ਬੇਦੀ ਦੀ ਘੁਰਕੀ ਨੇ ਨਿਗਮ ਅਧਿਕਾਰੀ ਕੰਮ ਤੇ ਲਾਏ ਨਗਰ ਨਿਗਮ ਵਲੋਂ ਫੇਜ਼ 3 ਏ, 3 ਬੀ 1, 3 ਬੀ 2, 4, 5 ਅਤੇ 7 ਵਿੱਚ ਲੱਗੇ 18 ਗੇਟ ਉਤਾਰੇ, ਬਾਕੀ ਦੇ ਗੇਟਾਂ ਨੂੰ ਉਤਾਰਨ ਦੀ ਕਾਰਵਾਈ ਜਾਰੀ

ਐਸ ਏ ਐਸ ਨਗਰ, 21 ਫਰਵਰੀ

ਨਗਰ ਨਿਗਮ ਦੇ ਕੌਂਸਲਰ ਅਤੇ ਸਮਾਜਸੇਵੀ ਆਗੂ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਬੀਤੇ ਕੱਲ ਨਗਰ ਨਿਗਮ ਦੀ ਢਿੱਲੀ ਕਾਰਵਾਈ ਤੋਂ ਤੰਗ ਆ ਕੇ ਸ਼ਹਿਰ ਵਿੱਚ ਲੱਗੇ ਸੁਰਖਿਆ ਗੇਟ 5 ਮਾਰਚ ਤਕ  ਨਾ ਉਤਾਰਨ ਦੀ ਸੂਰਤ ਵਿੱਚ 6 ਮਾਰਚ ਤੋਂ ਨਗਰ ਨਿਗਮ ਦੇ ਦਫਤਰ ਦੇ ਬਾਹਰ ਧਰਨਾ ਦੇਣ ਸੰਬੰਧੀ ਦਿੱਤੀ ਗਈ ਧਮਕੀ ਦਾ ਅੱਜ ਇਹ ਅਸਰ ਹੋਇਆ ਕਿ ਨਗਰ ਨਿਗਮ ਦਾ ਅਮਲਾ ਫੈਲਾ ਸ਼ਹਿਰ ਦੇ ਵੱਖ ਵੱਖ            ਫੇਜ਼ਾਂ ਵਿੱਚ ਲੱਗੇ ਇਹਨਾਂ ਸੁਰਖਿਆ ਗੇਟਾਂ ਦੀ ਰਹਿੰਦ ਖੁਹੰਦ ਉਤਾਰਦਾ ਨਜਰ ਆਇਆ| ਇਸ ਦੌਰਾਨ ਨਿਗਮ ਦੇ ਫੀਲਡ ਸਟਾਫ ਵਲੋਂ ਇੱਕ ਜੇ ਸੀ ਵੀ ਮਸ਼ੀਨ ਦੀ ਮਦਦ ਨਾਲ ਫੇਜ਼          3 ਏ, ਫੇਜ਼ 3 ਬੀ 1, ਫੇਜ਼ 3ਰਬੀ2,           ਫੇਜ਼ 4, ਫੇਜ਼ 5 ਅਤੇ ਫੇਜ਼ 7 ਵਿੱਚ ਲੱਗੇ ਇਹ ਸਕਿਉਰਟੀ ਗੇਟ ਅਤੇ ਇਹਨਾਂ ਦਾ ਬਚਿਆ ਹਿੱਸਾ ਉਤਾਰ ਦਿੱਤਾ ਗਿਆ ਅਤੇ ਇਸ ਰਹਿੰਦ ਖੁਹੰਦ ਨੂੰ ਨਿਗਮ ਦੇ ਕਰਮਚਾਰੀਆਂ ਵਲੋਂ ਇਕੱਠਾ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਪਹੁੰਚਾ ਦਿੱਤਾ ਗਿਆ|
ਇੱਥੇ ਇਹ ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਕਈ ਸਾਲ ਪਹਿਲਾਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਦਾਖਿਲ ਹੋਣ ਵਾਲੀਆਂ ਸੜਕਾਂ ਤੇ ਇਹ ਸੁਰਖਿਆ ਗੇਟ ਲਗਵਾਏ ਗਏ ਸੀ| ਇਹ ਗੇਟ ਲਗਾਉਣ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ ਜਿਸ ਵਲੋਂ ਇਹ ਗੇਟ ਬਣਾਏ ਗਏ ਸੀ ਅਤੇ ਇਹਨਾਂ ਉੱਪਰ ਉਸ ਕੰਪਨੀ ਵਲੋਂ ਆਪਣੇ ਇਸ਼ਤਿਹਾਰਬਾਜੀ ਦੇ ਬੋਰਡ ਲਗਾਏ ਜਾਂਦੇ ਸੀ| ਇਸ ਕੰਪਨੀ ਵਲੋਂ ਇਹਨਾਂ ਗੇਟਾਂ ਤੇ ਸੁਰਖਿਆ ਕਰਮਚਾਰੀ ਤੈਨਾਤ ਕੀਤੇ ਜਾਣੇ ਸੀ ਜਿਸਤੋਂ ਇਹ ਕੰਪਨੀ ਇਨਕਾਰੀ ਹੋ ਗਈ ਸੀ ਜਿਸ ਕਾਰਨ ਇਹ ਗੇਟ ਸ਼ਹਿਰ ਵਾਸੀਆਂ ਲਈ ਸੁਵਿਧਾ ਦੀ ਥਾਂ ਪਰੇਸ਼ਾਨੀ ਦਾ ਕਾਰਨ ਬਣ ਗਏ ਸੀ ਅਤੇ ਬਾਅਦ ਵਿੱਚ ਨਗਰ ਨਿਗਮ ਵਲੋਂ ਉਕਤ ਕੰਪਨੀ ਦਾ ਠੇਕਾ ਵੀ ਰੱਦ ਕਰ ਦਿੱਤਾ ਗਿਆ ਸੀ ਜਿਸਤੋਂ ਬਾਅਦ ਤੋਂ ਇਹ ਗੇਟ ਉਹਨਾਂ ਥਾਵਾਂ ਤੇ ਹੀ ਖੜ੍ਹੇ ਸਨ|
ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਕੁਲ 39 ਗੇਟ ਲਗਵਾਏ ਗਏ ਸਨ ਅਤੇ ਇਹਨਾ ਸਾਰਿਆਂ ਉੱਪਰ ਹੀ ਕੰਪਨੀ ਵਲੋਂ ਇਸ਼ਤਿਹਾਰਬਾਜੀ ਵੀ ਕੀਤੀ ਜਾਣ ਲੱਗ ਪਈ ਸੀ| ਕੰਪਨੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਨਗਰ ਨਿਗਮ ਵਲੋਂ ਇਹਨਾਂ ਗੇਟਾਂ ਨੂੰ ਉਤਾਰਨ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਟੁੱਟੀ ਫੁੱਟੀ ਹਾਲਤ ਵਿੱਚ ਸਨ ਅਤ ਸੜਕ ਹਾਦਸਿਆਂ ਦਾ ਕਾਰਨ ਬਣ ਰਹੇਸੀ| ਇਸ ਸੰਬੰਧੀ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਪਹਿਲਾਂ ਵੀ ਇਹਨਾਂ ਗੇਟਾਂ ਦੀ ਰਹਿੰਦ ਖੁਹੰਦ ਚੁਕਵਾਉਣ ਲਈ ਨਿਗਮ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਸਨ ਅਤੇ ਇੱਕ ਵਾਰ ਨਿਗਮ ਵਲੋਂ ਅਜਿਹੇ 7 ਗੇਟਾਂ ਦਾ ਸਾਮਾਨ ਹਟਾਇਆ ਵੀ ਗਿਆ ਸੀ ਪਰੰਤੂ ਪਿਛਲੇ ਕਾਫੀ ਸਮੇਂ ਤੋਂ ਇਹ ਕਾਰਵਾਈ ਠੱਪ ਪਈ ਸੀ| ਇਸ ਕਾਰਨ ਰੋਹ ਵਿੱਚ ਆਏ ਸ੍ਰ. ਬੇਦੀ ਵਲੋਂ ਬੀਤੇ ਕੱਲ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਗੇਟ ਹਟਾਉਣ ਲਈ 5 ਮਾਰਚ ਤਕ ਦਾ ਅਲਟੀਮੇਟਮ ਦਿੰਦਿਆਂ 6 ਮਾਰਚ ਤੋਂ ਨਿਗਮ ਦਫਤਰ ਦੇ ਸਾਮ੍ਹਣੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਜਿਸਤੋਂ ਬਾਅਦ ਹਰਕਤ ਵਿੱਚ ਆਏ ਨਿਗਮ ਦੇ ਅਧਿਕਾਰੀਆਂ ਵਲੋਂ ਅੱਜ ਤੁਰਤ ਫੁਰਤ ਵਿੱਚ ਕਾਰਵਾਈ ਕਰਦਿਆਂ ਇਹ ਗੇਟ ਹਟਾਉਣੇ ਸ਼ੁਰੂ ਕਰ ਦਿੱਤੇ ਗਏ|
ਸੰਪਰਕ ਕਰਨ ਤੇ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਨਿਗਮ ਵਲੋਂ ਪਹਿਲਾਂ ਹੀ ਪ੍ਰੋਗਰਾਮ ਤੈਅ ਕੀਤਾ ਗਿਆ ਸੀ ਅਤੇ ਗੇਟ ਹਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਜੇਕਰ ਕਿਸੇ ਕੌਂਸਲਰ ਵਲੋਂ ਉਸਦੇ ਵਾਰਡ ਵਿੱਚੋਂ ਇਹ ਗੇਟ ਨਾ ਉਤਾਰਨ ਲਈ ਕਿਹਾ ਗਿਆ ਤਾਂ ਉਹਨਾਂ ਗੇਟਾਂ ਨੂੰ ਨਹੀਂ ਹਟਾਇਆ ਜਾਵੇਗਾ ਵਰਨਾ ਅਗਲੇ ਕੁੱਝ ਦਿਨਾਂ ਵਿੱਚ ਇਹ ਗੇਟ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ|

Leave a Reply

Your email address will not be published. Required fields are marked *