ਬੁਨਿਆਦੀ ਸਹੂਲਤਾਂ ਨੂੰ ਤਰਸ ਰਹੀ ਹੈ ਐਰੋਸਿਟੀ, ਜੰਗਲ ਬਣਿਆ ਇਲਾਕਾ ਵਸਨੀਕਾਂ ਵੱਲੋਂ ਗਮਾਡਾ ਦੇ ਖਿਲਾਫ ਸੰਘਰਸ਼ ਦੀ ਤਿਆਰੀ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਗਮਾਡਾ ਦੇ ਵਕਾਰੀ ਪ੍ਰੋਜੈਕਟ ਐਰੋਸਿਟੀ ਦਾ ਠੀਕ ਢੰਗ ਨਾਲ ਵਿਕਾਸ ਨਾ ਕੀਤੇ ਜਾਣ ਕਾਰਨ ਇਸ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ ਅਤੇ ਇਸ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਐਰੋਸਿਟੀ ਦਾ ਐਫ ਬਲਾਕ ਵਿੱਚ ਤਾਂ ਇਹ ਹਾਲਤ ਹੈ ਕਿ ਗਮਾਡਾ ਵੱਲੋਂ ਇਸ ਬਲਾਕ ਦੀ ਅਣਦੇਖੀ ਕਰਨ ਅਤੇ ਲੋੜੀਂਦੀਆਂ ਸਹੂਲਤਾਂ ਮੁਹਈਆ ਨਾ ਕਰਵਾਏ ਜਾਣ ਕਾਰਨ  ਇਹ ਇਲਾਕਾ ਇਕ ਤਰ੍ਹਾਂ ਜੰਗਲ ਹੀ ਵਰਗਾ ਦਿਖਦਾ ਹੈ| ਇਸ ਇਲਾਕੇ ਵਿੱਚ ਨਾ ਤਾਂ ਕੰਪਨੀ ਵੱਲੋਂ ਕੋਈ ਸੜਕ ਬਣਾਈ ਗਈ ਹੈ ਅਤੇ ਨਾ ਹੀ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਹੈ| ਜੇ ਕੁਝ ਸਟਰੀਟ ਲਾਈਟਾਂ ਲੱਗੀਆਂ ਵੀ ਹੋਈਆਂ ਹਨ ਤਾਂ ਉਹ ਤਿੰਨ-ਤਿੰਨ ਦਿਨ ਬੰਦ ਹੀ ਰਹਿੰਦੀਆਂ ਹਨ| ਜਿਸ ਕਰਕੇ ਹਨੇਰੇ ਦਾ ਲਾਭ ਸਮਾਜ ਵਿਰੋਧੀ ਉਠਾਉਣ ਦਾ ਯਤਨ ਕਰਦੇ ਹਨ| ਇਸ ਇਲਾਕੇ ਵਿੱਚ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ|
ਇਸ ਇਲਾਕੇ ਵਿੱਚ ਭਾਵੇਂ ਟਾਵੇ-ਟਾਂਵੇ ਘਰ ਬਣੇ ਹੋਏ ਹਨ ਪ੍ਰੰਤੂ ਗਮਾਡਾ ਵੱਲੋਂ ਪਲਾਟਾਂ ਦੇ ਨੰਬਰਾਂ ਦੇ ਸਾਈਨ ਬੋਰਡ ਨਾ ਲੱਗੇ ਹੋਣ ਕਾਰਨ ਅਣਜਾਣ ਆਦਮੀ ਆ ਕੇ ਇਸ ਇਲਾਕੇ ਵਿੱਚ ਜਿਵੇਂ ਗੁਆਚ ਹੀ ਜਾਂਦਾ ਹੈ|
ਇੱਥੋਂ ਦੇ ਵਸਨੀਕਾਂ ਦੀ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਐਰੋਸਿਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਕੰਗ ਨੇ ਕਿਹਾ ਕਿ ਐਲ ਐਂਡ ਟੀ ਕੰਪਨੀ ਨੇ (ਜੋ ਐਰੋਸਿਟੀ ਦੇ ਵੱਖ ਵੱਖ ਬਲਾਕਾਂ ਦਾ ਕੰਮ ਕਰਦੀ ਹੈ) ਵੱਲੋਂ ਇੱਥੋਂ ਦੇ ਲਗਭਗ ਸਾਰੇ ਹੀ ਬਲਾਕਾਂ ਵਿੱਚ ਵਿਕਾਸ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ|
