ਬੇਰੁਜਗਾਰ ਅਧਿਆਪਕਾਂ ਵਲੋਂ ਰੋਸ ਰੈਲੀ

ਪਟਿਆਲਾ, 15 ਸਤੰਬਰ (ਜਸਵਿੰਦਰ ਸੈਂਡੀ) ਆਲ ਪੰਜਾਬ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕ ਯੂਨੀਅਨ ਪੰਜਾਬ ਵਲੋਂ ਪਟਿਆਲਾ ਵਿਖੇ ਰੋਸ ਰੈਲੀ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ|
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬੀਤੀ 2 ਫਰਵਰੀ ਨੂੰ ਡੀ.ਪੀ.ਈ. ਅਧਿਆਪਕਾਂ ਦੀਆਂ 873 ਪੋਸਟਾਂ ਤੇ 2011 ਦੇ ਲੰਮੇ ਸਮੇਂ ਤੋਂ ਲਟਕਦੀ ਭਰਤੀ ਸ਼ੁਰੂ ਕੀਤੀ ਸੀ| ਉਹਨਾਂ ਕਿਹਾ ਕਿ ਇਹ ਭਰਤੀ ਬਹੁਤ ਲੰਮੇ ਸਮੇਂ ਬਾਅਦ ਸ਼ੁਰੂ ਹੋਣ ਕਾਰਨ ਪੰਜਾਬ ਵਿੱਚ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ ਤਾਂ ਆਪਣੀ ਭਰਤੀ ਦੀ ਉਮਰ ਹੱਦ ਵੀ ਲੰਘਾ ਚੁੱਕੇ ਹਨ|
ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਸੀ ਕਿ 873 ਪੋਸਟਾਂ ਨੂੰ ਵਧਾ ਕੇ 1873 ਕੀਤੀਆਂ ਜਾਣ ਅਤੇ ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਦੇ ਹਰ ਵਿਧਾਇਕ ਅਤੇ ਹਰ ਇੱਕ ਜ਼ਿਲ੍ਹੇ ਦੇ ਡੀ. ਸੀ. ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੱਕ ਆਪਣਾ ਮੰਗ ਪੱਤਰ ਪਹੁੰਚਾਇਆ ਪਰ ਕਿਸੇ ਨੇ ਵੀ ਇਨ੍ਹਾਂ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ|
ਬੁਲਾਰਿਆਂ ਨੇ ਕਿਹਾ ਕਿ ਰੋਸ ਵਜੋਂ ਯੂਨੀਅਨ ਵਲੋਂ 3 ਜੁਲਾਈ ਨੂੰ ਸਿਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਨੂੰ ਇੱਕ ਲਿਖਤੀ ਭਰੋਸਾ ਦਿੱਤਾ ਕਿ ਇੱਕ ਹਫਤੇ ਵਿੱਚ ਉਹਨਾਂ ਦੀ ਸਿੱਖਿਆ ਮੰਤਰੀ ਦੇ ਪੈਨਲ ਨਾਲ ਮੀਟਿੰਗ ਕਰਵਾਈ ਜਾਵੇਗੀ ਪਰੰਤੂ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਤੇ ਯੂਨੀਅਨ ਦੀ ਅੱਜ ਤੱਕ ਕੋਈ ਮੀਟਿੰਗ ਨਹੀਂ ਕਰਵਾਈ ਗਈ|
ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਉਨਾਂ ਦੀ ਮੰਗ ਨਾ ਮੰਨੀ ਤਾਂ ਉਹ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ ਜਿਸਦੇ ਨਫੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ|

Leave a Reply

Your email address will not be published. Required fields are marked *