ਬੀਬੀ ਗਰਚਾ ਨੇ ਲੋਕਲ ਬਾੱਡੀਜ਼ ਮੰਤਰੀ ਨੂੰ ਪੱਤਰ ਲਿਖ ਕੇ ਨਗਰ ਕੌਂਸਲ ਦਾ ਦਫ਼ਤਰ ਸ਼ਿਫ਼ਟ ਕਰਨ ਦੀ ਕੀਤੀ ਮੰਗ

ਖਰੜ, 20 ਨਵੰਬਰ (ਸ.ਬ.) ਬਲੌਂਗੀ ਤੋਂ ਖਰੜ ਤੱਕ ਬਣਾਏ ਜਾ ਰਹੇ ਫਲਾਈਓਵਰ ਦੇ ਕਾਰਨ ਖਰੜ ਨਗਰ ਕੌਂਸਲ ਦਫ਼ਤਰ ਦੀ ਇਮਾਰਤ ਦਾ ਖੇਤਰ ਹੋਰ ਜ਼ਿਆਦਾ ਛੋਟਾ ਹੋ ਗਿਆ ਹੈ| ਪਹਿਲਾਂ ਹੀ ਬਹੁਤ ਘੱਟ ਜਗ੍ਹਾ ਵਿਚ ਬਣੇ ਇਸ ਨਗਰ ਕੌਂਸਲ ਦਫ਼ਤਰ ਵਿਚ ਕੰਮ ਕਾਜ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਪਾਰਕਿੰਗ ਦੀ ਭਾਰੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਅਤੇ ਲੋਕਾਂ ਦੇ ਕੰਮ ਕਾਜ ਪ੍ਰਭਾਵਿਤ ਹੋ ਰਹੇ ਹਨ| ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਇਸੇ ਸਬੰਧ ਵਿਚ ਲੋਕਲ ਬਾਡੀਜ਼ ਮੰਤਰੀ ਪੰਜਾਬ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਖਰੜ ਨਗਰ ਕੌਂਸਲ ਦਫ਼ਤਰ ਲਈ ਅਤਿ ਆਧੁਨਿਕ ਇਮਾਰਤ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ|
ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀਮਤੀ ਗਰਚਾ ਨੇ ਕਿਹਾ ਹੈ ਕਿ ਨਗਰ ਕੌਂਸਲ ਖਰੜ ਦਫ਼ਤਰ ਬਹੁਤ ਜ਼ਿਆਦਾ ਪੁਰਾਣਾ ਹੈ| ਉਸ ਸਮੇਂ ਸ਼ਹਿਰ ਦੀ ਅਬਾਦੀ ਬਹੁਤ ਘੱਟ ਹੁੰਦੀ ਸੀ ਪ੍ਰੰਤੂ ਹੁਣ ਸ਼ਹਿਰ ਦੀ ਅਬਾਦੀ ਆਸ ਪਾਸ ਵਸੀਆਂ ਕਾਲੋਨੀਆਂ ਆਦਿ ਦੇ ਕਾਰਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਤੇ ਲੋਕਾਂ ਕੋਲ ਵਾਹਨ ਵੀ ਕਾਫੀ ਜ਼ਿਆਦਾ ਹਨ| ਦਫ਼ਤਰ ਵਿਚ ਆਪਣੇ ਕੰਮ ਕਾਜ ਲਈ ਆਪਣੇ ਵਾਹਨਾਂ ਤੇ ਆਉਣ ਵਾਲੇ ਵਿਅਕਤੀ ਨੂੰ ਕਾਫ਼ੀ ਸਮਾਂ ਤਾਂ ਪਾਰਕਿੰਗ ਲਈ ਥਾਂ ਲੱਭਣ ਲਈ ਲੱਗ ਜਾਂਦਾ ਹੈ| ਇਸ ਦੇ ਨਾਲ ਹੀ ਹੁਣ ਫਲਾਈਓਵਰ ਬਣਨ ਕਾਰਨ ਨਗਰ ਕੌਂਸਲ ਦਫ਼ਤਰ ਦਾ ਕੁਝ ਹਿੱਸਾ ਢਾਹੁਣ ਦੀ ਤਿਆਰੀ ਵੀ ਚੱਲ ਰਹੀ ਹੈ|
ਉਹਨਾਂ ਲਿਖਿਆ ਹੈ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਨਗਰ ਕੌਂਸਲ ਖਰੜ ਦੇ ਦਫ਼ਤਰ ਲਈ ਕਿਸੇ ਵਧੀਆ ਥਾਂ ਤੇ ਸ਼ਿਫ਼ਟ ਕੀਤਾ ਜਾਵੇ ਅਤੇ ਕਿਸੇ ਪਾਸੇ ਢੁਕਵੀਂ ਜਗ੍ਹਾ ਲੱਭ ਕੇ ਨਗਰ ਕੌਂਸਲ ਦਫ਼ਤਰ ਦੀ ਆਪਣੀ ਇਮਾਰਤ ਵੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਸਮੇਂ ਸ਼ਹਿਰ ਦੀ ਅਬਾਦੀ ਮੁਤਾਬਕ ਜੇਕਰ ਨਗਰ ਕੌਂਸਲ ਦਫ਼ਤਰ ਖਰੜ ਨੂੰ ਨਗਰ ਨਿਗਮ ਦਾ ਦਰਜਾ ਵੀ ਮਿਲ ਜਾਂਦਾ ਹੈ ਤਾਂ ਪਹਿਲਾਂ ਤੋਂ ਹੀ ਪਾਰਕਿੰਗ ਆਦਿ ਦਾ ਉਚਿਤ ਪ੍ਰਬੰਧ ਹੋਵੇ ਅਤੇ ਸਟਾਫ਼ ਅਤੇ ਅਫ਼ਸਰਾਂ ਦੇ ਬੈਠਣ ਲਈ ਵਧੀਆ ਇਮਾਰਤ ਹੋਵੇ|

Leave a Reply

Your email address will not be published. Required fields are marked *