ਬੇਰੁਜਗਾਰ ਅਧਿਆਪਕਾਂ ਦਾ ਧਰਨਾ 16 ਵੇਂ ਦਿਨ ਵੀ ਜਾਰੀ

ਐਸ ਏ ਐਸ ਨਗਰ, 29 ਜੂਨ (ਸ. ਬ.) ਸੋਹਾਣਾ ਵਿਖੇ ਪਿਛਲੇ 16 ਦਿਨਾਂ ਤੋਂ ਬੀ ਐਡ ਟੈਟ ਅਤੇ ਸਬਜੈਕਟ ਪਾਸ ਬੇਰੁਜਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ ਕਰ ਰਹੇ ਹਨ| ਅੱਜ ਯੂਨੀਅਨ ਪ੍ਰਧਾਨ ਮੈਡਮ ਪੂਨਮ ਨਵਾਂ ਸ਼ਹਿਰ ਅਤੇ ਰਾਜਪਾਲ ਖਨੌਰੀ ਨੇ ਕਿਹਾ ਕਿ ਉਹਨਾਂ ਦੇ ਪੰਜ ਸਾਥੀ ਹਰਵਿੰਦਰ ਮਾਲੇਰਕੋਟਲਾ, ਮੈਡਮ ਬਰਿੰਦਰ ਨਾਭਾ, ਵਿਜੈ ਨਾਭਾ, ਸਤਨਾਮ ਦਸੂਹਾ, ਮੈਡਮ ਪਰਵੀਨ ਫਾਜਿਲਕਾ ਅਜੇ ਵੀ ਟੈਂਕੀ ਉਪਰ ਹੀ ਚੜੇ ਹੋਏ ਹਨ| ਇਹ ਪੰਜੇ ਬੇਰੁਜਗਾਰ ਅਧਿਆਪਕ ਮੀਂਹ ਤੇ ਹਨੇਰੀ ਦੇ ਨਾਲ ਨਾਲ ਤੇਜ ਧੁੱਪ ਵਿਚ ਵੀ ਟੈਂਂਕੀ ਉਪਰ ਹੀ ਡਟੇ ਹੋਏ ਹਨ| ਇਸ ਤੋਂ ਇਲਾਵਾ ਟੈਂਕੀ ਦੇ ਹੇਠਾਂ ਬੈਠੇ ਧਰਨਾਕਾਰੀਆਂ ਵਿਚ  ਦੋ ਬੇਰੁਜਗਾਰ ਮਰਨ ਵਰਤ ਉਪਰ ਬੈਠੇ ਹਨ| ਇਹਨਾਂ ਵਿਚੋਂ ਦਲਜੀਤ ਸਿੰਘ ਦਾ ਮਰਨ ਵਰਤ ਸੱਤਵੇਂ ਦਿਨ ਵਿਚ ਦਾਖਲ ਹੋ ਗਿਆ ਹੈ| ਮੈਡਮ ਰਾਜਵੰਤ ਅੱਜ ਹੀ ਮਰਨ ਵਰਤ ਉਪਰ ਬੈਠੇ ਹਨ, ਅਸਲ ਵਿਚ ਪਹਿਲਾਂ ਮਰਨ ਵਰਤ ਉਪਰ ਮੈਡਮ ਅਨੀਤਾ ਬੈਠੀ ਸੀ ਪਰ ਉਸ ਦੇ ਚਿਹਰੇ ਉਪਰ ਸੋਜ ਆ ਜਾਣ ਕਾਰਨ ਪ੍ਰਸ਼ਾਸਨ ਵਲੋਂ ਉਸ ਨੂੰ ਹਸਪਤਾਲ ਦਾਖਲ ਕਰਵਾ ਦਿਤਾ ਗਿਆ ਜਿਸ ਕਰਕੇ ਉਸਦੀ ਥਾਂ ਅੱਜ ਮੈਡਮ ਰਾਜਵੰਤ ਮਰਨ ਵਰਤ ਉਪਰ ਬੈਠ ਗਈ|
ਇਸ ਮੌਕੇ ਰਾਜਪਾਲ ਖਨੌਰੀ ਨੇ ਦਸਿਆ ਕਿ ਅੱਜ ਪਾਣੀ ਵਾਲੀ ਟੈਂਕੀ ਨੇੜਿਓਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਗਾਇਬ ਹੋ ਗਈਆਂ ਹਨ|  ਉਹਨਾਂ ਕਿਹਾ ਕਿ ਟੈਂਕੀ ਉਪਰ ਬੈਠੇ ਬੇਰੁਜਗਾਰ ਅਧਿਆਪਕਾਂ ਕੋਲ ਜਵਲਨਸ਼ੀਲ ਪਦਾਰਥ ਹਨ ਅਤੇ ਕਦੇ ਵੀ ਇਥੇ ਅਣਸੁਖਾਂਵੀ ਘਟਨਾਂ ਵਾਪਰ ਸਕਦੀ ਹੈ| ਇਸ ਤਰਾਂ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਉਥੋ ਹਟਵਾ ਕੇ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਈ ਹੈ| ਉਹਨਾ ਕਿਹਾ ਕਿ ਜਿਸ ਟੈਂਕੀ ਉਪਰ  ਬੇਰੁਜਗਾਰ ਅਧਿਆਪਕ ਚੜੇ ਹੋਏ ਹਨ, ਉਸ ਟੈਕੀ ਦੀ ਹਾਲਤ ਕਾਫੀ ਖਸਤਾ ਹੈ|
ਇਸ ਮੌਕੇ ਤਜਿੰਦਰ ਅੱਪਰਾ, ਬਲਦੇਵ ਪਟਿਆਲਾ, ਰਾਜਵੰਤ ਫਤਹਿਗੜ ਸਾਹਿਬ, ਮਨਦੀਪ ਰੋਪੜ, ਟੋਨੀ ਮੁਹਾਲੀ, ਸੁਰਜੀਤ ਸੰਗਰੂਰ, ਕੁਲਰਾਜ ਗੁਰਦਾਸਪੁਰ, ਸਿਮਰਜੋਤ ਅੰਮ੍ਰਿਤਸਰ, ਹਰਦੀਪ ਮਾਨਸਾ, ਮੋਨਿਕਾ ਜਲੰਧਰ, ਅਰਸਦੀਪ ਕਪੂਰਥਲਾ, ਅਨੀਤਾ,  ਰਾਜੇਸ਼, ਅਮਰਜੀਤ, ਕੁਲਵੰਤ  ਵੀ ਮੌਜੂਦ ਸਨ|

Leave a Reply

Your email address will not be published. Required fields are marked *