ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਦਾ ਧਰਨਾ 16 ਵੇਂ ਦਿਨ ਵਿੱਚ ਦਾਖਲ

ਪਟਿਆਲਾ, 30 ਸਤੰਬਰ (ਜਸਵਿੰਦਰ ਸੈਂਡੀ) ਪਟਿਆਲਾ ਵਿਖੇ ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਟੈਂਕੀ ਧਰਨਾ ਅੱਜ 16 ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ| ਅੱਜ ਯੂਨੀਅਨ ਵੱਲੋਂ ਪਟਿਆਲਾ ਵਿਖੇ ਇੱਕ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ| ਜਿਸ ਵਿੱਚ ਲੱਗਭਗ ਸਾਰੇ ਪੰਜਾਬ ਦੇ 700 ਸੌ ਤੋਂ ਵੱਧ ਬੇਰੋਜ਼ਗਾਰ ਡੀ ਪੀ ਈ ਅਧਿਆਪਕਾਂ ਨੇ ਹਿੱਸਾ ਲਿਆ| ਇਹ ਰੋਸ ਰੈਲੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਕੀ ਨੰਬਰ ਫਾਟਕ ਹੁੰਦੇ ਹੋਏ ਲੀਲਾ ਭਵਨ ਤੋਂ ਫੁਆਰਾ ਚੌਂਕ ਡੇਢ ਵਜੇ ਤੱਕ ਦੋ ਘੰਟੇ ਜਾਮ ਕੀਤਾ ਗਿਆ|
ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਘੁਮਾਣ ਨੇ ਦੱਸਿਆ ਕਿ ਦੋ ਘੰਟਿਆਂ ਦੀ ਸਖਤ ਮੁਸ਼ੱਕਤ ਕਰਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਪਟਿਆਲਾ ਨੇ ਯੂਨੀਅਨ ਨੂੰ 6 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਪੈਨਲ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਵਾਅਦਾ ਕੀਤਾ| ਉਹਨਾਂ ਦੱਸਿਆ ਕਿ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਯੂਨੀਅਨ ਨੇ ਆਪਣਾ ਰੋਸ ਮਾਰਚ ਫੁਹਾਰਾ ਚੌਂਕ ਵਿੱਚ ਹੀ ਸਮਾਪਤ ਕਰ ਦਿੱਤਾ| ਉਹਨਾਂ ਕਿਹਾ ਕਿ ਯੂਨੀਅਨ ਵਲੋਂ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਹੈ ਕਿ ਜੇਕਰ ਇਹ ਮੀਟਿੰਗ ਸਾਡੇ ਬੇ ਸਿੱਟਾ ਹੁੰਦੀ ਹੈ ਤਾਂ ਯੂਨੀਅਨ ਵਲੋਂ 7 ਤਰੀਕ ਨੂੰ ਤਿੱਖਾ ਸੰਘਰਸ਼ ਵਿਢਿਆ ਜਾਵੇਗਾ ਅਤੇ ਟੈਂਕੀ ਧਰਨਾ ਲਗਾਤਾਰ ਜਾਰੀ ਰਹੇਗਾ|

Leave a Reply

Your email address will not be published. Required fields are marked *