ਬੇਰੋਜ਼ਗਾਰੀ ਅਤੇ ਮਹਾਂਮਾਰੀ ਦੇ ਦੌਰ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਵਿੱਦਿਆਂ ਦੇ ਵਪਾਰੀਕਰਨ ਦੇ ਨਾਮ ਤੇ ਕੀਤੀ ਜਾਂਦੀ ਲੁੱਟ ਖਸੁੱਟ ਖਤਮ ਕਰਨ ਦੀ ਮੰਗ

ਐਸ.ਏ.ਐਸ ਨਗਰ, 2 ਜੂਨ (ਸ.ਬ.) ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ, ਆਲ ਪੇਰੈਂਟਸ                 ਐਸੋਸੀਏਸ਼ਨ ਰਾਜਪੁਰਾ ਅਤੇ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਮਹੀਨਾਵਾਰ ਸਕੂਲ ਫੀਸਾਂ ਕਿਤਾਬਾਂ ਵਰਦੀਆਂ ਅਤੇ ਸਾਲਾਨਾ ਖਰਚਿਆਂ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਖਸੁੱਟ ਤੇ ਰੋਕ ਲਗਾਉਣ ਲਈ ਕਦਮ ਚੁੱਕੇ ਜਾਣ ਅਤੇ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਕੂਲਾਂ ਵਲੋਂ ਮੰਗੀਆਂ ਜਾਂਦੀਆਂ ਭਾਰੀ ਭਰਕਮ ਫੀਸਾਂ ਤੇ ਕਾਬੂ ਕੀਤਾ ਜਾਵੇ| 
ਇਸ ਸੰਬੰਧੀ ਆਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ, ਪੰਜਾਬ          ਅਗੇਂਸਟ ਕਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ  ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਦੌਰਾਨ ਵੱਡੀ ਗਿਣਤੀ ਨੌਜਵਾਨ ਮਾਪੇ ਬੇਰੁਜ਼ਗਾਰ ਹੋ ਗਏ ਹਨ ਅਤੇ ਕਈ ਮਾਪਿਆਂ ਨੂੰ ਸਮੇਂ ਪੂਰੀ ਤਨਖਾਹ ਨਹੀਂ ਮਿਲੀ| ਸਕੂਲ ਵੀ ਇਸ ਦੌਰਾਨ ਪੂਰੀ ਤਰ੍ਹਾਂ ਬੰਦ ਹਨ ਜਿਸ ਕਾਰਨ ਸਕੂਲਾਂ ਦਾ ਤਾਂ ਕੋਈ ਵੀ ਬਿਜਲੀ, ਪਾਣੀ, ਆਵਾਜਾਈ ਆਦਿ ਦਾ ਖਰਚ ਨਹੀਂ ਹੋਇਆ ਪਰੰਤੂ ਫਿਰ ਵੀ ਕੁਝ ਸਕੂਲ, ਮਾਪਿਆਂ ਕੋਲੋਂ ਟੇਢੇ-ਮੇਢੇ ਢੰਗ ਨਾਲ ਪੂਰੀਆਂ ਫੀਸਾਂ ਵਸੂਲਣ ਦੇ ਹੀਲੇ ਵਰਤ ਰਹੇ ਹਨ|
ਉਹਨਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਤਾਲਾਬੰਦੀ ਦੇ ਸਮੇਂ ਦੌਰਾਨ ਸਕੂਲ ਫੀਸਾਂ ਲਈ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱਤੇ ਹਨ ਅਤੇ ਉਨ੍ਹਾਂ ਦੇ ਬਿਆਨਾਂ ਵਿੱਚ ਸਪੱਸ਼ਟਤਾ ਨਾ ਹੋਣ ਕਾਰਨ ਵੀ ਮਾਪਿਆਂ ਵਿੱਚ ਵੱਡੀ ਬੇਚੈਨੀ ਪਾਈ ਜਾ ਰਹੀ ਹੈ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਹੁਣ ਤੱਕ ਜੋ ਵੀ ਹੁਕਮ ਪਾਸ ਕੀਤੇ ਗਏ ਹਨ ਉਨ੍ਹਾਂ ਦੇ ਆਧਾਰ ਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕੀਤੇ ਹੋਏ ਹਨ ਜਿਨ੍ਹਾਂ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਅਤੇ ਸਕੂਲ              ਐਸੋਸੀਏਸ਼ਨਾਂ ਦੇ ਵਕੀਲ ਹੀ ਪੇਸ਼ ਹੋਏ ਪਰੰਤੂ ਚੱਲਦੇ ਕੇਸ ਦੌਰਾਨ ਪੀੜਤ ਮਾਪਿਆਂ ਨੂੰ ਪੱਖ ਰੱਖਣ ਦਾ ਹੁਣ ਤੱਕ ਕੋਈ  ਮੌਕਾ ਨਹੀਂ ਮਿਲਿਆ ਅਤੇ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਜੋ ਅਦਾਲਤੀ ਹੁਕਮ ਪਾਸ ਹੋਏ ਸਨ ਉਨ੍ਹਾਂ ਦੀ ਆੜ ਵਿੱਚ ਕਈ ਸਕੂਲ ਗੁੰਮਰਾਹ ਕਰਕੇ ਵੱਖ-ਵੱਖ ਤਰੀਕੇ ਨਾਲ ਫੀਸਾਂ ਦੀ ਵਸੂਲੀ ਕਰਨ ਲਈ ਮਾਪਿਆਂ ਉੱਤੇ ਦਬਾਅ ਪਾ ਰਹੇ ਹਨ|
ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਜਦੋਂ ਤਾਲਾਬੰਦੀ ਸਮੇਂ ਸਕੂਲ ਬੰਦ ਹਨ ਅਤੇ ਸਕੂਲਾਂ ਦੇ ਵੱਡੇ ਖਰਚੇ ਨਹੀਂ ਹੋਏ| ਜਿਆਦਾਤਰ ਸਕੂਲ  ਆਨਲਾਈਨ ਪੜ੍ਹਾਈ ਵੀ ਠੀਕ ਤਰੀਕੇ ਨਾਲ ਨਹੀਂ ਕਰਵਾ ਰਹੇ ਅਤੇ ਬਹੁਤੇ ਸਕੂਲ ਸਿਰਫ਼ ਮੋਬਾਈਲ ਫੋਨਾਂ ਉੱਤੇ ਫੋਟੋਆਂ ਖਿੱਚ ਕੇ ਬੱਚਿਆਂ ਨੂੰ ਹੋਮਵਰਕ ਭੇਜ ਰਹੇ ਹਨ ਜਿਸ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਨੂੰ ਘੱਟ ਅਤੇ ਮਾਪਿਆਂ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਸਾਰੇ ਮਾਪਿਆਂ ਤੋਂ ਸਕੂਲ ਦੀਆਂ ਫ਼ੀਸਾਂ ਮੰਗਣੀਆਂ ਸਰਾਸਰ ਗ਼ਲਤ ਹਨ|
ਉਹਨਾਂ ਦੱਸਿਆ ਕਿ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ, ਆਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਅਤੇ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਵੱਲੋਂ ਹੁਣ ਇਸ ਸੰਬੰਧੀ ਆਪਣੇ ਵਕੀਲਾਂ ਰਾਹੀਂ ਮਾਪਿਆਂ ਦੇ ਪੱਖ ਅਦਾਲਤ ਵਿੱਚ ਰੱਖੇ ਜਾਣਗੇ| ਇਸ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਸ੍ਰੀ ਆਰ ਐਸ ਬੈਂਸ ਅਤੇ ਲਵਨੀਤ ਠਾਕੁਰ ਵੱਲੋਂ ਅਦਾਲਤ ਵਿੱਚ ਕੇਸ ਦੀ ਪੈਰਵਾਈ ਕੀਤੀ           ਜਾਵੇਗੀ|
ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਨੇ ਦੱਸਿਆ ਕਿ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਮਾਪਿਆਂ ਨੂੰ ਲੁੱਟ ਖਸੁੱਟ ਤੋਂ ਬਚਾਉਣ ਲਈ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ| ਇਸ ਮੌਕੇ ਬੰਟੀ ਖਾਨਪੁਰ, ਲਵਨੀਤ ਠਾਕੁਰ, ਸੁਖਜਿੰਦਰ ਸੁੱਖੀ,  ਬਲਜਿੰਦਰ ਸਿੰਘ ਅਬਦਲਪੁਰ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *