ਬੇਅੰਤ ਸਿੰਘ ਕਤਲ ਕੇਸ : ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਅਤੇ 35 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ

ਬੇਅੰਤ ਸਿੰਘ ਕਤਲ ਕੇਸ : ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਅਤੇ 35 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ
ਤਾਰਾ ਨੂੰ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ
ਚੰਡੀਗੜ੍ਹ, 17 ਮਾਰਚ (ਸ.ਬ.) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 31 ਅਗਸਤ 1995 ਨੂੰ ਵਾਪਰੇ ਕਤਲਕਾਂਡ ਦੇ ਮਾਮਲੇ ਵਿੱਚ ਅੱਜ ਚੰਡੀਗੜ੍ਹ ਦੇ ਵਧੀਕ ਜਿਲ੍ਹਾ ਅਤੇ ਸੈਸਨ ਜੱਜ ਜੇ ਐਸ ਸਿੱਧੂ ਦੀ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ (ਮੌਤ ਤਕ) ਦੀ ਸਜਾ ਸੁਣਾਈ ਹੈ| ਇਸ ਦੇ ਨਾਲ ਹੀ ਤਾਰਾ ਨੂੰ ਅਦਾਲਤ ਨੇ 35 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ|
ਜਿਕਰਯੋਗ ਹੈ ਕਿ ਅਦਾਲਤ ਵਲੋਂ ਬੀਤੇ ਸ਼ੁੱਕਰਵਾਰ ਨੂੰ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ| ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਖੁਦ ਦੇ ਬਚਾਓ ਲਈ ਗਵਾਹੀ ਦੇਣ ਲਈ ਵੀ ਕਿਹਾ ਸੀ ਪਰ ਤਾਰਾ ਨੇ ਆਪਣੇ ਬਚਾਓ ਵਿੱਚ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਉਸਨੇ ਕਿਹਾ ਸੀ ਕਿ ਉਸਨੇ ਲਿਖਤੀ ਰੂਪ ਵਿੱਚ ਜੋ ਬਿਆਨ ਦਿੱਤੇ ਹਨ, ਉਹਨਾਂ ਨੂੰ ਹੀ ਉਸਦਾ ਅੰਤਮ ਬਿਆਨ ਸਮਝਿਆ ਜਾਵੇ|
ਜਗਤਾਰ ਸਿੰਘ ਤਾਰਾ ਦੇ ਵਕੀਲ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਵਿੱਚ ਜਗਤਾਰ ਸਿੰਘ ਤਾਰਾ ਨੇ ਕਿਹਾ ਹੈ ਕਿ ਉਸ ਨੂੰ ਬੇਅੰਤ ਸਿੰਘ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ, ਉਸਦਾ ਮੰਨਣਾ ਹੈ ਕਿ ਜੇ ਇਕ ਜਾਲਮ ਵਿਅਕਤੀ ਨੂੰ ਮਾਰ ਕੇ ਹਜਾਰਾਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹੋਣ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ|
ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰੰਤੂ ਟ੍ਰਾਇਲ ਦੌਰਾਨ ਉਹ ਆਪਣੇ ਦੋ ਸਾਥੀਆਂ ਨਾਲ ਬੜੈਲ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ| ਬਾਅਦ ਵਿੱਚ ਉਸਨੂੰ ਜਨਵਰੀ 2015 ਵਿੱਚ ਥਾਈਲੈਂਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ|
ਇਸ ਤੋਂ ਪਹਿਲਾਂ 25 ਜਨਵਰੀ 2018 ਨੂੰ ਜਗਤਾਰ ਸਿੰਘ ਤਾਰਾ ਨੇ 6 ਪੇਜ ਦਾ ਕਬੂਲਨਾਮਾ ਅਦਾਲਤ ਵਿੱਚ ਦਿੱਤਾ ਸੀ| ਇਸ ਵਿੱਚ ਤਾਰਾ ਨੇ ਬੇਅੰਤ ਸਿੰਘ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਸੀ| ਇਸਦੇ ਨਾਲ ਹੀ ਉਸਨੇ ਕਿਹਾ ਸੀ ਕਿ ਬੇਅੰਤ ਸਿੰਘ ਦੀ ਹੱਤਿਆ ਕਰਨ ਕਾਰਨ ਉਸ ਨੂੰ ਕੋਈ ਅਫਸੋਸ ਨਹੀਂ ਹੈ| ਪਿਛਲੀ ਸੁਣਵਾਈ ਵਿਚ ਅਦਾਲਤ ਵਿਚ ਤਾਰਾ ਨੇ ਕਿਹਾ ਸੀ ਕਿ ਉਹ 25 ਜਨਵਰੀ ਨੂੰ ਦਿਤੇ ਗਏ ਬਿਆਨਾਂ ਉਪਰ ਕਾਇਮ ਹੈ| ਪਿਛਲੀ ਸੁਣਵਾਈ ਵਿੱਚ ਸੀ ਬੀ ਆਈ ਦੇ ਵਕੀਲ ਨੇ ਤਾਰਾ ਤੋਂ ਸੀ ਆਰ ਪੀ ਸੀ ਦੀ ਧਾਰਾ 313 ਦੇ ਤਹਿਤ 162 ਸਵਾਲ ਪੁੱਛੇ ਸਨ|
ਜਿਕਰਯੋਗ ਹੈ ਕਿ ਪੰਜਾਬ ਸਿਵਲ ਸੈਕਟ੍ਰੀਏਟ ਦੇ ਬਾਹਰ 31 ਅਗਸਤ 1995 ਨੂੰ ਅਤਵਾਦੀਆਂ ਨੇ ਬੰਬ ਧਮਾਕਾ ਕਰਕੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਨੂ ੰਮਾਰ ਦਿੱਤਾ ਸੀ| ਉਸ ਸਮੇਂ ਸ੍ਰ. ਬੇਅੰਤ ਸਿੰਘ ਦੇ ਨਾਲ 17 ਵਿਅਕਤੀ ਮਾਰੇ ਗਏ ਸਨ| ਇਹਨਾਂ ਵਿੱਚ ਦਿਲਾਵਰ ਸਿੰਘ ਨਾਮ ਦਾ ਪੰਜਾਬ ਪੁਲੀਸ ਦਾ ਉਹ ਮੁਲਾਜਮ ਵੀ ਸ਼ਾਮਿਲ ਸੀ, ਜੋ ਮਨੁਖੀ ਬੰਬ ਬਣਿਆ ਸੀ |

Leave a Reply

Your email address will not be published. Required fields are marked *