ਬੀ ਐਸ ਐਫ ਵੱਲੋਂ ਸੈਕਟਰ 90-91 ਦੀ ਅੰਦਰੂਨੀ ਸੜਕ ਤੇ ਗੇਟ ਦੀ ਉਸਾਰੀ ਦੇ ਵਿਰੁੱਧ ਵਸਨੀਕ ਹੋਏ ਲਾਮਬੰਦ

ਬੀ ਐਸ ਐਫ ਵੱਲੋਂ ਸੈਕਟਰ 90-91 ਦੀ ਅੰਦਰੂਨੀ ਸੜਕ ਤੇ ਗੇਟ ਦੀ ਉਸਾਰੀ ਦੇ ਵਿਰੁੱਧ ਵਸਨੀਕ ਹੋਏ ਲਾਮਬੰਦ
ਗੇਟ ਦੀ ਉਸਾਰੀ ਰੋਕਣ ਦੀ ਮੰਗ
ਐਸ ਏ ਐਸ ਨਗਰ, 8 ਨਵੰਬਰ (ਸ.ਬ.)  ਸਥਾਨਕ ਸੈਕਟਰ 90-91 ਵਿੱਚ ਸਥਿਤ ਜੇ. ਐਲ. ਪੀ. ਐਲ. ਦੇ ਰਿਹਾਇਸ਼ੀ ਸੈਕਟਰਾਂ ਦੇ ਨਾਲ ਸਥਿਤ ਬੀ. ਐਸ. ਐਫ. ਕੈਂਪਸ ਵਲੋਂ ਰਿਹਾਇਸ਼ੀ ਖੇਤਰ ਵੱਲ ਨਵਾਂ ਗੇਟ ਕੱਢਣ ਕਾਰਨ ਰੋਸ ਪਾਇਆ ਜਾ ਰਿਹਾ ਹੈ| ਬੀ. ਐਸ. ਐਫ. ਕੈਂਪਸ ਦੇ ਅਧਿਕਾਰੀਆ ਵਲੋਂ ਇਸਦੀ ਕਾਲੋਨੀ ਦੇ ਅੰਦਰੂਨੀ ਖੇਤਰ ਵੱਲ ਲੱਗਦੀ ਦੀਵਾਰ ਤੋੜ ਕੇ ਇਸ ਦੇ ਨਾਲ ਲੱਗਦੀ ਸੜਕ ਵਾਲੇ ਪਾਸੇ ਵੱਡਾ ਗੇਟ ਬਣਾਇਆ ਜਾ ਰਿਹਾ ਹੈ ਅਤੇ ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਬੀ. ਐਸ. ਐਫ. ਅਧਿਕਾਰੀਆਂ ਦੀ ਇਹ ਕਾਰਵਾਈ ਜਿਥੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਉਥੇ ਇਸ ਨਾਲ ਕਾਲੋਨੀ ਦੇ ਵਸਨੀਕਾਂ ਦੇ ਨਿਜਤਾ ਦੇ ਅਧਿਕਾਰ ਦਾ ਵੀ ਘਾਣ ਹੋਣਾ ਤੈਅ ਹੈ|
ਇਥੋਂ ਦੇ ਵਸਨੀਕਾਂ ਦੀ ਸੰਸਥਾ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 90-91 ਦੇ ਨੁਮਾਇੰਦਿਆਂ ਡਾ. ਲਖਵਿੰਦਰ ਸਿੰਘ, ਸ. ਅਮਰਪਾਲ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਸਰਪੰਚ ਅਤੇ ਹੋਰਨਾਂ ਨੇ ਕਿਹਾ ਕਿ ਬੀ. ਐਸ. ਐਫ ਦੀ ਕਾਲੋਨੀ ਲਈ ਮੁੱਖ ਸੜਕ ਤੋਂ ਆਵਾਜਾਈ ਲਈ ਵੱਡਾ ਗੇਟ ਮੌਜੂਦ ਹੈ ਅਤੇ ਇਸਦੇ ਕੈਂਪਸ ਦੇ ਚਾਰੇ ਪਾਸੇ ਵੱਡੀ ਦੀਵਾਰ ਬਣੀ ਹੋਈ ਹੈ ਪਰੰਤੂ ਹੁਣ ਇਸ ਕੈਂਪਸ ਵਲੋਂ ਕਾਲੋਨੀ ਦੀ ਅੰਦਰੂਨੀ ਸੜਕ ਦੇ ਨਾਲ ਪੈਂਦੀ ਕੈਂਪਸ ਦੀ ਦੀਵਾਰ ਤੋੜ ਕੇ ਉਥੇ ਵੱਡਾ ਗੇਟ ਲਗਾ ਦਿੱਤਾ ਗਿਆ ਹੈ ਜਿਸ ਰਾਂਹੀ ਹੁਣ ਬੀ. ਐਸ. ਐਫ. ਦੀ ਆਵਾਜਾਈ ਕਾਲੋਨੀ ਦੇ ਵਿਚੋਂ ਹੋ ਕੇ ਕੀਤੀ ਜਾਵੇਗੀ ਜਦੋਂ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਇਸ ਸੰਬੰਧੀ ਸੈਕਟਰ 90-91 ਦੇ ਵਸਨੀਕਾਂ ਦਾ ਇੱਕ ਵਫਦ ਛੇਤੀ ਹੀ ਬੀ ਐਸ ਐਫ ਦੇ ਕਮਾਂਡੈਂਟ ਨੂੰ ਮਿਲੇਗਾ ਅਤੇ ਇਸ ਦੀਵਾਰ ਨੂੰ ਮੁੜ ਉਸਾਰ ਕੇ ਇੱਥੇ ਬਣਾਇਆ ਗੇਟ ਬੰਦ ਕਰਨ ਦੀ ਮੰਗ ਕਰਗਾ| ਉਹਨਾਂ ਕਿਹਾ ਕਿ ਜੇਕਰ ਇਸਦੇ ਬਾਵਜੂਦ ਬੀ ਐਸ ਐਫ ਦੇ ਅਧਿਕਾਰੀ ਨਾ ਮੰਨੇ ਤਾਂ ਵਸਨੀਕ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ|

Leave a Reply

Your email address will not be published. Required fields are marked *