਰੜ ਦਾ ਵੀ ਵੱਡੇ ਪੱਧਰ ਤੇ ਵਿਸਥਾਰ ਹੋਇਆ ਹੈ| ਸ਼ਹਿਰ ਵਿੱਚ ਵੱਡੀ ਸੰਖਿਆ ਵਿੱਚ ਰਿਹਾਇਸ਼ੀ ਕਾਲੋਨੀਆਂ ਵੱਸ ਗਈਆਂ ਹਨ ਅਤੇ ਖਰੜ ਸ਼ਹਿਰ ਦੀ ਅਬਾਦੀ ਤਿੰਨ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ| ਇੰਨੀ ਵੱਡੀ ਅਬਾਦੀ ਹੋਣ ਦੇ ਬਾਵਜੂਦ ਇੱਥੇ ਪੁਲੀਸ ਦੀ ਨਫ਼ਰੀ ਕਾਫ਼ੀ ਘੱਟ ਹੈ| ਇੱਥੇ ਲੋਕਾਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਸੁਣਨ ਲਈ ਸਿਰਫ਼ ਇੱਕ ਹੀ ਪੁਲੀਸ ਸਟੇਸ਼ਨ ਹੈ| ਸ਼ਹਿਰ ਦੇ ਵਿੱਚੋਂ ਫਲਾਈਓਵਰ ਨਿਕਲਣ ਨਾਲ ਆਉਂਦੇ ਸਮੇਂ ਵਿੱਚ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਜਾਣਾ ਹੈ ਅਤੇ ਸੰਨੀ  ਇਨਕਲੇਵ ਅਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਖਰੜ ਦਾ ਮੌਜੂਦਾ ਪੁਲੀਸ  ਸਟੇਸ਼ਨ ਕਾਫ਼ੀ ਦੂਰ ਪੈ ਜਾਵੇਗਾ|
ਉਨ੍ਹਾਂ ਮੰਗ ਕੀਤੀ ਕਿ ਖਰੜ ਸ਼ਹਿਰ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਹੱਦਬੰਦੀ ਕਰਦੇ ਹੋਏ ਦੋ ਹੋਰ ਪੁਲੀਸ ਸਟੇਸ਼ਨ ਸਥਾਪਿਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਸ਼ਿਕਾਇਤ ਜਾਂ ਸਮੱਸਿਆ ਦੇ ਲਈ ਭੀੜ ਭਾੜ ਦੇ ਇਲਾਕੇ ਵਿੱਚੋਂ ਗੁਜ਼ਰ ਕੇ ਦੂਜੇ ਕਿਨਾਰੇ ਪੁਲੀਸ ਸਟੇਸ਼ਨ ਤੱਕ ਨਾ ਜਾਣਾ ਪਵੇ|

Leave a Reply

Your email address will not be published. Required fields are marked *