ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹਨ ਫੇਜ਼ 2 ਦੀਆਂ ਮਾਰਕੀਟਾਂ

ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹਨ ਫੇਜ਼ 2 ਦੀਆਂ ਮਾਰਕੀਟਾਂ
ਥਾਂ ਥਾਂ ਤੋਂ ਟੁੱਟੀਆਂ ਪਾਰਕਿੰਗਾਂ ਕਾਰਨ ਦੁਕਾਨਦਾਰ ਹੁੰਦੇ ਹਨ ਪਰੇਸ਼ਾਨ
ਐਸ ਏ ਐਸ ਨਗਰ, 20 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੀਆਂ ਮਾਰਕੀਟਾਂ ਦੀਆਂ ਪਾਰਿਕੰਗਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਕੀਤੇ ਜਾਣ ਕਾਰਨ ਇਹ ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹਨ ਅਤੇ ਇਸ ਕਾਰਨ ਜਿੱਥੇ ਆਮ ਗ੍ਰਾਹਕ ਇਹਨਾਂ ਮਾਰਕੀਟਾਂ ਵਿੱਚ ਦਾਖਿਲ ਹੋਣ ਤੋਂ ਗੁਰੇਜ ਕਰਦੇ ਹਨ ਉੱਥੇ ਬੁਰੀ ਤਰ੍ਹਾਂ ਟੁੱਟੀ ਪਾਰਕਿੰਗ ਵਿੱਚ ਥਾਂ ਥਾਂ ਤੇ ਪਏ ਖੱਡਿਆਂ ਵਿੱਚ ਖੜ੍ਹੇ ਪਾਣੀ ਕਾਰਨ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| 
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ (ਜਿਹਨਾਂ ਦਾ ਆਪਣਾ ਦਫਤਰ ਵੀ ਫੇਜ਼ 2 ਦੀ ਮਾਰਕੀਟ ਵਿੱਚ ਹੈ) ਦੱਸਦੇ ਹਨ ਕਿ ਮਾਰਕੀਟਾਂ  ਦੀਆਂ ਪਾਰਿਕੰਗਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਕੀਤੇ ਜਾਣ ਕਾਰਨ ਇਹ ਬਦਹਾਲੀ ਦਾ ਸ਼ਿਕਾਰ ਹਨ ਅਤੇ ਇਸ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਆਮ ਗ੍ਰਾਹਕ ਵੀ ਮਾਰਕੀਟ ਵਿੱਚ ਆਉਣ ਤੋਂ ਗੁਰੇਜ ਕਰਦਾ ਹੈ| ਉਹਨਾਂ ਕਿਹਾ ਕਿ ਇੱਕ ਤਾਂ ਕੋਰੋਨਾ ਦੀ ਮਹਾਮਾਰੀ ਕਾਰਨ ਲੋਕਾਂ ਦੇ ਕਾਰੋਬਾਰ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਉੱਥੇ ਮਾਰਕੀਟ ਦੀ ਪਾਰਕਿੰਗ ਦੀ ਬਦਹਾਲੀ ਵਪਾਰੀਆਂ ਦੇ ਕਾਰੋਬਾਰ ਤੇ ਨਾਂਹਪੱਖੀ ਅਸਰ ਪਾਉਂਦੀ ਹੈ| 
ਫੇਜ਼ ਦੋ ਦੀ ਫਰੈਂਕੋ ਲਾਈਟਾਂ ਨੇੜੇ ਪੈਂਦੀ ਮਾਰਕੀਟ ਦੇ ਦੁਕਾਨਾਦਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਮਾਰਕੀਟ ਦੀ ਪਾਰਕਿੰਗ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਜਿਸ ਕਾਰਨ ਇੱਥੇ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਜਦੋਂ ਵੀ ਕੋਈ ਵਾਹਨ ਇੱਥੋਂ ਲੰਘਦਾ ਹੈ ਤਾਂ ਉਸ ਕਾਰਨ ਉੜਣ ਵਾਲੇ ਪਾਣੀ ਦੇ ਛਿੱਟੇ ਹੋਰਨਾਂ ਵਾਹਨਾਂ ਨੂੰ ਗੰਦਾ ਕਰਕੇ ਹਨ| ਉਹਨਾਂ ਕਿਹਾ ਕਿ ਮਾਰਕੀਟ ਦੀ ਇੱਕ ਸਾਈਡ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਇਹ ਗੰਦਾ ਪਾਣੀ ਬਦਬੂ ਮਾਰਦਾ ਹੈ ਜਿਸ ਵਿੱਚ ਮੱਛਰ ਵੀ ਪਲਦਾ ਹੈ| 
ਮਾਰਕੀਟ ਵਿੱਚ ਆਏ ਸੁਰਿੰਦਰ ਪਾਲ ਸਿੰਘ ਅਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਦੀ ਪਾਕਿੰਗ ਪਿਛਲੇ ਕਾਫੀ ਸਮੇਂ ਤੋਂ ਖਰਾਬ ਹੋਣ ਕਾਰਨ ਵਾਹਨ ਖੜ੍ਹਾਉਣ ਲਈ ਲੋੜੀਂਦੀ ਥਾਂ ਨਹੀਂ ਮਿਲਦੀ|
ਉਪਰੋਕਤ ਵਿਅਕਤੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਵਲੋਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਸ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *