ਬੈਂਕਾਂ ਰਾਹੀਂ ਮਿਲਣ ਵਾਲੀਆਂ ਸੁਵਿਧਾਵਾਂ ਪ੍ਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ: ਸਿੱਧੂ

ਐਸ.ਏ.ਐਸ.ਨਗਰ 15 ਮਾਰਚ (ਸ.ਬ.) ਬੈਂਕਾਂ ਰਾਹੀਂ ਮਿਲਣ ਵਾਲੀਆਂ ਸੁਵਿਧਾਵਾਂ ਪ੍ਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਕਰਜ਼ੇ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ: ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਉਹਨਾਂ ਕਿਹਾ ਕਿ ਬੈਂਕ ਅਧਿਕਾਰੀ ਆਮ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਬਜਾਏ ਉਨ੍ਹਾਂ ਪ੍ਰਤੀ ਹਾਂ ਪੱਖੀ ਰਵੱਈਆ ਅਪਣਾਉਣ ਅਤੇ ਹਰੇਕ ਨੂੰ ਇਨਸਾਫ ਦਿੱਤਾ ਜਾਵੇ ਜਿਸ ਨਾਲ ਉਨ੍ਹਾਂ ਦੇ ਬੈਂਕ ਦੀ ਲੋਕਪ੍ਰਿਅਤਾ ਵੀ ਵੱਧਦੀ ਹੈ| ਉਨ੍ਹਾਂ ਕਿ ਅਜੋਕੇ ਯੁੱਗ ਵਿੱਚ ਬੈਂਕਾਂ ਦਾ ਮਹੱਤਵਪੂਰਨ ਰੋਲ ਹੈ ਅਤੇ ਬੈਂਕਾਂ ਰਾਹੀਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਂਦਾ ਹੈ ਇਸ ਲਈ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਵੀ ਬਣਦੀ ਹੈ| ਉਨ੍ਹਾਂ ਹੋਰ ਕਿਹਾ ਕਿ ਆਰਸੈਟੀ ਰਾਹੀਂ ਪਿੰਡਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਸਵੈ ਰੁਜ਼ਗਾਰ ਕਿੱਤਿਆਂ ਦੀ ਸਿਖਲਾਈ ਦੇਣ ਦੀ ਲੋੜ ਤੇ ਜੋਰ ਦਿੱਤਾ| ਸ੍ਰੀ ਸਿੱਧੂ ਨੇ ਹੋਰ ਕਿਹਾ ਕਿ ਜ਼ਿਲ੍ਹੇ ਵਿੱਚ ਡੇਅਰੀ ਦੀਆਂ ਹੋਰ ਵਧੇਰੇ ਸੰਭਾਵਨਾਵਾਂ ਮੌਜੂਦ ਹਨ ਅਤੇ ਡੇਅਰੀ ਧੰਦੇ ਨੂੰ ਸ਼ੁਰੂ ਕਰਨ ਲਈ ਲੋਕਾਂ ਨੂੰ ਸਬਸਿਡੀ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਏ ਜਾਣ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਕੁਮਾਰ ਗਰਗ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਵਿੱਚ ਪ੍ਰਾਈਵੇਟ ਬੈਂਕਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ| ਉਨ੍ਹਾਂ ਹੋਰ ਕਿਹਾ ਕਿ ਬੈਂਕ ਅਧਿਕਾਰੀ ਆਪਣੇ ਬੈਂਕਾਂ ਅਤੇ ਏ.ਟੀ.ਐਮਾਂ ਵਿੱਚ ਸੁਰੱਖਿਆ ਗਾਰਡਾਂ ਨੂੰ ਯਕੀਨੀ ਬਣਾਉਣ ਅਤੇ ਸੀ.ਸੀ. ਟੀ.ਵੀ ਕੈਮਰੇ ਵੀ ਲਗਵਾਏ ਜਾਣ| ਇਸ ਮੌਕੇ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ, ਸਰਕਲ ਦਫਤਰ ਪਟਿਆਲਾ ਸ੍ਰੀ ਡੀ.ਐਸ. ਵਰਮਾ ਨੇ ਸਮੂਹ ਬੈਂਕਾਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਉਹ ਮਿੱਥੇ ਟਿਚਿਆਂ ਨੂੰ 100 ਫੀਸਦੀ ਮੁਕੰਮਲ ਕਰਨ ਨੂੰ ਯਕੀਨੀ ਬਣਾਉਣਗੇ| ਚੀਫ ਲੀਡ ਬੈਂਕ ਮੈਨੇਜਰ ਸ੍ਰੀ ਸੰਜੀਵ ਅਗਰਵਾਲ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਰਸੈਟੀ ਰਾਹੀਂ 6267 ਵਿਅਕਤੀਆਂ ਨੂੰ ਸਵੈ ਰੁਜ਼ਗਾਰ ਕਿੱਤਿਆਂ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਸਟੈਂਡ ਅੱਪ ਇੰਡੀਆ ਪ੍ਰੋਗਰਾਮ ਤਹਿਤ 134 ਵਿਅਕਤੀਆਂ ਨੂੰ 1683 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ| ਮੀਟਿੰਗ ਵਿੱਚ ਚੇਅਰਪਰਸ਼ਨ ਜ਼ਿਲ੍ਹਾ ਪਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀਕਲਾਂ, ਡੀ.ਡੀ.ਐਮ ਨਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾ, ਡੀ.ਐਸ.ਪੀ.ਅਮਰੋਜ ਸਿੰਘ, ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *