ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਐਰੋ ਸਿਟੀ ਦੇ ਵਸਨੀਕ

ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਐਰੋ ਸਿਟੀ ਦੇ ਵਸਨੀਕ
ਸਬੰਧਿਤ ਮੰਤਰੀ ਨੂੰ ਮਿਲੇਗਾ ਐਸੋਸੀਏਸ਼ਨ ਦਾ ਵਫਦ : ਤੁਲੀ
ਐਸ ਏ ਐਸ ਨਗਰ, 31 ਜੁਲਾਈ ( ਭਗਵੰਤ ਸਿੰਘ ਬੇਦੀ) ਸਥਾਨਕ ਏਅਰਪੋਰਟ ਰੋਡ ਦੇ ਨਾਲ ਲੱਗਦੇ ਇਲਾਕੇ ਵਿੱਚ ਨਮੂਨੇ ਦਾ ਸ਼ਹਿਰ ਵਿਕਸਤ ਕਰਨ ਦੇ ਮਕਸਦ ਨਾਲ ਐਰੋ ਸਿਟੀ ਨੂੰ ਬਣਾਇਆ ਗਿਆ, ਪਰ ਬਦਇੰਤਜਾਮੀ ਦੇ ਕਾਰਨ ਇਸ ਇਲਾਕੇ ਦਾ ਬੁਰਾ ਹਾਲ ਹੋਇਆ ਪਿਆ ਹੈ| ਇਸ ਇਲਾਕੇ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਸੜਕਾਂ ਵਿੱਚ ਥਾਂ ਥਾਂ ਵੱਡੇ ਵੱਡੇ ਖੱਡੇ ਪਏ ਹੋਏ ਹਨ, ਹਰ ਪਾਸੇ ਹੀ ਜੰਗਲੀ ਘਾਹ ਫੈਲਿਆ ਹੋਇਆ ਹੈ| ਐਰੋ ਸਿਟੀ ਵਿੱਚ ਹਰ ਦਿਨ ਹੀ ਲੰਬੇ ਲੰਬੇ ਬਿਜਲੀ ਦੇ ਕਟ ਲੱਗਦੇ ਹਨ, ਇਸ ਇਲਾਕੇ ਵਿੱਚ ਪੀਣ ਲਈ ਗੰਦਾ ਪਾਣੀ ਆਉਣ ਦੀ ਸ਼ਿਕਾਇਤ ਵੀ ਵਸਨੀਕ ਕਰਦੇ ਹਨ, ਇਸ ਇਲਾਕੇ ਵਿੱਚ ਸਟਰੀਟ ਲਾਈਟ ਦੀ ਵੀ ਦੁਰਦਸ਼ਾ ਹੋਈ ਪਈ ਹੈ| ਇਹ ਸਭ ਸਮੱਸਿਆਵਾਂ ਗਮਾਡਾ ਅਤੇ ਸਬੰਧਿਤ ਕੰਪਨੀ ਦੀ ਕਾਰਗੁਜਾਰੀ ਉਪਰ ਸਵਾਲ ਉਠਾਉਂਦੀਆਂ ਹਨ, ਇਹ ਦੋਵੇਂ ਅਦਾਰੇ ਐਰੋ ਸਿਟੀ ਦੇ ਵਸਨੀਕਾਂ ਨੂੰ ਬੁਨਿਆਦੀ ਸੂਹਲਤਾਂ ਦੇਣ ਵਿੱਚ ਨਾਕਾਮ ਹੋ ਗਏ ਹਨ|
ਐਰੋਸਿਟੀ ਦੇ ਬਲਾਕ ਐਫ ਅਤੇ ਬਲਾਕ ਐਚ ਦੀ ਹਾਲਤ ਤਾਂ ਤਰਸਯੋਗ ਹੈ, ਬਲਾਕ ਐਫ ਦੀ ਐਸੋਸੀਏਸ਼ਨ ਵਲੋਂ ਲਗਾਤਾਰ ਗਮਾਡਾ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ, ਅਧਿਕਾਰੀਆਂ ਵਲੋਂ ਵਾਰ ਵਾਰ ਮੌਕੇ ਵੇਖਣ ਤੋਂ ਬਾਅਦ ਵੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ| ਐਫ ਬਲਾਕ ਏਅਰਪੋਰਟ ਨੂ ੰਜਾਂਦੇ ਪਹਿਲੇ ਗੋਲਚਕਰ ਦੇ ਨਾਲ ਹੀ ਸਥਿਤ ਹੈ, ਇਸ ਦੀ ਦੁਰਦਸ਼ਾ ਦੇਖ ਕੇ ਹੀ ਇਥੇ ਨਿਵੇਸ਼ ਕਰਨ ਵਾਲਿਆਂ ਦੇ ਹੌਂਸਲੇ ਟੁੱਟ ਜਾਂਦੇ ਹਨ| ਇਥੋਂ ਦੇ ਜੋ ਪਲਾਟ ਹਨ, ਰੀ ਸੇਲ ਵਿੱਚ ਮਾਰਕੀਟ ਤੋਂ ਵੀ ਘੱਟ ਰੇਟਾਂ ਉਪਰ ਵੇਚਣ ਲਈ ਇਥੋਂ ਦੇ ਵਸਨੀਕ ਮਜਬੂਰ ਹਨ|
ਐਫ ਬਲਾਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਲਖਮੀਰ ਸਿੰਘ ਨੇ ਕਿਹਾ ਕਿ ਭਾਵੇਂ ਪੂਰੀ ਐਰੋ ਸਿਟੀ ਵਿੱਚ ਹੀ ਸਹੂਲਤਾਂ ਦੀ ਘਾਟ ਹੈ, ਪਰ ਐਫ ਅਤੇ ਐਚ ਬਲਾਕ ਵਿੱਚ ਇਹ ਸਮਸਿਆਵਾਂ ਬਹੁਤ ਹਨ| ਦੋਵਾਂ ਬਲਾਕਾਂ ਵਿੱਚ ਜੰਗਲੀ ਘਾਹ ਖੜਾ ਹੈ, ਸੜਕਾਂ ਦਾ ਬੁਰਾ ਹਾਲ ਹੈ, ਪੀਣ ਲਈ ਸਾਫ ਪਾਣੀ ਨਹੀਂ ਮਿਲਦਾ| ਇਸ ਬਲਾਕ ਨੂੰ ਕੋਈ ਸਿੱਧਾ ਰਸਤਾ ਵੀ ਨਹੀਂ ਆਉਂਦਾ| ਜੇ ਕਿਸੇ ਵਸਨੀਕ ਦੇ ਘਰ ਰਿਸ਼ਤੇਦਾਰਾਂ ਨੇ ਆਉਣਾ ਹੈ ਤਾਂ ਰਾਹ ਦੱਸਣਾ ਮੁਸ਼ਕਿਲ ਹੁੰਦਾ ਹੈ, ਵਸਨੀਕਾਂ ਨੂੰ ਰੌਂਗ ਸਾਈਡ ਤੋਂ ਆਉਣਾ ਪੈਂਦਾ ਹੈ| ਉਹ ਲਗਾਤਾਰ ਦੋ ਤਿੰਨ ਸਾਲਾਂ ਤੋਂ ਗਮਾਡਾ ਅਤੇ ਕੰਪਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਦੇ ਹਨ ਪਰ ਅਧਿਕਾਰੀ ਨਿਕੀ ਮੋਟੀ ਸਮੱਸਿਆ ਤਾਂ ਹਲ ਕਰ ਦਿੰਦੇ ਹਨ ਪਰ ਵੱਡੀਆਂ ਸਮਸਿਆਵਾਂ ਉੱਥੇ ਹੀ ਰਹਿੰਦੀਆਂ ਹਨ| ਜੇ ਗਮਾਡਾ ਅਤੇ ਕੰਪਨੀ ਨੇ ਦੋਵਾਂ ਬਲਾਕਾਂ ਦੀਆਂ ਸੱਮਸਿਆਵਾਂ ਜਲਦੀ ਹੀ ਹੱਲ ਨਾ ਕੀਤੀਆਂ ਤਾਂ ਉਹ ਸਰਕਾਰ ਤੱਕ ਪਹੁੰਚ ਕਰਨਗੇ|
ਇਸੇ ਦੌਰਾਨ ਐਰੋ ਸਿਟੀ ਡਿਵੈਲਪਮੈਂਟ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਤੁਲੀ ਨੇ ਕਿਹਾ ਕਿ ਸਮੁੱਚੇ ਐਰੋਸਿਟੀ ਵਿੱਚ ਸਹੂਲਤਾਂ ਦੀ ਭਾਰੀ ਘਾਟ ਹੈ, ਇਸ ਇਲਾਕੇ ਵਿੱਚ ਬਿਜਲੀ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ, ਸੜਕਾਂ, ਪਾਰਕਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਇਹਨਾਂ ਦਾ ਬੁਰਾ ਹਾਲ ਹੈ| ਵਿਕਾਸ ਕੰਮਾਂ ਦੀ ਸਖਤ ਲੋੜ ਹੈ ਪਰ ਬਲਾਕ ਐਫ ਅਤੇ ਐਚ ਦੀ ਹਾਲਤ ਤਰਸਯੋਗ ਹੈ ਜਿਸ ਲਈ ਐਸੋਸੀਏਸ਼ਨ ਯਤਨ ਕਰ ਰਹੀ ਹੈ| ਉਹਨਾਂ ਕਿਹਾ ਕਿ ਜੇਕਰ ਗਮਾਡਾ ਅਤੇ ਸੰੰਬੰਧਿਤ ਕੰਪਨੀ ਨੇ ਐਰੋਸਿਟੀ ਦੇ ਵਸਨੀਕਾਂ ਨੂੰ ਜਲਦੀ ਸਹੂਲਤ ਨਾ ਮੁਹਈਆਂ ਕਰਵਾਈਆਂ ਤਾਂ ਉਹਨਾ ਦਾ ਵਫਦ ਪੰਜਾਬ ਦੇ ਹਾਊਸਿੰਗ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲੇਗਾ ਅਤੇ ਐਰੋਸਿਟੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਧਿਆਨ ਵਿੱਚ ਲਿਆਵੇਗਾ|
ਐਫ ਬਲਾਕ ਵਿੱਚ ਸਭ ਤੋਂ ਪਹਿਲਾਂ ਰਿਹਾਇਸ਼ ਕਰਨ ਵਾਲੇ, ਮਕਾਨ ਨੰਬਰ 5466 ਦੇ ਵਸਨੀਕ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨਾ ਤਾਂ ਸਟਰੀਟ ਲਾਈਟ ਠੀਕ ਚਲਦੀ ਹੈ, ਨਾ ਹੀ ਸੜਕ ਬਣੀ ਹੋਈ ਹੈ, ਇਸ ਬਲਾਕ ਦੇ ਪਾਰਕਾਂ ਦੀ ਸੰਭਾਲ ਨਹੀਂ ਹੁੰਦੀ, ਹਰ ਪਾਸੇ ਹੀ ਜੰਗਲੀ ਘਾਹ ਉੱਗਿਆ ਹੋਇਆ ਹੈ, ਜਿਸ ਵਿੱਚ ਸੱਪ ਫਿਰਦੇ ਹਨ ਉਹਨਾਂ ਦੇ ਵੀ ਸੱਪ ਲੜ ਚੁਕਿਆ ਹੈ| ਪਾਰਕਾਂ ਦੀ ਸਹੀ ਸੰਭਾਲ ਨਹੀਂ ਹੁੰਦੀ, ਪਾਰਕਾਂ ਵਿੱਚ ਵੀ ਸੱਪ ਫਿਰਦੇ ਹਨ|

Leave a Reply

Your email address will not be published. Required fields are marked *