ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਅਤੇ ਜਮਹੂਰੀਅਤ ਦੇ ਹੋ ਰਹੇ ਘਾਣ ਵਿਰੁੱਧ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੀਤਾ ਪ੍ਰਦਰਸ਼ਨ, ਚੰਡੀਗੜ੍ਹ ਵੱਲ ਕੱਢਿਆ ਮਾਰਚ

ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਅਤੇ ਜਮਹੂਰੀਅਤ ਦੇ ਹੋ ਰਹੇ ਘਾਣ ਵਿਰੁੱਧ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੀਤਾ ਪ੍ਰਦਰਸ਼ਨ, ਚੰਡੀਗੜ੍ਹ ਵੱਲ ਕੱਢਿਆ ਮਾਰਚ

45 ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਰਕਰਾਂ ਨੇ ਕੀਤੀ ਸ਼ਮੂਲੀਅਤ, ਚੰਡੀਗੜ੍ਹ ਪੁਲੀਸ ਵਲੋਂ ਰੋਕੇ ਜਾਣ ਤੇ ਵਾਈ ਪੀ ਐਸ ਚੌਂਕ ਤੇ ਲਗਾਇਆ ਧਰਨਾ
ਐਸ ਏ ਐਸ ਨਗਰ, 13 ਸਤੰਬਰ (ਸ.ਬ.) ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨਾਂ ਅਤੇ 40 ਵੱਖ ਵੱਖ ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਵਲੋਂ ਅੱਜ ਇੱਥੇ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਪਿਛਲੇ ਸਮੇਂ ਦੌਰਾਨ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਕਰਕੇ ਪ੍ਰਗਟਾਵੇ ਦੀ ਆਜਾਦੀ ਤੇ ਲਗਾਈ ਜਾ ਰਹੀ ਰੋਕ ਅਤੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਜਮਹੂਰੀਅਤ ਦੇ ਕਥਿਤ ਘਾਣ ਦੇ ਖਿਲਾਫ ਰੋਸ ਜਾਹਿਰ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| ਜਮਹੂਰੀ ਅਧਿਕਾਰ ਸਭਾਵਾਂ ਦੇ ਸੱਦੇ ਤੇ ਕੀਤੀ ਗਈ ਅੱਜ ਦੀ ਰੈਲੀ ਵਿੱਚ ਸ਼ਾਮਿਲ ਹੋਏ ਹਜਾਰਾਂ ਦੀ ਗਿਣਤੀ ਵਿੱਚ ਆਏ ਵਰਕਰਾਂ ਵਲੋਂ ਕੀਤੇ ਗਏ ਇਸ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਜਿੱਥੇ ਸਥਾਨਕ ਪ੍ਰਸ਼ਾਸ਼ਨ ਨੂੰ ਵਾਈ ਪੀ ਐਸ ਚੌਂਕ ਜਾਮ ਹੋਣ ਕਾਰਨ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨੇ ਪਏ ਉੱਥੇ ਇਸ ਕਾਰਨ ਚੰਡੀਗੜ੍ਹ ਜਾਣ ਅਤੇ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ| ਦੁਪਹਿਰ ਵੇਲੇ ਪੁਲੀਸ ਵਲੋਂ ਅੰਬਾਂ ਵਾਲਾ ਚੌਂਕ ਤੋਂ ਚੰਡੀਗੜ੍ਹ (ਵਾਈ ਪੀ ਐਸ ਚੌਂਕ) ਵੱਲ ਜਾਂਦੀ ਸੜਕ ਨੂੰ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਫੇਜ਼ 3-7 ਦੇ ਚੌਂਕ ਤੇ ਵੀ ਬੈਰੀਕੇਡ ਲਗਾ ਕੇ ਵਾਈ ਪੀ ਐਸ ਚੌਂਕ ਵੱਲ ਜਾਂਦੀ ਆਵਾਜਾਈ ਰੋਕ ਦਿੱਤੀ ਗਈ| ਚੰਡੀਗੜ੍ਹ ਵੱਲ ਜਾ ਰਹੇ ਇਹਨਾਂ ਵਰਕਰਾਂ ਨੂੰ ਚੰਡੀਗੜ੍ਹ ਪੁਲੀਸ ਵਲੋਂ ਰੋਕੇ ਜਾਣ ਤੇ ਉਹਨਾਂ ਵਲੋਂ ਵਾਈ ਪੀ ਐਸ ਚੌਂਕ ਤੋਂ ਥੋੜ੍ਹਾ ਅੱਗੇ ਸੜਕ ਤੇ ਹੀ ਧਰਨਾ ਲਗਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਰਹੇ|
