ਬੁਲੰਦਸ਼ਹਿਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਦੀ ਮੌਤ, 16 ਦੀ ਹਾਲਤ ਗੰਭੀਰ


ਬੁਲੰਦਸ਼ਹਿਰ, 8 ਜਨਵਰੀ (ਸ.ਬ.) ਉੱਤਰ-ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਥਾਣਾ ਪੁਲੀਸ ਦੀ ਲਾਪਰਵਾਹੀ ਮੰਨਦੇ ਹੋਏ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਂਕੀ ਇੰਚਾਰਜ ਪ੍ਰਭਾਰੀ ਅਨੋਖੇ ਪੁਰੀ ਨੂੰ ਸਸਪੈਂਡ ਕੀਤਾ ਗਿਆ ਹੈ। ਨਾਲ ਹੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਸਿਕੰਦਰਾਬਾਦ ਕੋਤਵਾਲੀ ਖੇਤਰ ਦੇ ਪਿੰਡ ਜੀਤਗੜ੍ਹੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕ ਬੀਮਾਰ ਹੋ ਗਏ, ਜਿਨ੍ਹਾਂ ਵਿੱਚੋਂ ਅੱਜ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 16 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸ਼ਰਾਬ ਮਾਫੀਆ ਅਤੇ ਆਬਕਾਰੀ ਵਿਭਾਗ ਦੀ ਮਿਲੀ ਭੁਗਤ ਨਾਲ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸ਼ਰਾਬ ਮਾਫੀਆ ਕੁਲਦੀਪ ਫਰਾਰ ਹੈ।
ਡੀ.ਐਮ. ਰਵਿੰਦਰ ਕੁਮਾਰ ਨੇ ਕਿਹਾ ਕਿ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 16 ਵਿਅਕਤੀਆਂ ਦੀ ਹਾਲਤ ਖ਼ਰਾਬ ਹੈ। ਉਹਨਾਂ ਕਿਹਾ ਕਿ ਸਾਡੀ ਪਹਿਲ ਇਨ੍ਹਾਂ 16 ਵਿਅਕਤੀਆਂ ਦੀ ਜ਼ਿੰਦਗੀ ਬਚਾਉਣ ਦੀ ਹੈ। ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਸੀ, ਇਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਮੌਤ ਦੇ ਪਿਛੇ ਕਾਰਨ ਕੀ ਹੈ।
ਬੁਲੰਦਸ਼ਹਿਰ ਦੀ ਘਟਨਾ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਦੋਸ਼ੀਆਂ ਤੇ ਐਨ.ਐਸ.ਏ. ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਜਾ ਕੇ ਹਰ ਪੀੜਤ ਨੂੰ ਬਿਹਤਰ ਇਲਾਜ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ ਦੋਸ਼ੀ ਡਿਸਟੀਲਰੀ ਖਿਲਾਫ ਵੀ ਸਖਤ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ।
ਬੁਲੰਦਸ਼ਹਿਰ ਦੇ ਐਸ.ਐਸ.ਪੀ. ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਲਾਪਰਵਾਹੀ ਦੇ ਦੋਸ਼ ਵਿੱਚ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਂਕੀ ਇੰਚਾਰਜ ਪ੍ਰਭਾਰੀ ਅਨੋਖੀ ਪੁਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਦੋਸ਼ੀ ਦੀ ਭਾਲ ਸ਼ੁਰੂ ਹੋ ਗਈ ਹੈ। ਬੀਮਾਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *