ਬੀਬੀ ਗਰਚਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪੰਚਾਇਤੀ ਜ਼ਮੀਨ ਉਤੇ ਲਗਾਏ ਪੌਦੇ

ਬੀਬੀ ਗਰਚਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪੰਚਾਇਤੀ ਜ਼ਮੀਨ ਉਤੇ ਲਗਾਏ ਪੌਦੇ
ਜੰਗਲਾਤ ਵਿਭਾਗ ਦੀ ਟੀਮ ਉਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਨਵਾਂ ਗਰਾਉਂ, 20 ਜੂਨ (ਸ.ਬ.) ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ| ਜੇਕਰ ਹਲਕਾ ਖਰੜ ਦੇ ਕਿਸੇ ਵੀ ਪਿੰਡ ਜਾਂ ਕਸਬੇ ਦੀ ਪੰਚਾਇਤੀ ਜਾਂ ਸਰਕਾਰੀ ਜ਼ਮੀਨ ਉਤੇ ਕਬਜ਼ਾ ਹੁੰਦਾ ਹੈ ਤਾਂ ਉਸ ਨੂੰ ਲੋਕ ਸ਼ਕਤੀ ਦੇ ਸਹਿਯੋਗ ਨਾਲ ਅਤੇ ਸਰਕਾਰ ਨੂੰ ਅਜਿਹੇ ਕਬਜ਼ੇ ਛੁਡਵਾਉਣ ਲਈ ਮਜ਼ਬੂਰ ਕੀਤਾ ਜਾਵੇਗਾ| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਇਹ ਵਿਚਾਰ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਆਪਣੇ ਯਤਨਾਂ ਨਾਲ ਨਜਾਇਜ਼ ਕਬਜ਼ੇ ਤੋਂ ਛੁਡਵਾਈ ਪੰਚਾਇਤੀ ਜ਼ਮੀਨ ਉਤੇ ਪੌਦੇ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਬੀਬੀ ਗਰਚਾ ਨੇ ਕਿਹਾ ਕਿ ਪਿੰਡ ਮੁੱਲਾਂਪੁਰ ਗਰੀਬਦਾਸ ਸਥਿਤ ਕਰੋੜਾਂ ਰੁਪਇਆਂ ਦੀ ਕੀਮਤ ਵਾਲੀ ਪੰਚਾਇਤੀ ਜ਼ਮੀਨ ਉਤੇ ਕਿਸੇ ਬਿਲਡਰ ਵੱਲੋਂ ਪਿੰਡ ਦੇ ਸਰਪੰਚ ਦੀ ਮਿਲੀਭੁਗਤ ਨਾਲ ਕਬਜ਼ਾ ਕੀਤਾ ਜਾ ਚੁੱਕਾ ਸੀ| ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਅਵਾਜ਼ ਬੁਲੰਦ ਕੀਤੀ ਅਤੇ ਆਖਿਰਕਾਰ ਸਰਕਾਰ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਉਤੋਂ ਨਜਾਇਜ਼ ਕਬਜ਼ਾ ਛੁਡਵਾ ਲਿਆ ਗਿਆ| ਇਸ ਕਬਜ਼ੇ ਨੂੰ ਕਰਵਾਉਣ ਵਾਲੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਖਿਲਾਫ਼ ਬਕਾਇਦਾ ਤੌਰ ਤੇ ਪੁਲੀਸ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ ਹੈ|
ਉਨ੍ਹਾਂ ਕਿਹਾ ਕਿ ਉਹ ਇਸ ਜ਼ਮੀਨ ਉਤੇ ਅੱਜ ਪੌਦੇ ਲਗਾ ਕੇ ਪਿੰਡ ਦੀ ਤੰਦਰੁਸਤੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ| ਇਸ ਦੇ ਨਾਲ ਹੀ ਭਵਿੱਖ ਵਿੱਚ ਵੀ ਉਹ ਇਸ ਪਿੰਡ ਦੇ ਲੋਕਾਂ ਦੇ ਨਾਲ ਹਰ ਮੁਸ਼ਕਿਲ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ| ਉਨ੍ਹਾਂ ਕਿਹਾ ਕਿ ਇਹ ਪਿੰਡ ਨਵੇਂ ਚੰਡੀਗੜ੍ਹ ਦਾ ਇੱਕ ਹਿੱਸਾ ਬਣਨ ਜਾ ਰਿਹਾ ਹੈ| ਇਸ ਪਿੰਡ ਦਾ ਚਾਰ ਚੁਫੇਰਾ ਵੱਡੇ ਪੱਧਰ ਤੇ ਨਿਉ ਚੰਡੀਗੜ੍ਹ ਦੇ ਤੌਰ ਤੇ ਵਿਕਸਿਤ ਹੋਣ ਜਾ ਰਿਹਾ ਹੈ ਇਸ ਲਈ ਇਸ ਪਿੰਡ ਨੂੰ ਚੰਡੀਗੜ੍ਹ ਦੇ ਮਾਡਲ ਪਿੰਡਾਂ ਵਾਂਗ ਬਣਾਉਣ ਲਈ ਯਤਨ ਕਰਾਂਗੇ| ਉਹਨਾਂ ਇਸ ਮੌਕੇ ਪਿੰਡ ਸਿਉਂਕ ਵਿਖੇ ਰੇਤ ਮਾਫ਼ੀਆ ਵੱਲੋਂ ਜੰਗਲਾਤ ਵਿਭਾਗ ਦੀ ਚੈਕਿੰਗ ਕਰਨ ਲਈ ਨਾਕਾ ਲਗਾ ਕੇ ਖੜ੍ਹੀ ਹੋਈ ਟੀਮ ਉਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਬਲਾਕ ਅਫ਼ਸਰ ਦਵਿੰਦਰ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨਾਲ ਹਮਦਰਦੀ ਪ੍ਰਗਟਾਈ| ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਉਤੇ ਹਮਲਾ ਕਰਨ ਵਾਲੇ ਰੇਤ ਮਾਫ਼ੀਆ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ|
ਇਸ ਮੌਕੇ ਬੀਬੀ ਗਰਚਾ ਨੇ ਸਾਥੀਆਂ ਸਮੇਤ ਨਗਰ ਖੇੜਾ ਮੰਦਰ ਮੱਥਾ ਟੇਕ ਕੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ|
ਇਸ ਮੌਕੇ ਸਰਵਸ੍ਰੀ ਅਰਵਿੰਦ ਪੁਰੀ, ਮੁਹੰਮਦ ਸਦੀਕ, ਹਰੀਸ਼ ਕੁਮਾਰ ਮੁੱਲਾਂਪੁਰ, ਭਾਗ ਸਿੰਘ ਪੰਚ, ਰਵਿੰਦਰ ਰਵੀ ਪੈਂਤਪੁਰ , ਮੁਹੰਮਦ ਸਦੀਕ, ਨੰਬਰਦਾਰ ਮਹਿੰਦਰ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਮੁਹੰਮਦ ਨਜੀਰ ਖਾਨ, ਸੇਵਕ ਟੇਲਰ, ਰਫੀਕ ਖਾਨ, ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *