ਬੀ. ਐਮ. ਡਬਲਿਊ ਖਰੀਦਣ ਲਈ ਇੱਕ ਵਿਅਕਤੀ ਨੇ ਦਿੱਤੇ 51 ਲੱਖ ਦੇ ਸਿੱਕੇ

ਬੀਜਿੰਗ, 9 ਅਕਤੂਬਰ (ਸ.ਬ.) ਚੀਨ ਵਿੱਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਚੀਨ ਦੇ ਸ਼ਹਿਰ ਤਾਂਨਗਰੇਨ ਵਿਚ ਇਕ ਵਿਅਕਤੀ ਨੇ ਬੀ. ਐਮ. ਡਬਲਿਊ ਕਾਰ ਖਰੀਦਣ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ| ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਹ ਕਾਰ ਖਰੀਦਣ ਲਈ ਨੋਟ ਨਹੀਂ ਸਗੋਂ ਕਿ ਸਿੱਕੇ ਲੈ ਕੇ ਗਿਆ| ਪੇਸ਼ੇ ਤੋਂ ਡਰਾਈਵਰ 48 ਹਜ਼ਾਰ ਯੂਆਨ (51.66 ਲੱਖ ਰੁਪਏ) ਦੇ ਸਿੱਕੇ ਲੈ ਕੇ ਕਾਰ ਖਰੀਦਣ ਗਿਆ| ਇਨ੍ਹਾਂ ਸਿੱਕਿਆਂ ਨੂੰ ਗਿਣਨ ਲਈ ਸ਼ੋਅ ਰੂਮ ਵਿਚ 11 ਬੈਂਕ ਕਰਮਚਾਰੀ ਅਤੇ ਸਿੱਕੇ ਗਿਣਨ ਵਾਲੀ ਮਸ਼ੀਨ ਲਾਉਣੀ ਪਈ| ਤਕਰੀਬਨ 10 ਘੰਟੇ ਇਨ੍ਹਾਂ ਸਿੱਕਿਆਂ ਨੂੰ ਗਿਣਨ ਵਿਚ ਲੱਗੇ, ਸਿੱਕਿਆਂ ਦਾ ਵਜ਼ਨ 900 ਕਿਲੋ ਸੀ|
ਕਾਰ ਖਰੀਦਣ ਪਹੁੰਚੇ ਡਰਾਈਵਰ ਨੇ ਆਪਣਾ ਨਾਂ ਨਹੀਂ ਦੱਸਿਆ ਪਰ ਉਸ ਨੇ ਦੱਸਿਆ ਕਿ ਇਹ ਉਸ ਦੀ ਜ਼ਿੰਦਗੀ ਭਰ ਦੀ ਕਮਾਈ ਹੈ| ਸਿੱਕੇ ਜਮਾਂ ਕਰਦੇ-ਕਰਦੇ ਇੰਨੀ ਰਕਮ ਕਦੋਂ ਜਮਾਂ ਹੋ ਗਈ ਪਤਾ ਹੀ ਨਹੀਂ ਲੱਗਾ| ਕਾਰ ਖਰੀਦਣ ਦਾ ਸੁਪਨਾ ਸੀ ਅਤੇ ਇਹ ਪੂਰਾ ਕਰਨਾ ਸੀ| ਉਸ ਨੇ ਕਿਹਾ ਕਿ ਸਿੱਕੇ ਗਿਣਨ ਲਈ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ 4 ਦਿਨ ਲੱਗ ਗਏ ਸਨ| ਉਸ ਨੇ ਇਨ੍ਹਾਂ ਸਿੱਕਿਆਂ ਨੂੰ ਬਦਲ ਕੇ ਨੋਟ ਲੈਣ ਬਾਰੇ ਕਦੇ ਨਹੀਂ ਸੋਚਿਆ|
ਡਰਾਈਵਰ ਦਾ ਕਹਿਣਾ ਹੈ ਕਿ ਜਦੋਂ ਉਹ ਕਾਰ ਖਰੀਦਣ ਸ਼ੋਅ ਰੂਮ ਪਹੁੰਚਿਆ ਤਾਂ ਸਟਾਫ ਬਹੁਤ ਖੁਸ਼ ਹੋਇਆ, ਉਨ੍ਹਾਂ ਨੇ ਉਸ ਦਾ ਸਵਾਗਤ ਕੀਤਾ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪੂਰਾ ਭੁਗਤਾਨ ਨੋਟਾਂ ਨਾਲ ਨਹੀਂ ਸਗੋਂ ਸਿੱਕਿਆਂ ਨਾਲ ਕਰੇਗਾ ਤਾਂ ਸਟਾਫ ਹੈਰਾਨ ਰਹਿ ਗਿਆ| ਉਸ ਨੂੰ ਕਿਹਾ ਗਿਆ ਕਿ ਸਿੱਕਿਆਂ ਤੋਂ ਕਿਵੇਂ ਭੁਗਤਾਨ ਹੋਵੇਗਾ| ਬਾਅਦ ਵਿੱਚ ਸ਼ੋਅ ਰੂਮ ਦੇ ਮਾਲਕ ਨੇ ਬੈਂਕ ਦੀ ਮਦਦ ਮੰਗੀ| ਇਸ ਤੋਂ ਮਗਰੋਂ 11 ਬੈਂਕ ਕਰਮਚਾਰੀ ਅਤੇ ਸਿੱਕੇ ਗਿਣਨ ਦੀ ਮਸ਼ੀਨ ਭੇਜੀ ਗਈ, ਤਾਂ ਜਾ ਕੇ ਉਹ ਕਾਰ ਖਰੀਦ ਸਕਿਆ|

Leave a Reply

Your email address will not be published. Required fields are marked *