ਬੁਲੰਦਸ਼ਹਿਰ ਹਿੰਸਾ : ਮੁੱਖ ਮੰਤਰੀ ਯੋਗੀ ਵਲੋਂ ਦੋਸ਼ੀਆਂ ਵਿਰੁੱਧ ਸ਼ਖਤ ਕਾਰਵਾਈ ਦੀ ਹਿਦਾਇਤ

ਲਖਨਊ, 5 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁਲੰਦਸ਼ਹਿਰ ਵਿੱਚ ਭੜਕੀ ਹਿੰਸਾ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ| ਉਨ੍ਹਾਂ ਨੇ ਬੁਲੰਦਸ਼ਹਿਰ ਦੀ ਘਟਨਾ ਨੂੰ ਡੂੰਘੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ| ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਮੰਗਲਵਾਰ ਦੇਰ ਰਾਤ ਗੋਰਖਪੁਰ ਤੋਂ ਪਰਤਣ ਮਗਰੋਂ ਆਪਣੇ ਸਰਕਾਰੀ ਆਵਾਸ ਤੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ|
ਬੈਠਕ ਵਿਚ ਯੋਗੀ ਨੇ ਵਿਸ਼ੇਸ਼ ਰੂਪ ਨਾਲ ਬੁਲੰਦਸ਼ਹਿਰ ਹਿੰਸਾ ਤੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ| ਉਨ੍ਹਾਂ ਨੇ ਕਿਹਾ ਕਿ ਹਿੰਸਾ ਫੈਲਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ| ਬੁਲੰਦਸ਼ਹਿਰ ਹਿੰਸਾ ਦੀ ਘਟਨਾ ਨੂੰ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਗਊ ਹੱਤਿਆ ਦੇ ਸ਼ੱਕ ਵਿਚ ਸ਼ਾਮਿਲ ਸਾਰੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|
ਜਿਕਰਯੋਗ ਹੈ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੇ ਸ਼ੱਕ ਵਿੱਚ ਹਿੰਸਾ ਹੋਈ| ਹਿੰਸਕ ਭੀੜ ਨੇ ਪੱਥਰਾਂ ਨਾਲ ਇੰਸਪੈਕਟਰ ਤੇ ਹਮਲਾ ਕੀਤਾ ਸੀ| ਪੁਲੀਸ ਅਧਿਕਾਰੀ ਅਤੇ ਟੀਮ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਗਈ ਸੀ| ਭੀੜ ਨਹੀਂ ਮੰਨੀ ਅਤੇ ਹੋਰ ਜ਼ਿਆਦਾ ਹਿੰਸਕ ਹੋ ਗਈ| ਭੀੜ ਨੇ ਪੁਲੀਸ ਤੇ ਹੀ ਹਮਲਾ ਕਰ ਦਿੱਤਾ| ਭੀੜ ਵਲੋਂ ਕੀਤੇ ਗਏ ਇਸ ਹਮਲੇ ਵਿਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਮੌਤ ਹੋ ਗਈ| ਇਸ ਤੋਂ ਇਲਾਵਾ ਸੁਮਿਤ ਚੌਧਰੀ ਨਾਂ ਦੇ ਨੌਜਵਾਨ ਦੀ ਇਸ ਹਮਲੇ ਵਿਚ ਮੌਤ ਹੋ ਗਈ| ਹਿੰਸਕ ਭੀੜ ਨੇ ਇਕ ਪੁਲਸ ਥਾਣਾ ਫੂਕ ਦਿੱਤਾ ਅਤੇ ਕਈ ਸਾਰੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਪੁਲੀਸ ਨੇ ਇਸ ਮਾਮਲੇ ਵਿਚ ਕਰੀਬ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ 27 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ 50 ਦੇ ਕਰੀਬ ਅਣਪਛਾਤੇ ਲੋਕਾਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਹੈ|

Leave a Reply

Your email address will not be published. Required fields are marked *