ਬੁਰਨੇਈ ਦੇ ਸੁਲਤਾਨ ਨੇ ਸਿੰਘਾਸਨ ਤੇ ਪੂਰੇ ਕੀਤੇ 50 ਸਾਲ, ਸੋਨੇ ਦੇ ਰੱਥ ਵਿੱਚ ਬੈਠ ਕੇ ਕੱਢੀ ਯਾਤਰਾ

ਬੇਗਾਵਾਨ, 6 ਅਕਤੂਬਰ (ਸ.ਬ.) ਇੰਡੋਨੇਸ਼ੀਆ ਕੋਲ ਵਸੇ ਛੋਟੇ ਜਿਹੇ ਦੇਸ਼ ਬੁਰਨੇਈ ਦੇ ਸੁਲਤਾਨ ਹਸਨਅਲ ਬੋਲਕਿਆਹ ਨੇ ਬੀਤੇ ਦਿਨੀਂ ਸਿੰਘਾਸਨ ਉਤੇ 50 ਸਾਲ ਪੂਰੇ ਕਰ ਲਏ| ਇਸ ਖਾਸ ਮੌਕੇ ਨੂੰ ਉਨ੍ਹਾਂ ਨੇ ਬੇਹੱਦ ਸ਼ਾਹੀ ਅੰਦਾਜ਼ ਵਿਚ ਮਨਾਇਆ| ਉਨ੍ਹਾਂ ਆਪਣੇ ਸੋਨੇ ਦੇ ਰੱਥ ਉਤੇ ਸਵਾਰ ਹੋ ਕੇ ਪੂਰੇ ਸ਼ਹਿਰ ਵਿਚ ਯਾਤਰਾ ਕੱਢੀ| ਰੱਥ ਨੂੰ ਉਨ੍ਹਾਂ ਦੇ 50 ਸੇਵਕ ਅੱਗੇ-ਅੱਗੇ ਖਿੱਚ ਰਹੇ ਸਨ| ਉਨ੍ਹਾਂ ਨਾਲ ਰਾਣੀ ਸਾਲੇਹਾ ਵੀ ਮੌਜੂਦ ਸਨ|
ਇਸ ਦੌਰਾਨ ਸੜਕਾਂ ਉਤੇ 80 ਹਜ਼ਾਰ ਤੋਂ ਜ਼ਿਆਦਾ ਲੋਕ ਮੌਜੂਦ ਸਨ| ਕੁੱਝ ਲੋਕ ਤਾਂ ਸੁਲਤਾਨ ਨੂੰ ਨਜ਼ਦੀਕ ਤੋਂ ਦੇਖਣ ਲਈ ਸਵੇਰੇ 5 ਵਜੇ ਤੋਂ ਹੀ ਸੜਕਾਂ ਉਤੇ ਆ ਗਏ ਸਨ| ਪੰਜ ਕਿ.ਮੀ. ਲੰਬੀ ਯਾਤਰਾ ਵਿਚ ਫੌਜ ਦਾ ਬੈਂਡ ਵੀ ਮੌਜੂਦ ਸੀ| ਰੱਥ ਦੇ ਪਿੱਛੇ-ਪਿੱਛੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਰੋਲਸ ਰਾਇਸ ਵਿਚ ਸਵਾਰ ਹੋ ਕੇ ਯਾਤਰਾ ਕਰ ਰਹੇ ਸਨ| ਇਹ ਯਾਤਰਾ ਉਨ੍ਹਾਂ ਦੇ ਆਲੀਸ਼ਾਨ ਪੈਲਸ ਤੱਕ ਆਯੋਜਿਤ ਕੀਤੀ ਗਈ ਸੀ| ਉਨ੍ਹਾਂ ਦੇ ਮਹਿਮਾਨਾਂ ਦੀ ਸੂਚੀ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਅਤੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਵਰਗੀਆਂ ਹੱਸਤੀਆਂ ਸ਼ਾਮਲ ਸਨ|
ਸੁਲਤਾਨ 1967 ਤੋਂ ਬੁਰਨੇਈ ਵਿਚ ਸਿੰਹਾਸਨ ਸੰਭਾਲ ਰਹੇ ਹਨ| ਬ੍ਰਿਟਿਸ਼ ਮਹਾਰਾਣੀ ਏਲੀਜਾਬੇਥ ਤੋਂ ਬਾਅਦ ਉਹ ਦੁਨੀਆ ਦੇ ਸਭ ਤੋਂ ਲੰਬੇ ਤੱਕ ਸਿੰਘਾਸਨ ਉਤੇ ਰਹਿਣ ਵਾਲੇ ਸ਼ਾਸਕ ਹਨ| ਬੁਰਨੇਈ ਵਿਚ 2 ਹਫ਼ਤੇ ਤੱਕ ਇੰਝ ਹੀ ਪ੍ਰਬੰਧ ਜਾਰੀ ਰਹਿਣਗੇ|
ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਸੁਲਤਾਨ ਹਸਨਅਲ ਆਪਣੀ ਆਲੀਸ਼ਾਨ ਜੀਵਨਸ਼ੈਲੀ ਲਈ ਚਰਚਾ ਵਿਚ ਰਹਿੰਦੇ ਹਨ| ਉਨ੍ਹਾਂ ਦੇ ਪੈਲਸ ਵਿਚ ਕਰੀਬ 1800 ਕਮਰੇ ਹਨ, ਜਿਸ ਵਿਚ 22 ਕੈਰੇਟ ਸੋਨਾ ਲੱਗਾ ਹੈ ਅਤੇ 7 ਹਜ਼ਾਰ ਕਾਰਾਂ ਦਾ ਕਾਫਿਲਾ ਹੈ| ਇਨ੍ਹਾਂ ਦਾ ਨਿੱਜੀ ਜੈਟ ਜਹਾਜ਼ ਵੀ ਕਿਸੇ ਪੈਲਸ ਤੋਂ ਘੱਟ ਨਹੀਂ ਹੈ| ਉਸ ਵਿਚ ਖਾਸ ਤੌਰ ਉਤੇ ਲੱਕੜੀ ਅਤੇ ਸੋਨੇ ਦਾ ਕੰਮ ਕੀਤਾ ਗਿਆ ਹੈ| ਸੁਲਤਾਨ ਬਾਲ ਕਟਵਾਉਣ ਉਤੇ ਹੀ ਕਰੀਬ 13 ਲੱਖ ਰੁਪਏ ਖਰਚ ਕਰ ਦਿੰਦੇ ਹਨ| ਇਨ੍ਹਾਂ 20 ਅਰਬ ਡਾਲਰ ਅਨੁਮਾਨਿਤ ਜ਼ਾਇਦਾਦ ਹੈ|

Leave a Reply

Your email address will not be published. Required fields are marked *