ਬੇਰੁਜ਼ਗਾਰ ਖੇਤੀਬਾੜੀ ਗ੍ਰੇਜੂਏਟਾਂ ਨੂੰ ਐਗਰੀ ਕਲੀਨਿਕਸ ਅਤੇ ਐਗਰੀ ਬਿਜਨਸ ਸੈਂਟਰ ਖੋਲਣ ਲਈ ਦਿੱਤੀ ਜਾ ਰਹੀ ਹੈ 45 ਦਿਨ ਦੀ ਸਿਖਲਾਈ : ਮੁੱਖ ਖੇਤੀਬਾੜੀ ਅਫਸਰ

ਐਸ.ਏ.ਐਸ ਨਗਰ, 17 ਫਰਵਰੀ (ਸ.ਬ.) ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮਨੈਜਮੈਂਟ ਚੰਡੀਗੜ੍ਹ ਵੱਲੋਂ ਬੇਰੁਜ਼ਗਾਰ ਖੇਤੀਬਾੜੀ ਗਰੇਜੂਏਟਸ ਨੂੰ 45 ਦਿਨਾਂ ਦੀ ਐਗਰੀ ਕਲੀਨਿਕਸ ਅਤੇ ਐਗਰੀ ਬਿਜਨਸ ਸੈਂਟਰ ਖੋਲਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਜਿਸਦੇ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਵੱਲੋਂ ਬਾਹਰੀ ਰਾਜਾਂ ਦੇ ਖੇਤੀਬਾੜੀ ਗ੍ਰੈਜੂਏਟਾਂ ਨੂੰ ਪਿੰਡ ਨੰਗਲ ਫੈਜਗੜ੍ਹ ਅਤੇ ਰੰਗੀਆਂ ਦਾ ਜਮੀਨੀ ਦੌਰਾ ਕਰਵਾਇਆ ਗਿਆ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੋਆਡੀਨੇਟਰ ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਖੇਤੀਬਾੜੀ ਗਰੇਜੂਏਟਸ ਭਵਿੱਖ ਵਿੱਚ ਆਪਣੇ ਐਗਰੀ ਕਲੀਨਿਕ ਖੋਲ੍ਹ ਕੇ ਕਿਸਾਨਾਂ ਨੂੰ ਖੇਤੀ ਸਲਾਹ ਦੇਣਗੇ ਅਤੇ ਮਸ਼ਰੂਮ ਕਲਟੀਵੇਸ਼ਨ, ਮਧੂ ਮੱਖੀ ਪਾਲਣ, ਸੂਰ/ ਬੱਕਰੀ ਪਾਲਣ ਅਤੇ ਮੱਛੀ ਪਾਲਣ ਵਰਗੇ ਆਮਦਨੀ ਵਧਾਉਣ ਵਾਲੇ ਕਿੱਤੇ ਅਪਨਾਉਣਗੇ, ਇਸ ਨਾਲ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਸਕਿੱਲ ਡਿਵੈਲਪਮੈਂਟ ਉਤਸ਼ਾਹਿਤ ਹੋਵੇਗੀ। ਇਨ੍ਹਾਂ ਧੰਦਿਆਂ ਨਾਲ ਫਸਲੀ ਵਿਭਿੰਨਤਾ ਨੂੰ ਵੀ ਹੁੰਗਾਰਾ ਮਿਲੇਗਾ।

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਰਾਜ ਵਿਚ ਪੂਰੇ ਦੇਸ਼ ਦਾ ਸਿਰਫ 1.5 ਫੀਸਦੀ ਭੂਗੌਲਿਕ ਰਕਬਾ ਹੈ ਜਿਸ ਵਿੱਚ 17.4 ਫੀਸਦੀ ਕਣਕ ਅਤੇ 11.3 ਫੀਸਦੀ ਝੋਨੇ ਦੀ ਪੈਦਾਵਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਇਸ ਲਈ ਫਸਲੀ ਵਿਭਿੰਨਤਾ ਸਮੇਂ ਦੀ ਲੋੜ ਹੈ।

ਪਿੰਡ ਰੰਗੀਆਂ ਅਤੇ ਨੰਗਲ ਫੈਜਗੜ੍ਹ ਵਿਖੇ ਵਿਦਿਆਰਥੀਆਂ ਨੂੰ ਕਰੋਪ ਰੈਜੀਡਿਊ ਮਨੈਜਮੈਂਟ ਅਧੀਨ ਜਿਲ੍ਹੇ ਵਿੱਚ ਕੀਤੇ ਜਾ ਰਹੇ ਉਪਰਾਲਿਆਂ, ਵਾਟਰ ਹਾਰਵੈਸਟਿੰਗ, ਗੰਨੇ ਵਿੱਚ ਚਕੰਦਰ ਅਤੇ ਲਸੱਣ ਦੀ ਖੇਤੀ ਕਰਕੇ ਫਸਲੀ ਘਣਤਾ ਨੂੰ ਵਧਾਉਣ ਦਾ ਮੌਕਾ ਵਿਖਾਇਆ ਗਿਆ।

ਇਸ ਮੌਕੇ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਨਵੀਂ ਫਸਲ ਜਿਵੇਂ ਰਾਜਮਾਂਹ ਦੀ ਖੇਤੀ ਪ੍ਰਦਰਸ਼ਨੀ ਪਲਾਂਟ ਦਾ ਮੁਆਇਨਾ ਕਰਵਾਇਆ ਗਿਆ ਅਤੇ ਡਾ. ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ ਵੱਲੋਂ ਸੁਪਰ ਐਸ.ਐਮ.ਐਸ. ਕੰਬਾਇਨ ਹਾਰਵੈਸਟਰ ਨਾਲ, ਰੀਪਰ, ਹੈਪੀ ਸੀਡਰ ਅਤੇ ਹੋਰ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਬਲਾਕ ਟੈਕਨੋਲੋਜੀ ਮੈਨੇਜਰ (ਆਤਮਾ) ਸ੍ਰੀ ਜਗਦੀਪ ਸਿੰਘ ਵੱਲੋਂ ਕਿਸਾਨਾਂ ਨੂੰ ਰਾਜਮਾਂਹ ਦੀ ਸਮੁੱਚੀ ਖੇਤੀ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *