ਬੇਅੰਤ ਸਿੰਘ ਦੇ ਨਕਸ਼ੇ ਕਦਮ ਉਪਰ ਤੁਰ ਪਏ ਹਨ ਕੈਪਟਨ ਅਮਰਿੰਦਰ ਸਿੰਘ

ਬੇਅੰਤ ਸਿੰਘ ਦੇ ਨਕਸ਼ੇ ਕਦਮ ਉਪਰ ਤੁਰ ਪਏ ਹਨ ਕੈਪਟਨ ਅਮਰਿੰਦਰ ਸਿੰਘ
ਕੱਟੜ ਹਿੰਦੂ ਨੇੜੇ ਅਤੇ ਆਮ ਸਿੱਖ ਦੂਰ ਹੋਣ ਲੱਗੇ ਕਾਂਗਰਸ ਤੋ

ਐਸ ਏ ਐਸ ਨਗਰ, 21 ਜੂਨ  (ਸ. ਬ.) ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਬਣੀ ਨੂੰ ਤਿੰਨ ਮਹੀਨੇ ਹੋ ਗਏ ਹਨ, ਕਾਂਗਰਸ ਸਰਕਾਰ ਦੀ ਇਸ ਤਿੰਨ ਮਹੀਨੇ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕਰਦਿਆਂ ਇਹ ਗਲ ਸਪਸ਼ਟ ਤੌਰ ਉਪਰ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਲ ਮਰਹੂਮ ਮੁੱਖ  ਮੰਤਰੀ ਬੇਅੰਤ ਸਿੰਘ ਦੇ ਨਕਸ਼ੇ ਕਦਮ ਉਪਰ ਚਲ ਰਹੇ ਹਨ| ਕੈਪਟਨ ਦੀ ਇਸ ਕਾਰਗੁਜਾਰੀ ਕਾਰਨ ਜਿਥੇ ਕੱਟੜ ਹਿੰਦੂ ਕਾਂਗਰਸ ਦੇ ਨੇੜੇ ਹੋ ਰਹੇ ਹਨ ਉਥੇ ਹੀ ਆਮ ਸਿੱੱਖ ਕਾਂਗਰਸ ਤੋਂ ਦੂਰ ਹੋਣੇ ਸ਼ੁਰੂ ਹੋ ਗਏ ਹਨ, ਇਥੇ ਇਹ ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਬਣਾਉਣ ਵਿਚ ਆਮ ਸਿੱਖਾਂ ਦੀਆਂ ਵੋਟਾਂ ਦੀ ਵੀ ਬਹੁਤ ਵੱਡੀ ਭੂਮਿਕਾ ਰਹੀ ਹੈ ਪਰ ਕੈਪਟਨ ਸਰਕਾਰ ਦੀ ਤਿੰਨ ਮਹੀਨੇ ਦੀ ਕਾਰਗੁਜਾਰੀ ਤੋਂ ਆਮ ਸਿੱਖ ਮਾਯੂਸ ਹੋ ਗਏ ਹਨ |
ਕਨਾਡਾ ਦੇ ਵਿਦੇਸ਼ ਮੰਤਰੀ ਅਤੇ ਉਘੇ ਸਿੱਖ ਨੇਤਾ ਸ ਸੱਜਣ ਸਿੰਘ ਜਦੋਂ ਭਾਰਤ ਦੌਰੇ ਉਪਰ ਆਏ ਸਨ ਤਾਂ ਆਮ ਸਿੱਖਾਂ ਨੁੰ ਕੈਪਟਨ ਸਰਕਾਰ ਤੋਂ ਉਮੀਦ ਸੀ ਕਿ ਕੈਪਟਨ ਸਰਕਾਰ ਸ ਸੱਜਣ ਸਿੰਘ ਦਾ ਵਿਸ਼ੇਸ਼ ਸਵਾਗਤ ਕਰੇਗੀ ਅਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ  ਦੇਵੇਗੀ ਪਰ ਸ ਸੱਜਣ ਸਿੰਘ ਦੀ ਇੱਛਾ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਸ ਸੱਜਣ ਸਿੰਘ ਨੂੰ ਮਿਲਣ ਤੋਂ ਵੀ ਜਵਾਬ ਦੇ ਦਿਤਾ ਅਤੇ ਸ ਸੱਜਣ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਵਿਚ ਸਥਿਤ ਆਪਣੇ ਜੱਦੀ ਪਿੰਡ  ਗੇੜਾ ਮਾਰ ਕੇ ਕੈਨੇਡਾ ਮੁੜ ਗਏ| ਇਸੇ ਦੌਰਾਨ ਵੇਲਾ ਸਾਂਭਦਿਆਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਖੱਟਰ ਨੇ ਸ ਸੱਜਣ ਸਿੰਘ ਦਾ ਸਰਕਾਰੀ ਤੌਰ ਉਪਰ ਵਿਸ਼ੇਸ਼ ਸਵਾਗਤ ਅਤੇ ਸਨਮਾਨ ਕੀਤਾ, ਜਿਸ ਕਰਕੇ ਹਰਿਆਣਾ ਦੇ ਸਿੱਖਾਂ ਵਿਚ ਸ੍ਰੀ ਖੱਟਰ ਦੀ ਬੰਲੇ ਬੱਲੇ ਹੋ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ ਸੱਜਣ ਸਿੰਘ ਦਾ ਸਵਾਗਤ ਤੇ ਸਨਮਾਨ ਕਰਨ ਦੀ ਥਾਂ ਉਹਨਾਂ ਵਿਰੁੱਧ ਹੀ ਬਿਆਨ ਬਾਜੀ ਕਰਦਿਆਂ ਸ ਸੱਜਣ ਸਿੰਘ ਨੂੰ ਖਾਲਿਸਤਾਨੀ ਤਕ ਗਰਦਾਨ ਦਿਤਾ ਸੀ| ਇਸ ਕਾਰਨ ਪੰਜਾਬ ਦੇ ਆਮ ਸਿੱਖ ਕੈਪਟਨ ਸਰਕਾਰ ਤੋਂ ਦੂਰ ਹੋਣੇ ਸ਼ੁਰੂ ਹੋ ਗਏ| ਪੰਜਾਬ ਦੇ ਆਮ ਸਿੱਖਾਂ ਵਿਚ ਇਹ ਚਰਚਾ ਹੈ ਕਿ ਪੰਜਾਬ ਦੇ ਇਕ ਸਿੱਖ ਵਿਸ਼ਵ ਦੀ ਮਹਾਂਸ਼ਕਤੀ ਕਹੇ ਜਾਂਦੇ ਦੇਸ਼ ਕੈਨੇਡਾ ਵਿਚ ਜਾ ਕੇ ਵਿਦੇਸ਼ ਮੰਤਰੀ ਬਣਿਆ ਹੋਇਆ ਹੈ, ਇਹ ਸਾਰੇ ਸਿੱਖਾਂ ਲਈ ਮਾਣ ਵਾਲੀ ਗਲ ਹੈ, ਉਸਦੇ ਪੰਜਾਬ ਆਉਣ ਉਪਰੰਤ ਸ ਸੱਜਣ ਦਾ ਸਵਾਗਤ ਤੇ ਸਨਮਾਣ ਕੀਤਾ ਜਾਣਾ ਚਾਹੀਦਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਇਹ ਮੌਕਾ ਗੁਆ ਗਏ| ਸ ਸੱਜਣ ਸਿੰਘ ਵਿਰੁੱਧ ਬਿਆਨਬਾਜੀ ਕਰਕੇ ਉਹਨਾਂ ਨੇ ਹਿੰਦੂ ਕੱਟੜ ਨੇਤਾਵਾਂ ਵਿਚ ਤਾਂ ਜਗਾ ਬਣਾ ਲਈ ਪਰ ਆਮ ਸਿੱਖ ਨਾਰਾਜ ਹੋ ਗਏ|
ਇਥੇ ਹੀ ਬੱਸ ਨਹੀਂ ਜਦੋਂ ਤੋਂ ਪੰਜਾਬ ਵਿਚ ਕੈਪਟਨ ਸਰਕਾਰ ਬਣੀ ਹੈ, ਤਾਂ ਪੰਜਾਬ ਪੁਲੀਸ ਦਾ ਸਿੱਖ ਨੌਜਵਾਨਾਂ ਪ੍ਰਤੀ ਵਤੀਰਾ ਵੀ ਬਦਲ ਗਿਆ ਹੈ| ਹਰ ਸ਼ਹਿਰ ਵਿਚ ਹੀ ਥਾਂ ਥਾਂ ਲੱਗੇ ਹੋਏ ਪੁਲੀਸ ਨਾਕਿਆਂ ਉਪਰ ਆਮ ਤੌਰ ਤੇ ਸਿੱਖ ਵਾਹਨਾਂ ਚਾਲਕਾਂ}ਨੂੰ ਰੋਕ ਕੇ ਹੀ ਤਲਾਸ਼ੀ ਲਈ ਜਾਂਦੀ ਹੈ ਅਤੇ ਵਾਹਨਾਂ ਦੇ ਕਾਗਜਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ| ਇਸ ਤੋਂ ਇਲਾਵਾ ਜੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਕਿਸੇ ਧਾਰਮਿਕ ਸਥਾਨ ਉਪਰ ਚਾਰ ਪੰਜ ਸਿੱਖ ਨੌਜਵਾਨ ਇਕੱਠੇ ਹੋ ਕੇ  ਆਪਣੀ ਕੋਈ ਨਿਜੀ ਗਲਬਾਤ ਵੀ ਕਰਨ ਲੱਗ ਜਾਂਦੇ ਹਨ ਤਾਂ ਉਥੇ ਹੀ ਪੁਲੀਸ ਮੁਲਾਜਮ ਅਤੇ ਸੀ ਆਈ ਡੀ ਵਾਲੇ ਆਨੇ ਬਹਾਨੇ ਗੇੜਾ ਤੇ ਗੇੜਾ ਮਾਰਨ ਲੱਗ ਜਾਂਦੇ ਹਨ|  ਇਸ ਤੋਂ ਇਲਾਵਾ ਕੈਪਟਨ ਸਰਕਾਰ ਬਣਨ ਤੋਂ ਬਾਅਦ ਵੱਖ ਵੱਖ ਥਾਵਾਂ ਉਪਰ ਪੁਲੀਸ ਵਲੋਂ ਅੱਤਵਾਦੀ ਫੜਨ ਦਾ ਦਾਅਵਾ ਵੀ ਕੀਤਾ ਗਿਆ ਹੈ, ਜਦੋਂ ਕਿ ਫੜੇ ਗਏ ਨੌਜਵਾਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਬੇਕਸੂਰ ਦਸਦੇ ਹਨ ਅਤੇ ਇਸ ਸਬੰਧੀ ਵੀ ਕਈ ਤਰਾਂ ਦੀ ਚਰਚਾ ਲੋਕਾਂ ਵਿਚ ਹੋ ਰਹੀ ਹੈ| ਆਮ ਲੋਕ ਅਕਸਰ ਹੀ ਗਲਬਾਤ ਕਰਦੇ ਹੋਏ ਇਸ ਤਰਾਂ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਸਰਕਾਰ ਹੀ ਇਕ ਤਰਾਂ ਅੱਤਵਾਦ ਦਾ ਹਊਆ ਖੜਾ ਕਰ ਰਹੀ ਹੈ|
ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਰੇਤਾ ਬਜਰੀ ਸਸਤਾ ਹੋ ਜਾਣਗੇ ਪਰ ਇਹ ਸਮਾਨ ਤਾਂ ਪਹਿਲਾਂ ਨਾਲੋਂ ਵੀ ਮਹਿੰਗਾ ਹੋ ਗਿਆ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਹੀ ਦੂਰ ਹੋ ਗਿਆ| ਰਹਿੰਦੀ ਕਸਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਨੇ ਰੇਤੇ ਦੀਆਂ ਖੱਡਾਂ ਦੇ ਠੇਕੇ ਲੈ ਕੇ ਪੂਰੀ ਕਰ ਦਿਤੀ| ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਰਾਣਾਂ ਗੁਰਜੀਤ ਸਿੰਘ ਨੂੰ ਇਕ ਵਾਰ ਤਾਂ ਕਲੀਨ ਚਿੱਟ ਦੇ ਦਿਤੀ ਸੀ ਪਰ ਇਹ ਮਾਮਲਾ ਭਖ ਜਾਣ ਕਾਰਨ ਕੈਪਟਨ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਕਰ ਦਿਤੇ ਹਨ| ਰੇਤਾ ਬਜਰੀ ਦੀਆਂ ਕੀਮਤਾਂ ਵਿਚ ਵਾਧਾ ਕਰਕੇ  ਸਰਕਾਰ ਨੇ ਪੈਸਾ ਤਾਂ ਇਕਠਾ ਕਰਨਾ ਸ਼ੁਰੂ ਕਰ ਦਿਤਾ ਹੈ ਪਰ ਲੋਕ ਜਰੂਰ ਪ੍ਰੇਸਾਨ ਹੋਣੇ ਸ਼ੁਰੂ ਹੋ ਗਏ ਹਨ|
ਹੁਣ ਸਰਕਾਰ ਨੇ ਪੰਜਾਬ ਵਿਚ ਬੱਸ ਸਫਰ ਮਹਿੰਗਾ ਕਰਕੇ ਲੋਕਾਂ ਉਪਰ ਹੋਰ ਆਰਥਿਕ ਬੋਝ ਪਾ ਦਿਤਾ ਹੈ| ਇਸ ਤਂੋ ਇਲਾਵਾ ਜਿਸ ਤਰੀਕੇ ਨਾਲ ਪੰਜਾਬ ਵਿਚ ਕਾਂਗਰਸੀਆਂ ਵਲੋਂ ਅਕਾਲੀ ਵਰਕਰਾਂ ਨੂੰ ਕੁਟਿਆ ਅਤੇ ਕਤਲ ਤਕ ਕੀਤਾ ਜਾ ਰਿਹਾ ਹੈ, ਉਸ ਨੇ ਵੀ ਬਦਲਾਖੋਰੀ ਦੀ ਸਿਆਸਤ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *