ਬੁਨਿਆਦੀ ਸੁਵਿਧਾਵਾਂ ਮੁਹਈਆ ਨਾ ਹੋਣ ਕਾਰਨ ਵਿਕਾਸ ਪੱਖੋਂ ਪਿਛੜ ਗਿਆ ਹੈ ਐਰੋਸਿਟੀ ਦਾ ਖੇਤਰ

ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਏਅਰ ਪੋਰਟ ਰੋਡ ਦੇ ਨਾਲ ਅਤਿ-ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਵਸਾਉਣ ਦਾ ਸੁਪਨਾ ਬਿਖਰਦਾ ਜਾ ਰਿਹਾ ਹੈ| ਐਰੋਸਿਟੀ ਦੇ ਤੌਰ ਤੇ ਵਿਕਸਤ ਕੀਤਾ ਇਹ ਇਲਾਕਾ ਆਧੁਨਿਕ ਸਹੂਲਤਾਂ ਤੋਂ ਦੂਰ ਮੁਢਲੀਆਂ ਲੋੜਾਂ ਨੂੰ ਵੀ ਤਰਸ ਰਿਹਾ ਹੈ| ਐਰੋਸਿਟੀ ਨੂੰ ਵਿਕਸਤ ਕਰਨ ਵਾਲੀ ਠੇਕੇ ਦੀ ਕੰਪਨੀ ਐਲ. ਐਡ. ਟੀ. ਅਤੇ ਗਮਾਡਾ ਦੋਵਾਂ ਦੇ ਪੱਧਰ ਤੇ ਹੀ ਕੋਈ ਵੀ ਅਜਿਹੇ ਯਤਨ ਨਹੀਂ ਕੀਤੇ ਜਿਸ ਨਾਲ ਇਥੋਂ ਦੇ ਪਲਾਟ ਅਲਾਟੀ ਮਾਣ ਕਰ ਸਕਣ ਕਿ ਉਹ ਐਰੋਸਿਟੀ ਵਸਨੀਕ ਹਨ| ਐਰੋਸਿਟੀ ਦੇ  ਬਲਾਕ ਏ. ਤੋਂ ਜੇ. ਤੱਕ ਵੇਖਣ ਤੋਂ ਪਤਾ ਲਗਦਾ ਹੈ ਕਿ ਐਲ. ਐਡ. ਟੀ. ਅਤੇ ਗਮਾਡਾ ਵਲੋਂ ਐਰੋਸਿਟੀ ਦੇ ਵਿਕਾਸ ਵਿੱਚ ਕੋਈ ਦਿਲਚਸਪੀ ਨਹੀਂ ਹੈ| ਬਹੁਤੇ ਬਲਾਕਾਂ ਦੇ ਵਿੱਚ ਸੜਕਾਂ ਟੁੱਟੀਆਂ ਅਤੇ ਅਧੂਰੀਆਂ ਹਨ| ਕਈ ਥਾਵਾਂ ਤੇ ਤਾਂ ਅਜੇ ਕੱਚੀਆਂ ਸੜਕਾਂ ਤੱਕ ਵੀ ਨਹੀਂ ਹਨ|
ਸੀਵਰੇਜ ਦਾ ਕਈ ਥਾਵਾਂ ਤੇ ਅਜੇ ਕੰਮ ਚਲ ਰਿਹਾ ਹੈ| ਐਰੋਸਿਟੀ ਦੇ ਜਿਹੜੇ ਵਿਰਲੇ ਵਿਰਲੇ ਘਰ ਬਣੇ ਹਨ ਉਹਨਾਂ ਦੇ ਪਾਸ ਸੀਵਰੇਜ ਦੇ               ਮੇਨ ਹੋਲ ਵੀ ਢੱਕੇ ਹੋਏ ਨਹੀਂ ਹਨ ਜੋ ਰਾਤ ਨੂੰ ਹਾਦਸਿਆਂ ਨੂੰ ਸੱਦਾ ਦੇ ਸਕਦੇ ਹਨ| ਬਹੁਤੇ ਬਲਾਕਾਂ ਦੇ ਵਿੱਚ ਰਾਤ ਨੂੰ ਘਰਾਂ ਦੀ ਕਈ ਕਈ ਦਿਨ ਬਿਜਲੀ ਅਤੇ ਸਟਰੀਟ ਲਾਈਟ ਗੁਲ ਰਹਿੰਦੀ ਹੈ| ਐਲ.ਐਡ.ਟੀ. ਨੂੰ ਕਈ ਵਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਉਥੇ ਦੇ ਵਸਨੀਕ ਨਿਰਾਸ਼ ਹੀ ਮੁੜਦੇ ਹਨ| ਦੂਸਰੇ ਪਾਸੇ ਬਣੀਆਂ ਭਲਾਈ ਸੰਸਥਾਵਾਂ ਦੇ ਵਾਰ ਵਾਰ ਗਮਾਡਾ ਨੂੰ ਮੁਸ਼ਕਲਾਂ ਦੱਸੀਆਂ ਹਨ ਪਰ ਗਮਾਡਾ ਦੇ ਅਧਿਕਾਰੀਆਂ ਨੇ ਵੀ ਐਰੋਸਿਟੀ ਨਿਵਾਸੀਆਂ ਨੂੰ ਪੇਸ਼ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ| 76-80 ਦੀ ਤਰ੍ਹਾਂ ਐਰੋਸਿਟੀ ਦੇ ਕਈ ਅਲਾਟੀਆਂ ਨੂੰ ਵੀ ਉਹਨਾਂ ਦੇ ਪਲਾਟ ਅਜੇ ਨਸੀਬ ਨਹੀਂ ਹੋਏ| ਐਰੋਸਿਟੀ ਦੇ ਬਹੁਤ ਸਾਰੇ ਅਲਾਟੀ ਆਪਣੇ ਪਲਾਟ ਤੇ ਮਕਾਨ ਉਸਾਰਨ ਚਾਹੁੰਦੇ ਹਨ| ਪਰ ਕਈ ਪਲਾਟਾਂ ਦੇ ਕਬਜੇ ਨਾ ਮਿਲਣ ਅਤੇ ਬਿਜਲੀ ਅਤੇ ਸਹੂਲਤਾਂ ਦੀ ਘਾਟ ਕਾਰਨ ਉਹ ਦੋ ਚਿੱਤੀ ਵਿੱਚ ਹਨ| ਉਥੋਂ ਦੇ ਵਸਨੀਕ ਚਾਹੁੰਦੇ ਹਨ ਕਿ ਗਮਾਡਾ ਐਰੋਸਿਟੀ ਨੂੰ ਵਿਕਸਤ ਕਰਨ ਵਲ ਉਚੇਚਾ ਧਿਆਨ ਦੇਣ ਅਤੇ ਇਥੋਂ ਦੇ ਨਿਵਾਸੀਆਂ ਦੀਆਂ ਬਿਜਲੀ, ਪਾਣੀ, ਸੜਕਾਂ, ਸੀਵਰੇਜ ਅਤੇ ਮੇਨ ਹੋਲ ਬੰਦ ਕਰਨ ਵਲ ਧਿਆਨ  ਦੇਵੇ|

Leave a Reply

Your email address will not be published. Required fields are marked *