ਉਹਨਾਂ ਕਿਹਾ ਕਿ ਸਾਲ 2010 ਵਿੱਚ ਗਮਾਡਾ ਵੱਲੋਂ ਇੱਥੇ ਪਲਾਟਾਂ ਦੀ ਸਕੀਮ ਚਾਲੂ ਕੀਤੀ ਸੀ ਤੇ ਉਸ ਸਮੇਂ ਡਰਾਅ ਰਾਹੀਂ ਪਲਾਟ ਕੱਟੇ ਗਏ ਸਨ| 2013 ਤੱਕ ਪਲਾਟਾਂ ਦਾ ਕਬਜਾ ਪਲਾਟ ਹੋਲਡਰਾਂ ਨੂੰ ਦੇ ਦਿਤਾ ਗਿਆ ਸੀ| ਐਰੋਸਿਟੀ ਵਿੱਚ ਕਰੀਬ 4 ਹਜਾਰ ਪਲਾਟ ਹਨ| ਗਮਾਡਾ ਵੱਲੋਂ ਉਸ ਸਮੇਂ ਇਹ ਸ਼ਰਤ ਰਖੀ ਗਈ ਸੀ ਕਿ ਪਲਾਟ ਮਾਲਕਾਂ ਨੂੰ ਤਿੰਨ ਸਾਲ ਦੇ ਵਿੱਚ ਵਿੱਚ ਪਲਾਟਾਂ ਦੀ ਉਸਾਰੀ ਕਰਨੀ  ਪਵੇਗੀ ਨਹੀਂ ਤਾਂ ਉਹਨਾਂ ਨੂੰ ਪੈਨਲਟੀ ਲਗਾ ਦਿੱਤੀ                ਜਾਵੇਗੀ| ਉਹਨਾਂ ਕਿਹਾ ਕਿ ਜਿਸ  ਖੇਤਰ ਵਿੱਚ ਲੋੜੀਂਦਾ ਵਿਕਾਸ ਹੀ ਨਹੀਂ ਹੋਇਆ ਅਤੇ ਪਲਾਟ ਮਕਾਨਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲੀਆ ਫਿਰ ਪਲਾਟ ਮਾਲਕ ਜੰਗਲੀ ਇਲਾਕੇ ਵਿੱਚ ਮਕਾਨ ਕਿਵੇਂ ਬਣਾਉਣ|
ਉਹਨਾਂ ਕਿਹਾ ਕਿ ਕਈ ਵਿਅਕਤੀਆਂ ਨੇ ਇਸ ਇਲਾਕੇ ਵਿੱਚ ਵੱਡੀ ਕੀਮਤ ਅਦਾ ਕਰਕੇ ਪਲਾਟ ਖਰੀਦੇ ਅਤੇ ਮਕਾਨ ਬਨਾਉਣ ਤੇ ਵੀ 65-65 ਲੱਖ ਰੁਪਇਆ ਲਗਾ ਦਿਤਾ  ਹੈ ਪਰ ਇਸ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਕਾਰਨ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਦਾ ਪਹਿਲ ਦੇ ਅਧਾਰ ਤੇ ਵਿਕਾਸ ਕੀਤਾ ਜਾਵੇ|
ਇਸ ਮੌਕੇ ਉੱਥੇ ਪਹੁੰਚੇ ਐਲ ਐਂਡ ਟੀ ਕੰਪਨੀ ਦੇ ਪ੍ਰੋਜੈਕਟਰ ਮੈਨੇਜਰ ਸ੍ਰੀ ਗੋਇਲ ਨੇ ਪੁੱਛਣ ਤੇ ਦਸਿਆ ਕਿ ਇਸ  ਸਾਰੀ ਜਮੀਨ ਦਾ ਕੋਈ ਵਿਵਾਦ ਚਲ ਰਿਹਾ ਸੀ| ਜਿਸ ਕਰਕੇ ਵਿਕਾਸ ਕੰਮ ਰੁਕੇ ਹੋਏ ਸਨ| ਹੁਣ ਉਹ ਵਿਵਾਦ ਖਤਮ ਹੋ ਗਿਆ ਹੈ ਅਤੇ ਜਲਦੀ ਹੀ ਇਸ ਇਲਾਕੇ ਦੇ ਵਿਕਾਸ ਕਾਰਜ ਮੁਕੰਮਲ  ਕਰ ਦਿਤੇ ਜਾਣਗੇ|

Leave a Reply

Your email address will not be published. Required fields are marked *