ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੈ ਫੇਜ਼ 7 ਦੀਆਂ 800 ਨੰਬਰ ਵਾਲੀਆਂ ਕੋਠੀਆਂ ਵਿਚਲਾ ਵੱਡਾ ਪਾਰਕ

ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੈ ਫੇਜ਼ 7 ਦੀਆਂ 800 ਨੰਬਰ ਵਾਲੀਆਂ ਕੋਠੀਆਂ ਵਿਚਲਾ ਵੱਡਾ ਪਾਰਕ
ਕਿਤੇ ਉੱਚੀ ਘਾਹ ਕਿਤੇ ਖੱਡੇ ਅਤੇ ਚਿੱਕੜ, ਝੂਲੇ ਟੁੱਟੇ, ਜਿਮ ਦੀਆਂ ਮਸ਼ੀਨਾਂ ਵੀ ਟੁੱਟੀਆਂ, ਲੋਕ ਹੁੰਦੇ ਹਨ ਪ੍ਰੇਸ਼ਾਨ
ਐਸ ਏ ਐਸ ਨਗਰ, 21 ਅਗਸਤ (ਸ.ਬ.) ਸਥਾਨਕ ਫੇਜ਼ 7 ਦੀਆਂ 800 ਨੰਬਰ ਵਾਲੀਆਂ ਕੋਠੀਆਂ ਵਿਚਲਾ ਵੱਡਾ ਪਾਰਕ ( ਕੋਠੀ ਨੰਬਰ 857 ਦੇ ਸਾਹਮਣੇ) ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੈ| ਇਸ ਪਾਰਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਪਰੰਤੂ ਸਥਾਨਕ ਪ੍ਰਸ਼ਾਸਨ ਵਲੋਂ ਇਸਦੀ ਸੰਭਾਲ ਲਈ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਸਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ| ਜਿਸ ਕਾਰਨ ਇਹਨਾਂ ਕੋਠੀਆਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਪਾਰਕ ਵਿੱਚ ਉਗਿਆ ਘਾਹ ਕਾਫੀ ਉੱਚਾ ਹੋ ਗਿਆ ਹੈ ਅਤੇ ਘਾਹ ਦੀ ਕਟਾਈ ਨਾ ਹੋਣ ਕਾਰਨ ਇੱਥੇ ਮੱਛਰ ਵੀ ਪਲ ਰਿਹਾ ਹੈ| ਪਾਰਕ ਵਿੱਚ ਥਾਂ-ਥਾਂ ਮਿੱਟੀ ਪੁੱਟੀ ਪਈ ਹੈ ਅਤੇ ਖੱਡੇ ਬਣੇ ਹੋਏ ਹਨ ਜਿਹਨਾਂ ਵਿੱਚ ਪਾਣੀ ਖੜ੍ਹਾ ਹੈ| ਪਾਰਕ ਵਿੱਚ ਸਫਾਈ ਦੀ ਭਾਰੀ ਘਾਟ ਹੈ ਅਤੇ ਲੋੜੀਂਦੀ ਸਾਫ ਸਫਾਈ ਨਾ ਹੋਣ ਕਾਰਨ ਕਈ ਤਰ੍ਹਾਂ ਦੇ ਜੀਵ- ਜੰਤੂ ਪੈਦਾ ਹੋ ਗਏ ਹਨ| ਪਾਰਕ ਵਿੱਚ ਗਾਜਰ ਬੂਟੀ ਵੀ ਵੱਧ ਰਹੀ ਹੈ|
ਪਾਰਕ ਦੇ ਵਿੱਚ ਲੱਗੇ ਝੂਲੇ ਵੀ ਟੁੱਟ ਗਏ ਹਨ ਅਤੇ ਲੋਕਾਂ ਦੇ ਸੈਰ ਕਰਨ ਲਈ ਬਣਾਇਆ ਹੋਇਆ ਟਰੈਕ ਵੀ ਕਈ ਥਾਵਾਂ ਤੋਂ ਖਰਾਬ ਹੋ ਚੁੱਕਿਆ ਹੈ ਅਤੇ ਪਾਰਕ ਵਿੱਚ ਲੱਗੇ ਬੈਂਚਾਂ ਦੇ ਆਸ ਪਾਸ ਉੱਚਾ ਘਾਹ ਖੜ੍ਹਾ ਹੋਣ ਕਾਰਨ ਬੈਂਚਾਂ ਦੇ ਆਸਪਾਸ ਮੱਛਰ ਬਹੁਤ ਵੱਧ ਗਿਆ ਹੈ| ਇਸ ਪਾਰਕ ਵਿੱਚ ਲਗਾਏ ਗਏ ਜਿਮ ਦੀਆਂ ਮਸ਼ੀਨਾਂ ਵੀ ਟੁੱਟ ਗਈਆਂ ਹਨ|
ਇਹਨਾਂ ਕੋਠੀਆਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਪ੍ਰਭਦੀਪ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪਾਰਕ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਸਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ| ਉਹਨਾਂ ਦੱਸਿਆ ਕਿ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਅੱਜ ਕੱਲ ਬਰਸਾਤ ਦੇ ਮੌਸਮ ਵਿੱਚ ਪਾਰਕ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ| ਪਾਰਕ ਵਿੱਚ ਲੱਗੇ ਝੂਲੇ ਟੁੱਟੇ ਹੋਣ ਕਾਰਨ ਬੱਚਿਆਂ ਨੂੰ ਖੇਡਣ ਲਈ ਕੁਝ ਨਹੀਂ ਮਿਲਦਾ| ਉਹਨਾਂ ਮੰਗ ਕੀਤੀ ਕਿ ਇਸ ਪਾਰਕ ਦੀ ਹਾਲਤ ਵਿੱਚ ਜਲਦੀ ਹੀ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *