ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜੇ

ਐਸ ਏ ਐਸ ਨਗਰ, 14 ਜੂਨ (ਸ.ਬ.) ਅੱਜ ਬੀ ਐਡ ਬੇਰੁਜ਼ਗਾਰ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੀ ਮੀਟਿੰਗ ਦੌਰਾਨ ਪੁਲੀਸ ਨੂੰ ਚਕਮਾ ਦੇ ਕੇ ਇਕ ਮਹਿਲਾ ਸਮੇਤ ਪੰਜ ਬੇਰੁਜਗਾਰ ਅਧਿਆਪਕ ਸੋਹਾਣਾ ਨੇੜੇ ਪਾਣੀ ਵਾਲੀ ਟੈਂਕੀ ਉਪਰ ਚੜ ਗਏ| ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ| ਖਬਰ ਲਿਖੇ ਜਾਣ ਤੱਕ ਇਹ ਪੰਜ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਹੀ ਚੜੇ ਹੋਏ ਸਨ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਯੂਨੀਅਨ ਦੀ ਮੀਟਿੰਗ  ਹੋ ਰਹੀ ਸੀ, ਉਸ ਸਮੇਂ ਮੀਟਿੰਗ ਸਥਾਨ  ਦੇ ਨੇੜੇ ਹੀ ਵੱਡੀ ਗਿਣਤੀ ਵਿੱਚ ਪੁਲੀਸ ਵੀ ਮੌਜੂਦ ਸੀ ਪਰ ਚਲਦੀ ਮੀਟਿੰਗ ਦੌਰਾਨ ਹੀ ਪੰਜ  ਬੇਰੁਜਗਾਰ ਅਧਿਆਪਕ ਹਰਵਿੰਦਰ ਸਿੰਘ  ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੈ ਕੁਮਾਰ ਨਾਭਾ, ਹਰਦੀਪ ਸਿੰਘ ਭੀਖੀ, ਵਰਿੰਦਰਜੀਤ ਕੌਰ ਨਾਭਾ ਉਥੇ ਮੌਜੂਦ ਪੁਲੀਸ ਮੁਲਾਜਮਾਂ ਨੂੰ ਚਕਮਾ ਦੇ ਕੇ ਪਾਣੀ ਵਾਲੀ ਟੈਂਕੀ ਉਪਰ ਚੜ ਗਏ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕਰਨ ਲੱਗੇ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨਵਾਂ ਸ਼ਹਿਰ ਨੇ ਦਸਿਆ ਕਿ ਉਹ ਬੀ ਐਡ ਕਰਨ  ਤੋਂ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਚੁੱਕੇ ਹਨ ਅਤੇ ਇਸ ਤੋਂ  ਬਾਅਦ ਸਬਜੈਕਟ ਟੈਸਟ ਵੀ ਪਾਸ ਕਰ ਚੁਕੇ ਹਨ ਪਰ ਅਜੇ ਤੱਕ ਉਹਨਾਂ ਨੂੰ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ| ਸਰਕਾਰ ਵਲੋਂ ਨੌਕਰੀ ਨਾ ਦੇਣ ਕਰਕੇ ਕਈ ਬੇਰੁਜਗਾਰ ਅਧਿਆਪਕ ਉਮਰ ਹੱਦ ਟੱਪ ਗਏ| ਅਨੇਕਾਂ ਹੀ ਬੇਰੁਜਗਾਰੀ ਅਧਿਆਪਕ ਉਮਰ ਹੱਦ ਨੂੰ ਟੱਪਣ ਵਾਲੇ ਹਨ| ਉਹਨਾਂ ਕਿਹਾ ਕਿ ਟੈਟ ਟੈਸਟ ਦੀ ਮਾਨਤਾ ਸੱਤ ਸਾਲ ਹੈ, ਵੱਡੀ ਗਿਣਤੀ ਬੇਰੁਜਗਾਰ ਅਧਿਆਪਕਾਂ ਨੂੰ ਇਹ ਟੈਸਟ ਦਿਤੇ ਹੋਏ ਸੱਤ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਉਹਨਾਂ ਨੂੰ ਨੌਕਰੀ ਅਜੇ ਤੱਕ ਨਹੀਂ ਮਿਲੀ|
ਇਸ ਮੌਕੇ ਯੂਨੀਅਨ ਦੇ ਉਪ ਪ੍ਰਧਾਨ ਰਾਜਪਾਲ ਖਨੌਰੀ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ 5 ਵਾਰ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਫਿਰ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਦਿਤੀਆਂ ਜਾ ਰਹੀਆਂ| ਇਸ ਮੌਕੇ ਜਥੇਬੰਦਕ  ਸਕੱਤਰ ਰਾਜਵੰਤ ਕੌਰ, ਤਜਿੰਦਰ ਅਪਰਾ, ਹਰਵਿੰਦਰ ਮਾਲੇਰਕੋਟਲਾ, ਬਲਦੇਵ ਸਮਾਵਾ, ਟੋਨੀ ਮੁਹਾਲੀ, ਜਤਿੰਦਰ ਲੁਧਿਆਣਾ, ਰਮਨਦੀਪ ਲੁਧਿਆਣਾ, ਯਾਦਵਿੰਦਰ ਲਾਲੀ, ਗੁਰਪ੍ਰੀਤ ਕੌਰ, ਮੁਕੇਸ਼ ਬੰਸਲ, ਸ਼ੰਕਰ ਫਾਜਿਲਕਾ, ਪ੍ਰਵੀਨ ਫਾਜਿਲਕਾ, ਮਨਦੀਪ ਰੋਪੜ, ਰਾਜੇਸ਼ ਅੰਮ੍ਰਿਤਸਰ, ਅਮਰਜੀਤ ਰਾਣਾ, ਰੋਸ਼ਨ ਮੁਹਾਲੀ, ਮਨਜੀਤ ਕੰਬੋਜ, ਹਰਮਿੰਦਰ ਸੰਗਰੂਰ, ਅਵਤਾਰ ਰੋਪੜ ਵੀ ਮੌਜੂਦ ਸਨ|

Leave a Reply

Your email address will not be published. Required fields are marked *