ਬੀਬੀ ਗਰਚਾ ਵੱਲੋਂ ਕੁਰਾਲੀ ਦੇ ਸੀਵਰੇਜ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ਦੀ ਮੰਗ

ਬੀਬੀ ਗਰਚਾ ਵੱਲੋਂ ਕੁਰਾਲੀ ਦੇ ਸੀਵਰੇਜ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ਦੀ ਮੰਗ
ਸਮੱਸਿਆ ਦੇ ਹੱਲ ਲਈ ਲੋਕਲ ਬਾਡੀ ਮੰਤਰੀ ਨੂੰ ਦਖਲ ਦੇਣ ਦੀ ਮੰਗ ਕੀਤੀ
ਕੁਰਾਲੀ, 2 ਜੂਨ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਹਲਕਾ ਖਰੜ ਦੇ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਉਭਾਰਨ ਲਈ ਸ਼ੁਰੂ ਕੀਤੀ ਮੁਹਿੰਮ ਦੇ ਚਲਦਿਆਂ ਕਸਬਾ ਕੁਰਾਲੀ ਦੇ ਸੀਵਰੇਜ ਪ੍ਰੋਜੈਕਟ ਦੇ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ| ਉਨ੍ਹਾਂ ਸਫ਼ੈਦ ਹਾਥੀ ਬਣੇ ਕੁਰਾਲੀ ਦੇ ਸੀਵਰੇਜ ਪ੍ਰੋਜੈਕਟ ਦੇ ਮਾਮਲੇ ਵਿੱਚ ਲੋਕਲ ਬਾੱਡੀਜ਼ ਵਿਭਾਗ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ|
ਸ੍ਰੀਮਤੀ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰੀਬ 80 ਕਰੋੜ ਰੁਪਏ ਤੋਂ ਵੀ ਵੱਧ ਖਰਚ ਕਰਕੇ ਪਾਇਆ ਗਿਆ ਕੁਰਾਲੀ ਦਾ ਸੀਵਰੇਜ ਅਜੇ ਵੀ ਸ਼ੁਰੂ ਹੋਣ ਨੇੜੇ ਨਹੀਂ ਪਹੁੰਚਿਆ| ਨਤੀਜਾ ਇਹ ਹੈ ਕਿ ਇਹ ਸੀਵਰੇਜ ਸ਼ਹਿਰ ਦੇ ਲੋਕਾਂ ਲਈ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ| ਉਹਨਾਂ ਇਲਜਾਮ ਲਗਾਇਆ ਕਿ ਇਸ ਪ੍ਰੋਜੈਕਟ ਵਿੱਚ ਬਹੁਤ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ| ਸੀਵਰੇਜ ਟਰੀਟਮੈਂਟ ਪਲਾਂਟ ਗਮਾਡਾ ਵੱਲੋਂ ਅਜੇ ਤੱਕ ਨਗਰ ਕੌਂਸਲ ਦੇ ਹਵਾਲੇ ਨਹੀਂ ਕੀਤਾ ਗਿਆ ਜਿਸ ਕਾਰਨ ਨਗਰ ਕੌਂਸਲ ਵੱਲੋਂ ਸੀਵਰੇਜ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਨ੍ਹਾਂ ਕਿਹਾ ਕਿ ਇਸ ਸੀਵਰੇਜ ਪ੍ਰੋਜੈਕਟ ਵਿੱਚ ਪਾਈਪ ਬਹੁਤ ਹੀ ਘੱਟ ਡਾਏ ਵਾਲਾ ਵਰਤਿਆ ਗਿਆ ਹੈ ਅਤੇ ਇਸ ਪ੍ਰੋਜੈਕਟ ਦਾ ਸ਼ਹਿਰ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ| ਹਰ ਸਾਲ ਬਰਸਾਤ ਦੇ ਮੌਸਮ ਵਿੱਚ ਗਲ਼ੀਆਂ ਵਿੱਚ ਪਾਣੀ ਦਰਿਆ ਦੀ ਤਰ੍ਹਾਂ ਘੁੰਮਦਾ ਹੈ ਜੋ ਕਿ ਲੋਕਾਂ ਦੇ ਘਰਾਂ ਵਿੱਚ ਵੜ ਕੇ ਕਾਫ਼ੀ ਨੁਕਸਾਨ ਕਰਦਾ ਹੈ| ਇਸ ਵਾਰ ਵੀ ਬਰਸਾਤ ਦੇ ਮੌਸਮ ਵਿੱਚ ਬਰਸਾਤੀ ਪਾਣੀ ਨਾਲ ਬੁਰੀ ਹਾਲਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ|
ਸ੍ਰੀਮਤੀ ਗਰਚਾ ਨੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਹੈ ਕਿ ਕੁਰਾਲੀ ਦੇ  ਸੀਵਰੇਜ ਪ੍ਰੋਜੈਕਟ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਇਸ ਗੰਭੀਰ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਇਸ ਸੀਵਰੇਜ ਪ੍ਰੋਜੈਕਟ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਵੱਡੇ ਘਪਲ਼ੇ ਦਾ ਪਰਦਾਫਾਸ਼ ਕੀਤਾ ਜਾਵੇ| ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ, ਵਿਪਨ ਕੁਮਾਰ ਸਾਬਕਾ ਕੌਂਸਲਰ, ਪ੍ਰਮੋਦ ਜੋਸ਼ੀ, ਰਾਜੇਸ਼ ਰਾਠੌਰ, ਵਿਸ਼ਵ ਬੰਧੂ, ਦਿਨੇਸ਼ ਸਿੰਗਲਾ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ, ਬੱਲੀ ਸੈਣੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *