ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨੇ ਸ਼ਹਿਰ ਦੇ ਕਮਿਊਨਿਟੀ ਸੈਂਟਰ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਮੁਹਾਲੀ ਸ਼ਹਿਰ ਦੇ ਵੱਡੀ ਗਿਣਤੀ ਕਮਿਊਨਿਟੀ ਸੈਂਟਰ ਆਪਣੀ ਖਸਤਾ ਹਾਲ ਉਪਰ ਹੰਝੂ ਕੇਰ ਰਹੇ ਹਨ, ਪਰ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਜਰ ਨਹੀਂ ਆ ਰਿਹਾ| ਪਹਿਲਾਂ ਸ਼ਹਿਰ ਦੇ ਕਮਿਊਨਿਟੀ ਸੈਂਟਰ ਗਮਾਡਾ ਦੇ ਅਧੀਨ ਸਨ ਪਰ ਕੁਝ ਸਮੇਂ ਤੋਂ ਇਹ ਕਮਿਊਨਿਟੀ ਸੈਂਟਰ ਨਗਰ ਨਿਗਮ ਮੁਹਾਲੀ ਦੇ ਅਧੀਨ ਆ ਗਏ ਹਨ ਪਰ ਇਸ ਤਬਦੀਲੀ ਨਾਲ ਵੀ ਇਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ| ਸਗੋਂ ਇਹਨਾਂ ਦਾ ਹਾਲ ਤਾਂ ਪਹਿਲਾਂ ਨਾਲੋਂ ਵੀ ਬੁਰਾ ਹੋ ਗਿਆ ਹੈ|
ਸਥਾਨਕ ਫੇਜ਼-2 ਦੇ ਕਮਿਊਨਿਟੀ ਸੈਂਟਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ| ਇਸ ਸੈਂਟਰ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ ਇਸ ਕਮਿਊਨਿਟੀ ਸੈਂਟਰ ਵਿੱਚ ਰੌਸ਼ਨੀ ਦੇਣ ਲਈ ਲੱਗੀਆਂ ਟਿਊਬ ਲਾਈਟਾਂ ਹੀ ਖਰਾਬ ਹਨ| ਜਿਸ ਕਰਕੇ ਉੱਥੇ ਹਨੇਰਾ ਛਾਇਆ ਰਹਿੰਦਾ ਹੈ| ਇਸ ਤੋਂ ਇਲਾਵਾ ਇਸ ਕਮਿਊਨਿਟੀ ਸੈਂਟਰ ਵਿੱਚ ਲੱਗੇ ਪੱਖੇ ਵੀ ਚਾਲੂ ਹਾਲਤ ਵਿੱਚ ਨਹੀਂ| ਇਕ ਪੱਖੇ ਦਾ ਇੱਕ ਫਰ ਹੀ ਟੁਟਿਆ ਹੋਇਆ ਹੈ| ਜਿਸ ਕਾਰਨ ਇਸ ਕਮਿਊਨਿਟੀ ਸੈਂਟਰ ਵਿੱਚ ਸਮਾਗਮ ਕਰਨ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹੋਰਨਾਂ ਕਮਿਊਨਿਟੀ ਸੈਂਟਰਾਂ ਵਿੱਚ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ| ਇਹਨਾਂ ਦੀ ਖਸਤਾ ਹਾਲ ਕਾਰਨ ਆਮ ਲੋਕ ਇਹਨਾਂ ਵਿੱਚ ਆਪਣੇ ਸਮਾਗਮ ਕਰਨ ਤੋਂ ਗੁਰੇਜ ਕਰਨ ਲੱਗੇ ਹਨ| ਅਸਲ ਵਿੱਚ ਆਮ ਲੋਕ ਇਹਨਾਂ ਕਮਿਊਨਿਟੀ ਸੈਂਟਰਾਂ ਵਿੱਚ ਹੀ ਆਪਣੇ ਸਮਾਗਮ ਕਰਨ ਨੂੰ ਤਰਜੀਹ ਦਿੰਦੇ  ਹਨ ਕਿਉਂਕਿ ਮੈਰਿਜ ਪੈਲਿਸਾਂ ਨਾਲੋਂ ਇਹ ਕਮਿਊਨਿਟੀ ਸੈਂਟਰ ਕਾਫੀ ਸਸਤੇ ਪੈਂਦੇ ਹਨ ਅਤੇ ਇਹ ਸ਼ਹਿਰ ਵਿੱਚ ਹੀ ਹੋਣ ਕਾਰਨ ਇਹਨਾਂ ਵਿੱਚ ਹੋ ਰਹੇ ਸਮਾਗਮਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵੀ ਆਉਣ ਜਾਣ ਦੀ ਆਸਾਨੀ ਰਹਿੰਦੀ ਹੈ|
ਪਰ ਜਿਸ ਤਰੀਕੇ ਨਾਲ ਇਹਨਾਂ ਦੀ ਹਾਲਤ ਖਸਤਾ ਹੋ ਰਹੀ ਹੈ| ਉਸ ਤੋਂ ਆਮ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ| ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰਾਂ ਦੀ ਹਾਲਤ ਸੁਧਾਰੀ ਜਾਵੇ ਅਤੇ ਉੱਥੇ ਹਵਾ ਅਤੇ ਰੌਸ਼ਨੀ ਦੇ ਲੋੜੀਂਦੇ ਪ੍ਰਬੰਧ ਕੀਤੇ  ਜਾਣ|

Leave a Reply

Your email address will not be published. Required fields are marked *