‘ਬੇਟੀ ਬਚਾਓ ਨਹੀਂ, ‘ਤੱਥ ਲੁਕਾਓ, ਸੱਤਾ ਬਚਾਓ ਹੈ’ ਭਾਜਪਾ ਦਾ ਨਾਅਰਾ : ਰਾਹੁਲ ਗਾਂਧੀ

ਨਵੀਂ ਦਿੱਲੀ, 1 ਅਕਤੂਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਹਾਥਰਸ ਤੋਂ ਬਾਅਦ ਬਲਰਾਮਪੁਰ ਵਿੱਚ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਹੋਣ ਨੂੰ ਲੈ ਕੇ ਪ੍ਰਦੇਸ਼ ਸਰਕਾਰ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਨਾਅਰਾ ‘ਬੇਟੀ ਬਚਾਓ’ ਨਹੀਂ, ‘ਤੱਥ ਲੁਕਾਓ, ਸੱਤਾ ਬਚਾਓ’ ਹੈ| ਉੱਥੇ ਹੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਜਵਾਬਦੇਹੀ ਦਾ ਸਮਾਂ ਹੈ ਅਤੇ ਜਨਤਾ ਨੂੰ ਜਵਾਬ ਚਾਹੀਦਾ ਹੈ|
ਰਾਹੁਲ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੇ ਜੰਗਲਰਾਜ ਵਿੱਚ ਧੀਆਂ ਤੇ ਜ਼ੁਲਮ ਅਤੇ ਸਰਕਾਰ ਦੀ ਸੀਨਾਜ਼ੋਰੀ ਜਾਰੀ ਹੈ| ਕਦੇ ਜਿਊਂਦੇ-ਜੀ ਸਨਮਾਨ ਨਹੀਂ ਦਿੱਤਾ ਅਤੇ ਅੰਤਿਮ ਸਰਕਾਰ ਦਾ ਮਾਣ ਵੀ ਖੋਹ ਲਿਆ| ਭਾਜਪਾ ਦਾ ਨਾਅਰਾ ‘ਬੇਟੀ ਬਚਾਓ’ ਨਹੀਂ, ‘ਤੱਥ ਲੁਕਾਓ, ਸੱਤਾ ਬਚਾਓ’ ਹੈ|
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਹਾਥਰਸ ਵਰਗੀ ਭਿਆਨਕ ਘਟਨਾ ਬਲਰਾਮਪੁਰ ਵਿੱਚ ਵਾਪਰੀ| ਲੜਕੀ ਦਾ ਜਬਰ ਜ਼ਿਨਾਹ ਕਰਕੇ ਪੈਰ ਅਤੇ ਕਮਰ ਤੋੜ ਦਿੱਤੀ ਗਈ| ਆਜਮਗੜ੍ਹ, ਬਾਗਪਤ, ਬੁਲੰਦਸ਼ਹਿਰ ਵਿੱਚ ਬੱਚੀਆਂ ਨਾਲ ਦਰਿੰਦਗੀ ਹੋਈ| ਉਨ੍ਹਾਂ ਕਿਹਾ ਕਿ ਯੂ.ਪੀ. ਵਿੱਚ ਫੈਲੇ ਜੰਗਲਰਾਜ ਦੀ ਹੱਦ ਨਹੀਂ ਹੈ| ਮਾਰਕੀਟਿੰਗ, ਭਾਸ਼ਣ ਨਾਲ ਕਾਨੂੰਨ ਵਿਵਸਥਾ ਨਹੀਂ ਚੱਲਦੀ| ਇਹ ਮੁੱਖ ਮੰਤਰੀ ਦੀ ਜਵਾਬਦੇਹੀ ਦਾ ਸਮਾਂ ਹੈ| ਜਨਤਾ ਨੂੰ ਜਵਾਬ ਚਾਹੀਦਾ ਹੈ|
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਵਿੱਚ ਇਕ ਹੋਰ ਦਲਿਤ ਲੜਕੀ ਨਾਲ ਗੈਂਗਰੇਪ! ਸੋਚ ਕੇ ਵੀ ਰੂਹ ਕੰਬਦੀ ਹੈ, ਦਰਿੰਦਿਆਂ ਨੇ ਦੋਵੇਂ ਪੈਰ ਅਤੇ ਕਮਰ ਤੋੜ ਦਿੱਤੀ! ਕੀ ਕਾਨੂੰਨ ਹੈ ਜਾਂ ਮਰ ਗਿਆ? ਕੀ ਸੰਵਿਧਾਨ ਦੀ ਸਰਕਾਰ ਹੈ ਜਾਂ ਅਪਰਾਧੀਆਂ ਦੀ? ਕਦੋਂ ਰੁਕੇਗੀ ਇਹ ਦਰਿੰਦਗੀ? ਕਿਉਂ ਅਸਤੀਫਾ ਨਹੀਂ ਦਿੰਦੇ ਆਦਿੱਤਿਯਨਾਥ?’ 
ਹਾਥਰਸ ਤੋਂ ਬਾਅਦ ਬਲਰਾਮਪੁਰ ਵਿੱਚ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਸਾਹਮਣੇ ਆਈ ਹੈ| ਜ਼ਿਲ੍ਹੇ ਦੇ ਗੈਸੜੀ ਖੇਤਰ ਵਿੱਚ ਅਨੁਸੂਚਿਤ ਜਾਤੀ ਦੀ ਇਕ ਲੜਕੀ ਨਾਲ 2 ਨੌਜਵਾਨਾਂ ਨੇ ਜਬਰ ਜ਼ਿਨਾਹ ਕੀਤਾ ਅਤੇ ਹਸਪਤਾਲ ਲਿਜਾਂਦੇ ਸਮੇਂ ਪੀੜਤਾ ਦੀ ਮੌਤ ਹੋ ਗਈ| ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ|

Leave a Reply

Your email address will not be published. Required fields are marked *