ਉੱਘੇ ਜਮਹੂਰੀ ਬੁੱਧੀਜੀਵੀਆਂ ਐਡਵੋਕੇਟ ਸੁਧਾ ਭਾਰਦਵਾਜ, ਗੌਤਮ ਨਵਲੱਖਾ, ਪ੍ਰੋਫੈਸਰ ਵਰਾਵਰਾ ਰਾਓ, ਅਰੁਣ ਫਰੇਰਾ ਅਤੇ ਵਰਨੋਨ ਗੋਂਜ਼ਾਲਵੇਜ਼ ਦੀ ਬਿਨਾ ਸ਼ਰਤ ਰਿਹਾਈ ਲਈ ਕੀਤੇ ਗਏ ਇਸ ਸਾਂਝੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਜਮਹੂਰੀਅਤ ਪਸੰਦ ਲੋਕ ਫਾਸੀਵਾਦੀ ਹੁਕਮਰਾਨਾਂ ਨੂੰ ਜਮਹੂਰੀ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਬੇਬੁਨਿਆਦ ਦੋਸ਼ ਲਾ ਕੇ ਜੇਲ੍ਹਾਂ ਵਿਚ ਸਾੜਣ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਜਮਹੂਰੀ ਹੱਕਾਂ ਦੇ ਘਾਣ ਨੂੰ ਰੋਕਣ ਲਈ ਲੋਕ ਸੰਘਰਸ਼ਾਂ ਨੂੰ ਹੋਰ ਵੀ ਵਿਸ਼ਾਲ ਅਤੇ ਪ੍ਰਚੰਡ ਕਰਦੇ ਹੋਏ ਸੜਕਾਂ ਉੱਪਰ ਆਉਣਗੇ| ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕੀਤੀ ਗਈ ਇਸ ਵਿਸ਼ਾਲ ਰੈਲੀ ਵਿਚ ਬੀਕੇਯੂ ਏਕਤਾ (ਡਕੌਂਦਾ), ਬੀਕੇਯੂ ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਬੀਕੇਯੂ ਕ੍ਰਾਂਤੀਕਾਰੀ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੀਐਸਯੂ ਸੀਟੂ, ਪੀਐਸਯੂ, ਜਮਹੂਰੀ ਅਧਿਕਾਰ ਸਭਾ ਪੰਜਾਬ, ਪਲਸ ਮੰਚ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਨੌਜਵਾਨ ਭਾਰਤ ਸਭਾ, ਨੌਜਵਾਨ ਭਾਰਤ ਸਭਾ (ਅਸ਼ਵਨੀ ਘੁੱਦਾ), ਪੰਜਾਬ ਰੋਡਵੇਜ਼ ਐਂਪਲਾਈਜ਼ ਯੂਨੀਅਨ (ਆਜ਼ਾਦ), ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ, ਰੇਲ ਕੋਚ ਫੈਕਟਰੀ ਐਂਪਲਾਈਜ਼ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟਰ ਯੂਨੀਅਨ, ਡੀਟੀਐਫ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਪੰਜਾਬ, ਆਲ ਇੰਡੀਆ ਕਿਸਾਨ ਸਭਾ ਪੰਜਾਬ, ਪੀਐਸਯੂ (ਲਲਕਾਰ), ਪੰਜਾਬ ਕਿਸਾਨ ਯੂਨੀਅਨ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲੋਕ ਕਾਫ਼ਲੇ ਬੰਨ੍ਹਕੇ ਪਹੁੰਚੇ ਅਤੇ ਰੋਹ ਭਰਪੂਰ ਨਾਅਰੇ ਲਗਾਉਦੇ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਬਿਨਾਸ਼ਰਤ ਰਿਹਾਈ ਦੀ ਮੰਗ ਕੀਤੀ ਗਈ| ਇਸ ਮੌਕੇ ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਟਾਂਡਾ, ਲਛਮਣ ਸਿੰਘ ਸੇਵੇਵਾਲਾ, ਹਰਜੀਤ ਸਿੰਘ ਜੌਹਲ, ਪ੍ਰਮੋਦ ਕੁਮਾਰ, ਸੁਰਿੰਦਰ ਕੌਰ, ਰਾਜਿੰਦਰ ਸਿੰਘ, ਹਰਜੀਤ ਸਿੰਘ ਝੀਤਾ, ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜਗਿਲ, ਰਘੂਨਾਥ ਸਿੰਘ, ਗੁਰਨਾਮ ਸਿੰਘ ਭੀਖੀ, ਪ੍ਰੋਫੈਸਰ ਜਗਮੋਹਣ ਸਿੰਘ, ਮਾਨਵ, ਰੇਸ਼ਮ ਸਿੰਘ ਮਿੱਡਾ , ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਦਾਊਦ, ਸਤੀਸ਼ ਰਾਣਾ, ਸੁਖਵਿੰਦਰ ਸਿੰਘ ਚਾਹਲ, ਮਾਸਟਰ ਰਘਬੀਰ ਸਿੰਘ, ਹਰਨੇਕ ਸਿੰਘ ਮਾਵੀ, ਇੰਦਰਜੀਤ ਗਰੇਵਾਲ, ਸੱਜਣ ਸਿੰਘ, ਬਲਦੇਵ ਸਿੰਘ ਜ਼ੀਰਾ, ਅਮੋਲਕ ਸਿੰਘ, ਊਸ਼ਾ ਰਾਣੀ, ਹੁਸ਼ਿਆਰ ਸਿੰਘ, ਅਸ਼ਵਨੀ ਕੁਮਾਰ, ਰਮਿੰਦਰ ਪਟਿਆਲਾ, ਜਤਿੰਦਰ ਛੀਨਾ, ਮਲਾਗਰ ਸਿੰਘ,ਰਸ਼ਪਿੰਦਰ ਜਿੰਮੀ, ਜੁਗਰਾਜ ਟੱਲੇਵਾਲ, ਕਿਸ਼ਨ ਸਿੰਘ ਭੜੋਂ, ਦਵਿੰਦਰ ਪੂਨੀਆਂ, ਹੁਸ਼ਿਆਰ ਸਿੰਘ, ਅਸ਼ਵਨੀ ਕੁਮਾਰ ਘੁੱਦਾ ਆਦਿ ਨੇ ਸੰਬੋਧਨ ਕੀਤਾ|
ਸ਼ਹੀਦ ਜਤਿੰਦਰਨਾਥ ਦਾਸ, ਜਿਹਨਾਂ ਨੇ ਬਰਤਾਨਵੀ ਜੇਲ੍ਹ ਪ੍ਰਬੰਧ ਵਿਰੁੱਧ 63 ਦਿਨ ਲੰਮੀ ਇਤਿਹਾਸਕ ਭੁੱਖ ਹੜਤਾਲ ਕਰਕੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਸ਼ਹਾਦਤ ਦਿੱਤੀ ਸੀ, ਦੇ ਸ਼ਹਾਦਤ ਦਿਵਸ ਉੱਪਰ ਆਯੋਜਤ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਚਾਰ ਸਾਲ ਪਹਿਲਾਂ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਨਾਅਰਾ ਦੇਕੇ ਸੱਤਾ ਵਿਚ ਆਈ ਭਾਜਪਾ ਵੱਲੋਂ ਫਾਸੀਵਾਦੀ ਤਰੀਕੇ ਨਾਲ ਆਪਣੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਅਤੇ ਹਿੰਦੂਤਵ ਦਾ ਫਿਰਕੂ ਏਜੰਡਾ ਦੇਸ਼ ਦੇ ਲੋਕਾਂ ਉੱਪਰ ਥੋਪਣ ਵਿਰੁੱਧ ਦੱਬੇਕੁਚਲੇ ਤੇ ਕਿਰਤੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੇ ਸੰਘਰਸ਼ ਤਿੱਖੇ ਹੋ ਰਹੇ ਹਨ| ਬੁਲਾਰਿਆਂ ਨੇ ਕਿਹਾ ਕਿ ਨਰਿੰਦਰ ਡਭੋਲਕਰ, ਗੌਰੀ ਲੰਕੇਸ਼ ਸਮੇਤ ਉੱਘੇ ਵਿਦਵਾਨਾਂ ਅਤੇ ਪੱਤਰਕਾਰਾਂ ਦੇ ਕਤਲਾਂ ਵਿਚ ਆਰ.ਐਸ.ਐਸ. ਦੀ ਸਨਾਤਨ ਸੰਸਥਾ ਦਾ ਹੱਥ ਸਪਸ਼ਟ ਸਾਹਮਣੇ ਆਉਣ ਨਾਲ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਨੰਗੀ ਹੋ ਚੁੱਕੀ ਹੈ| ਭੀਮਾ-ਕੋਰੇਗਾਓਂ ਵਿਚ ਦਲਿਤਾਂ ਉੱਪਰ ਹਿੰਸਾ ਕਰਨ ਲਈ ਮੁੱਖ ਜ਼ਿੰਮੇਵਾਰ ਹਿੰਦੂਤਵ ਸਰਗਣਿਆਂ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਨੂੰ ਬਚਾਉਣ ਲਈ ਕੇਂਦਰ ਅਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਕੀਤੀ ਜਾ ਰਹੀ ਦਖ਼ਲ ਅੰਦਾਜ਼ੀ ਕਾਰਨ ਇਹਨਾਂ ਮੁਜਰਿਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਅਤੇ ਬੇਕਸੂਰ ਦਲਿਤਾਂ ਵਿਰੁੱਧ ਦਰਜ਼ ਕੀਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਜ਼ੋਰ ਫੜ ਰਹੀ ਹੈ| ਲੋਕਾਂ ਦੇ ਇਸ ਵਿਆਪਕ ਗੁੱਸੇ ਅਤੇ ਰੋਹ ਨੂੰ ਲੀਹੋਂ ਲਾਹੁਣ, ਅਸਲ ਮੰਗਾਂ ਮਸਲਿਆਂ ਤੋਂ ਧਿਆਨ ਭਟਕਾਉਣ ਅਤੇ ਅਸੁਰੱਖਿਆ ਦਾ ਹਊਆ ਖੜ੍ਹਾ ਕਰਕੇ ਆ ਰਹੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਆਪਣਾ ਅਕਸ ਦੇਸ਼ ਦੀ ਰਖਵਾਲਾ ਤਾਕਤ ਵਾਲਾ ਬਣਾਉਣ ਲਈ ‘ਸ਼ਹਿਰੀ ਨਕਸਲੀ’ ਅਤੇ ਨਰਿੰਦਰ ਮੋਦੀ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਦਾ ਹਊਆ ਖੜ੍ਹਾ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਦਾ ਧਿਆਨ ਭਟਕਾਉਣ ਦੇ ਨਾਲ-ਨਾਲ ਉਹਨਾਂ ਲੋਕਹਿਤੈਸ਼ੀ ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁੰਨਾਂ ਦੀ ਜ਼ੁਬਾਨਬੰਦੀ ਵੀ ਕੀਤੀ ਜਾ ਸਕੇ| ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਬੇਅਦਬੀ ਦੇ ਮਾਮਲੇ ਵਿਚ ਪਾਸ ਕੀਤੇ 295-ਏਏ ਬਿਲ ਨੂੰ ਤਰਕ ਤੇ ਜਮਹੂਰੀ ਸੰਵਾਦ ਦਾ ਗਲਾ ਘੁੱਟਣ ਵਾਲੀ ਸੋਧ ਕਰਾਰ ਦਿੰਦਿਆਂ ਕਿਹਾ ਇਸ ਨੂੰ ਵੀ ਬੇਅਦਬੀ ਦੇ ਬਹਾਨੇ ਤਰਕਸ਼ੀਲ਼ਾਂ ਤੇ ਅਗਾਂਹਵਧੂ-ਜਮਹੂਰੀ ਲੋਕਾਂ ਨੂੰ ਜੇਲਾਂ ਵਿਚ ਸਾੜਨ ਲਈ ਵਰਤਿਆ ਜਾਵੇਗਾ| ਉਹਨਾਂ ਨੇ ਜ਼ੋਰ ਦੇਕੇ ਕਿਹਾ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ.ਏ.ਪੀ.ਏ.), ਐਨ.ਐਸ.ਏ. ਆਦਿ ਵਾਪਸ ਲਏ ਜਾਣ ਜਿਹਨਾਂ ਦੀ ਬਦਰੇਗ ਵਰਤੋਂ ਲੋਕਪੱਖੀ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ|
ਬੁਲਾਰਿਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਵਿਰੁੱਧ ਦਰਜ ਕੀਤੀ ਐੱਫ.ਆਈ.ਆਰ. ਰੱਦ ਕਰਕੇ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ| ਪਹਿਲਾਂ ਗ੍ਰਿਫ਼ਤਾਰ ਕੀਤੇ ਕਾਰਕੁੰਨਾਂ ਪ੍ਰੋਫੈਸਰ ਸ਼ੋਮਾ ਸੇਨ,ਐਡਵੋਕੇਟ ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਮਹੇਸ਼ ਰਾਵਤ, ਰੋਨਾ ਵਿਲਸਨ ਅਤੇ ਜੇਲ੍ਹ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਪ੍ਰੋਫੈਸਰ ਸਾਈਬਾਬਾ ਤੇ ਭੀਮ ਆਰਮੀ ਦੇ ਆਗੂ ਚੰਦਰਸ਼ੇਖਰ ਆਜ਼ਾਦ ਸਮੇਤ ਗ੍ਰਿਫ਼ਤਾਰ ਕੀਤੇ ਸਮੂਹ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ| ”ਸ਼ਹਿਰੀ ਮਾਓਵਾਦੀ” ਦੇ ਨਾਂ ਹੇਠ ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁੰਨਾਂ ਦੀ ਜ਼ੁਬਾਨਬੰਦੀ, ਉਹਨਾਂ ਦੇ ਘਰਾਂ ਵਿਚ ਮੁਜਰਿਮਾਂ ਦੀ ਤਰ੍ਹਾਂ ਛਾਪੇਮਾਰੀ ਅਤੇ ਤਲਾਸ਼ੀਆਂ ਦਾ ਤਾਨਾਸ਼ਾਹ ਸਿਲਸਿਲਾ ਬੰਦ ਕੀਤਾ ਜਾਵੇ| ਭੀਮਾ-ਕੋਰੇਗਾਓਂ ਵਿਚ ਦਲਿਤਾਂ ਉੱਪਰ ਹਿੰਸਕ ਹਮਲੇ ਕਰਨ ਦੇ ਮੁੱਖ ਸਾਜ਼ਿਸ਼ ਘਾੜੇ ਹਿੰਦੂਤਵੀ ਆਗੂਆਂ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਭੀਮਾ-ਕੋਰੇਗਾਓਂ ਹਿੰਸਾ ਦੇ ਸਬੰਧ ਵਿਚ ਆਮ ਦਲਿਤਾਂ ਖਿਲਾਫ਼ ਦਰਜ ਕੀਤੇ ਝੂਠੇ ਕੇਸ ਵਾਪਸ ਲਏ ਜਾਣ| ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜਮਹੂਰੀ ਹੱਕਾਂ ਉੱਪਰ ਚੌਤਰਫ਼ੇ ਹਮਲਿਆਂ ਦੇ ਮਾਹੌਲ ਵਿਚ ਜਮਹੂਰੀ ਹੱਕਾਂ ਦੀ ਰਾਖੀ ਲਈ ਸਮੂਹ ਜਮਹੂਰੀ ਤਾਕਤਾਂ ਚੁੱਪ ਨਹੀਂ ਬੈਠਣਗੀਆਂ ਅਤੇ ਇਕ ਵਿਸ਼ਾਲ ਜਮਹੂਰੀ ਚੇਤਨਾ ਵਾਲੀ ਲਹਿਰ ਉਸਾਰ ਕੇ ਲੋਕਪੱਖੀ ਬੁੱਧੀਜੀਵੀਆਂ ਦੀ ਰਾਖੀ ਕਰਨਗੀਆਂ ਅਤੇ ਹੁਕਮਰਾਨਾਂ ਦੇ ਫਾਸੀਵਾਦੀ ਹਮਲੇ ਨੂੰ ਠੱਲ ਪਾਉਣਗੀਆਂ| ਇਸ ਮੌਕੇ ਸਟੇਜ ਦਾ ਸੰਚਾਲਨ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤਾ|
ਇਸਤੋਂ ਪਹਿਲਾਂ ਵੱਖ ਵੱਖ ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਸਥਾਨਕ ਫੇਜ਼ 8 ਵਿੱਚ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਏ ਜਿੱਥੋਂ ਉਹਨਾਂ ਨੇ ਦੁਪਹਿਰ ਇੱਕ ਵਜੇ ਦੇ ਕਰੀਬ ਵੱਡੇ ਕਾਫਲੇ ਦੀ ਸ਼ਕਲ ਵਿੱਚ ਚੰਡੀਗੜ੍ਹ ਵੱਲ ਕੂਚ ਕੀਤਾ| ਇਸ ਮੌਕੇ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ ਕੀਤੀ ਗਈ ਸੀ| ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਵੱਖ ਵੱਖ ਜਨਤਕ ਅਤੇ ਜਮਹੂਰਹੀ ਸਭਾਵਾਂ ਦੇ ਕਾਰਕੁੰਨ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਏ|
ਬਾਅਦ ਦੁਪਹਿਰ 4 ਵਜੇ ਦੇ ਕਰੀਬ ਪੰਜਾਬ ਦੇ ਰਾਜਪਾਲ ਦੇ ਏ ਡੀ ਸੀ ਕੇ ਬੀ ਸਿੰਘ ਵੱਲੋਂ ਮੌਕੇ ਤੇ ਆ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਹਾਸਿਲ ਕੀਤਾ ਗਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ| ਇਸ ਤੋਂ ਬਾਅਦ ਇਹ ਧਰਨਾ ਖਤਮ ਹੋ ਗਿਆ|

Leave a Reply

Your email address will not be published. Required fields are marked *